ਸਫ਼ਾਈ ਸੇਵਕ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ
ਸਫ਼ਾਈ ਸੇਵਕ ਯੂਨੀਅਨ ਬ੍ਰਾਂਚ ਮਾਨਸਾ ਵੱਲੋਂ
Publish Date: Thu, 07 May 2026 06:38 PM (IST)
Updated Date: Thu, 07 May 2026 06:41 PM (IST)
- ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਲੱਗੇ ਜਗ੍ਹਾ-ਜਗ੍ਹਾ ’ਤੇ ਕੂੜੇ ਦੇ ਢੇਰ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ। ਇਨ੍ਹਾਂ ਸਫ਼ਾਈ ਸੇਵਕ ਯੂਨੀਅਨ ਦੀ ਹਮਾਇਤ ’ਤੇ ਥ੍ਰੀ ਡੀ ਸੁਸਾਇਟੀ ਦੇ ਆਗੂ ਅਤੇ ਵਰਕਰ ਵੀ ਆਏ ਅਤੇ ਵਿਧਾਇਕ ਡਾ. ਵਿਜੇ ਸਿੰਗਲਾ ਦੀ ਰਹਾਇਸ਼ ਨਜ਼ਦੀਕ ਰੋਸ ਵੀ ਜਤਾਇਆ। ਇਸ ਦੌਰਾਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਸਫ਼ਾਈ ਸੇਵਕਾਂ ਨੇ ਮੰਗਾਂ ਪੂਰੀਆਂ ਕੀਤੇ ਜਾਣ ਦੀ ਮੰਗ ਕੀਤੀ। ਇਸ ਦੀ ਅਗਵਾਈ ਲੋਕਲ ਪ੍ਰਧਾਨ ਪ੍ਰਵੀਨ ਕੁਮਾਰ ਵੱਲੋਂ ਕੀਤੀ ਗਈ। ਧਰਨੇ ਵਿੱਚ ਸਮੂਹ ਆਊਟਸੋਰਸ ਅਤੇ ਰੈਗੂਲਰ ਸਫ਼ਾਈ ਕਰਮਚਾਰੀਆਂ ਵੱਲੋਂ ਦਫ਼ਤਰ ਨਗਰ ਕੌਂਸਲ ਮਾਨਸਾ ਵਿਖੇ ਪਹਿਲਾਂ ਧਰਨਾ ਦਿੱਤਾ ਗਿਆ।
ਇਸ ਦੌਰਾਨ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ ਰੱਤੀ, ਸੈਕਟਰੀ ਸਫ਼ਾਈ ਸੇਵਕ ਯੂਨੀਅਨ ਮਾਨਸਾ ਮਨੋਜ ਕੁਮਾਰ, ਮੀਤ ਪ੍ਰਧਾਨ ਵਿਨੋਦ ਕੁਮਾਰ ਚੇਤਨ, ਜ਼ਿਲ੍ਹਾ ਸੈਕਟਰੀ ਸੁਖਦੇਵ ਸਿੰਘ, ਰਾਜ ਕੁਮਾਰ ਅਤੇ 3ਡੀ ਸੁਸਾਇਟੀ ਦੇ ਪ੍ਰਧਾਨ ਰਾਮਪਾਲ ਵੱਲੋਂ ਧਰਨੇ ਦਾ ਸਹਿਯੋਗ ਕੀਤਾ ਗਿਆ। ਇਸ ਦੇ ਬਾਅਦ ਮਿਉਂਸੀਪਲ ਪਾਰਕ ਤੋਂ ਚੱਲ ਕੇ ਬਾਰ੍ਹਾਂ ਹੱਟਾਂ ਚੌਂਕ, ਸਿਵਲ ਹਸਪਤਾਲ ਤੋਂ ਹੁੰਦੇ ਹੋਏ ਡਾ. ਵਿਜੈ ਸਿੰਗਲਾ ਦੀ ਕੋਠੀ ਕੋਲ ਹੁੰਦੇ , ਗੁਰਦੁਆਰਾ ਚੌਂਕ ਤੋਂ ਮੇਨ ਬਜ਼ਾਰ ਹੁੰਦੇ ਹੋਏ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਵਿੱਚ ਵਿਸ਼ੇਸ਼ ਤੌਰ ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਰੂਪ ਚੰਦ ਪਰੋਚਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਕੁਲਵਿੰਦਰ ਕੌਰ, ਸਮਾਜ ਸੇਵੀ ਪਾਲਾ ਰਾਮ ਪਰੋਚਾ ਅਤੇ ਬਲਵਿੰਦਰ ਸਿੰਘ ਜ਼ਿਲ੍ਹਾਂ ਪ੍ਰਧਾਨ ਆਊਟਸੋਰਸ ਯੂਨੀਅਨ ਆਦਿ ਵੱਲੋਂ ਆਊੁਟਸੋਰਸ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰੀਆਂ ਕਰਨ ਸਬੰਧੀ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।