ਸਫ਼ਾਈ ਸੇਵਕ ਯੂਨੀਅਨ ਨੇ ਮਨਾਇਆ ਮਜ਼ਦੂਰ ਦਿਵਸ
ਸਰਦੂਲਗੜ੍ਹ ਵਿੱਚ ਸਫਾਈ ਸੇਵਕ ਯੂਨੀਅਨ
Publish Date: Fri, 01 May 2026 06:34 PM (IST)
Updated Date: Sat, 02 May 2026 04:11 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਫ਼ਾਈ ਸੇਵਕ ਯੂਨੀਅਨ ਵਲੋਂ ਮਜ਼ਦੂਰ ਦਿਵਸ ਧੂਮਧਾਮ ਨਾਲ ਮਨਾਇਆ। ਸ਼ਹਿਰ ਵਿਚ ਝੰਡਾ ਮਾਰਚ ਕੱਢਿਆ ਗਿਆ। ਇਹ ਭਗਵਾਨ ਵਾਲਮੀਕਿ ਮੰਦਿਰ ਤੋਂ ਸ਼ੁਰੂ ਹੋਇਆ ਅਤੇ ਦਫ਼ਤਰ ਨਗਰ ਪੰਚਾਇਤ ਵਿੱਚ ਲਾਲ ਝੰਡਾ ਲਹਿਰਾਇਆ ਗਿਆ। ਇਸ ਮੌਕੇ ਰਣਜੀਤ ਸਿੰਘ ਨਾਗਰਾ ਸੂਬਾ ਪ੍ਰਧਾਨ, ਵਾਲਮੀਕੀ ਸਮਾਜ ਸਭਾ (ਇੰਡੀਆ) ਨੇ ਕਿਹਾ ਕਿ 1886 ਵਿੱਚ ਸ਼ਿਕਾਗੋ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਤੇ ਗੋਲੀਬਾਰੀ ਕੀਤੀ ਗਈ ਤਾਂ ਉਸ ਮੌਕੇ ਮਜ਼ਦੂਰਾਂ ਦੇ ਹੱਥ ਵਿੱਚ ਫੜ੍ਹਿਆ ਸਫ਼ੈਦ ਝੰਡਾ ਖੂਨ ਨਾਲ ਲਾਲ ਹੋ ਗਿਆ। ਇਸ ਬਾਅਦ ਇਹ ਲਾਲ ਰੰਗ ਦਾ ਝੰਡਾ ਮਜ਼ਦੂਰਾਂ ਨੇ ਚੁੱਕਿਆ। ਲੰਬਾ ਸਮਾਂ ਬੀਤ ਜਾਣ ਬਾਅਦ ਅੱਜ ਵੀ ਦੇਸ਼ ਦੀਆਂ ਸਰਕਾਰਾਂ ਵੱਲੋਂ ਮਜ਼ਦੂਰਾਂ ਦੇ ਹੱਕ ਦੀ ਗੱਲ ਨਹੀ ਕੀਤੀ ਜਾ ਰਹੀ। ਇਹ ਬਹੁਤ ਮੰਦਭਾਗਾ ਹੈ।
ਇਸ ਮੌਕੇ ਕਾਮਰੇਡ ਲਾਲ ਚੰਦ ਨੇ ਬੋਲਦਿਆਂ ਕਿਹਾ ਕਿ ਸਰਕਾਰਾਂ ਪਿਛਲੇ ਲੰਬੇ ਸਮੇਂ ਤੋਂ ਮਜ਼ਦੂਰ ਦੀ ਮਜ਼ਦੂਰੀ ਵਧਾਉਣ ਲਈ ਕੋਈ ਉਪਰਾਲਾ ਨਹੀਂ ਕਰ ਰਹੀ, ਜਦੋਂਕਿ ਮਹਿੰਗਾਈ ਦਿਨ ਬ ਦਿਨ ਵਧਦੀ ਜਾ ਰਹੀ ਹੈ। ਵਿਦੇਸ਼ਾਂ ਵਿੱਚ ਚੱਲ ਰਹੀ ਜੰਗ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਇਹ ਜੰਗ ਜਲਦੀ ਬੰਦ ਹੋਣੀ ਚਾਹੀਦੀ ਹੈ ਇਸ ਨਾਲ ਸਭ ਤੋਂ ਵੱਧ ਨੁਕਸਾਨ ਮਜ਼ਦੂਰ ਵਰਗ ਦਾ ਹੋ ਰਿਹਾ ਹੈ। ਆਪ ਆਗੂ ਪੰਕਜ ਗਰਗ ਟਾਟਾ ਨੇ ਕਿਹਾ ਕਿ ਮਜ਼ਦੂਰ ਸਾਡੀ ਰੀੜ੍ਹ ਦੀ ਹੱਡੀ ਹੈ ਇਸ ਤੋਂ ਬਿਨਾਂ ਰੋਜ਼ਾਨਾ ਹੋਣ ਵਾਲੇ ਸੈਂਕੜੇ ਕੰਮ ਅਧੂਰੇ ਹਨ ਸਾਨੂੰ ਸਾਡੇ ਮਜ਼ਦੂਰ ਵਰਗ ਤੋਂ ਨਫਰਤ ਨਹੀਂ ਸਗੋਂ ਸਨਮਾਨ ਅਤੇ ਪਿਆਰ ਦੇਣਾ ਚਾਹੀਦਾ ਹੈ। ਸਫਾਈ ਸੇਵਕ ਯੂਨੀਅਨ ਦਾ ਜਿਲ੍ਹਾ ਪ੍ਰਧਾਨ ਸਤਪਾਲ ਸਿੰਘ, ਪੱਪੀ ਧਮਾਕਾ, ਬਲਜਿੰਦਰ ਸਿੰਘ, ਸੁਖਪਾਲ ਕੌਰ ਪ੍ਰਧਾਨ ਵਾਲਮੀਕਿ ਭਵਨ ਵੈਲਫੇਅਰ ਕਮੇਟੀ ਸਰਦੂਲਗੜ੍ਹ ਤੋਂ ਇਲਾਵਾ ਵੱਡੀ ਗਿਣਤੀ ’ਚ ਮਜ਼ਦੂਰ ਭਾਈਚਾਰਾ ਹਾਜ਼ਰ ਸੀ।