Sad News : ਭੀਖੀ ਨੇੜੇ ਨਹਿਰ ‘ਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ
ਅੱਜ ਉਸ ਸਮੇਂ ਸੋਗ ਦੀ ਲਹਿਰ ਫ਼ੈਲ ਗਈ, ਜਦ ਵਗਦੀ ਭੀਖੀ ਨਹਿਰ ’ਚ ਡੁੱਬਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੀ ਮਦਦ ਅਤੇ ਗੋਤਾਖੋਰਾਂ ਦੇ ਸਹਿਯੋਗ ਨਾਲ ਲੱਭਿਆ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ।
Publish Date: Sat, 25 Apr 2026 08:33 PM (IST)
Updated Date: Sat, 25 Apr 2026 08:36 PM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਅੱਜ ਉਸ ਸਮੇਂ ਸੋਗ ਦੀ ਲਹਿਰ ਫ਼ੈਲ ਗਈ, ਜਦ ਵਗਦੀ ਭੀਖੀ ਨਹਿਰ ’ਚ ਡੁੱਬਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੀ ਮਦਦ ਅਤੇ ਗੋਤਾਖੋਰਾਂ ਦੇ ਸਹਿਯੋਗ ਨਾਲ ਲੱਭਿਆ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ।
ਇੱਥੇ ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ (15) ਪੁੱਤਰ ਅਜੈਬ ਸਿੰਘ ਵਾਸੀ ਢੈਪਈ ਅਤੇ ਭੀਖੀ ਨਿਵਾਸੀ ਸੁਖਪ੍ਰੀਤ ਸਿੰਘ (16) ਪੁੱਤਰ ਰਾਮਫ਼ਲ ਸਿੰਘ ਪਿੰਡ ਸਮਾਉਂ ‘ਚ ਨਹਿਰ ਦੇ ਪੁਲ ਕੋਲ ਨਹਾਉਣ ਲਈ ਗਏ ਸਨ। ਗੁਰਵਿੰਦਰ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਦਸਵੀਂ ’ਚ ਪੜ੍ਹਦਾ ਸੀ, ਜਦੋਂਕਿ ਸੁਖਪ੍ਰੀਤ ਸਿੰਘ ਇਕਲੌਤਾ ਪੁੱਤਰ ਸੀ ਅਤੇ ਉਹ ਦਸਵੀਂ ’ਚ ਪੜ੍ਹਦਾ ਸੀ। ਇਹ ਦੋਨੋਂ ਵਿਦਿਆਰਥੀ ਭੀਖੀ ਦੇ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਸਨ। ਪਰਿਵਾਰਕ ਮੈਂਬਰਾਂ ਨੂੰ ਜਦ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ। ਇਨ੍ਹਾਂ ਵਿਦਿਆਰਥੀਆਂ ਦੇ ਨਹਿਰ ਵਿੱਚ ਰੁੜ੍ਹ ਜਾਣ ’ਤੇ ਲੋਕਾਂ, ਪ੍ਰਸ਼ਾਸਨ ਅਤੇ ਗੋਤਾਖੋਰਾਂ ਨੇ ਭਾਲ ਸ਼ੁਰੂ ਕਰ ਦਿੱਤੀ। ਕਈ ਘੰਟਿਆਂ ਬਾਅਦ ਪਿੰਡ ਫ਼ਰਵਾਹੀ ਦੇ ਜੋੜੇ ਪੁਲਾਂ ਕੋਲੋਂ ਦੋਵਾਂ ਦੀਆਂ ਤੈਰਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। ਉਧਰ ਭੀਖੀ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ‘ਤੇ ਬੀਐੱਨਐੱਸ 194 ਦੀ ਕਾਰਵਾਈ ਕੀਤੀ ਗਈ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਇਸ ਦੇ ਇਲਾਵਾ ਲੋਕਾਂ ਦਾ ਕਹਿਣਾ ਸੀ ਕਿ ਨਹਿਰਾਂ ਵਿੱਚ ਨੌਜਵਾਨਾਂ ਦੇ ਰੁੜਨ ਦੀਆਂ ਵੱਧ ਰਹੀਆਂ ਘਟਨਾਵਾਂ ਨੇ ਪ੍ਰਸ਼ਾਸਨ ਅਤੇ ਮਾਪਿਆਂ ਲਈ ਚਿੰਤਾ ਵਧਾ ਦਿੱਤੀ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਨਹਿਰ ਦੇ ਅਜਿਹੇ ਸੰਵੇਦਨਸ਼ੀਲ ਪੁਆਇੰਟਾਂ ‘ਤੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।