Sad News : ਰਾਸ਼ਟਰ ਪੱਧਰ ’ਤੇ ਖੇਡ ਚੁੱਕੇ ਮੁੱਕੇਬਾਜ਼ ਖਿਡਾਰੀ ਦੀ ਓਵਰਡੋਜ਼ ਨਾਲ ਮੌਤ, ਮਾਨਸਾ 'ਚ ਸੋਗ ਦੀ ਲਹਿਰ
ਮੁੱਕੇਬਾਜ਼ੀ ‘ਚ ਰਾਸ਼ਟਰੀ ਪੱਧਰ ’ਤੇ ਖੇਡ ਚੁੱਕੇ ਮੁੱਕੇਬਾਜ਼ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਇਸ ਨਾਲ ਮਾਨਸਾ ‘ਚ ਸੋਗ ਦੀ ਲਹਿਰ ਫ਼ੈਲ ਗਈ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Publish Date: Sat, 09 May 2026 06:20 PM (IST)
Updated Date: Sat, 09 May 2026 06:24 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੁੱਕੇਬਾਜ਼ੀ ‘ਚ ਰਾਸ਼ਟਰੀ ਪੱਧਰ ’ਤੇ ਖੇਡ ਚੁੱਕੇ ਮੁੱਕੇਬਾਜ਼ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਇਸ ਨਾਲ ਮਾਨਸਾ ‘ਚ ਸੋਗ ਦੀ ਲਹਿਰ ਫ਼ੈਲ ਗਈ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇੱਥੇ ਦੱਸਣਯੋਗ ਹੈ ਕਿ 20 ਸਾਲਾ ਨਵਦੀਪ ਸਿੰਘ ਰਾਸ਼ਟਰੀ ਪੱਧਰ ‘ਤੇ ਮੁੱਕੇਬਾਜ਼ੀ ਖੇਡ ਚੁੱਕਿਆ ਸੀ ਅਤੇ ਉਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਪਰਿਵਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ। ਮੁੱਕੇਬਾਜ਼ੀ ਵਿੱਚ ਕਈ ਮੈਡਲ ਜਿੱਤਣ ਵਾਲਾ ਖਿਡਾਰੀ ਨਵਦੀਪ ਸਿੰਘ ਆਖ਼ਿਰਕਾਰ ਨਸ਼ੇ ਦੇ ਅੱਗੇ ਜਿੰਦਗੀ ਹਾਰ ਗਿਆ। ਮ੍ਰਿਤਕ ਨੌਜਵਾਨ ਵਾਰਡ ਨੰਬਰ. 3 ਵਿੱਚ ਰਹਿੰਦਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਮੁੱਕੇਬਾਜ਼ ਸੀ ਅਤੇ ਕਈ ਮੈਡਲ ਜਿੱਤ ਚੁੱਕਿਆ ਸੀ। ਪਰ ਨਸ਼ੇ ਨੇ ਉਸ ਦੇ ਪੁੱਤਰ ਨੂੰ ਖਾ ਲਿਆ।
ਉਸ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਉਹ ਚਲਾ ਗਿਆ। ਕਿਸੇ ਦਾ ਹੋਰ ਪੁੱਤ ਨਾ ਮਰੇ ਤੇ ਨਸ਼ਾ ਵੇਚਣ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਧਰ ਨਸ਼ੇ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੇ ਕਿਹਾ ਕਿ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ। ਬੀਤੇ ਕੱਲ੍ਹ ਜਦੋਂ ਮਾਨਸਾ ਵਿੱਚ ਮੁੱਖ ਮੰਤਰੀ ਸੰਬੋਧਨ ਕਰ ਰਹੇ ਸੀ ਤਾਂ ਦੂਜੇ ਪਾਸੇ ਮਾਪਿਆਂ ਦਾ ਇਕਲੌਤਾ ਪੁੱਤ ਨਸ਼ੇ ਦੀ ਭੇਂਟ ਚੜ੍ਹ ਚੁੱਕਿਆ ਸੀ। ਉਨ੍ਹਾਂ ਕਿਹਾ ਨਸ਼ਿਆਂ ਖਿਲਾਫ਼ ਯੁੱਧ ਚਲਾਉਣ ਦੇ ਦਾਅਵੇ ਕਰਨ ਵਾਲੇ ਪਤਾ ਨਹੀਂ ਕਿੱਥੇ ਯੁੱਧ ਚਲਾ ਰਹੇ ਹਨ। ਪਤਾ ਨਹੀਂ ਕਿਉਂ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਨਸ਼ਾ ਤਸਕਰਾਂ ਤੇ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਨੌਜਵਾਨ ਇਸੇ ਤਰ੍ਹਾਂ ਮੌਤ ਦੇ ਮੂੰਹ ਵਿੱਚ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਤਰੁੰਤ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾਵੇ।
ਥਾਣਾ ਸਿਟੀ 2 ਦੇ ਇੰਚਾਰਜ ਗੁਰਤੇਜ ਸਿੰਘ ਨੇ ਕਿਹਾ ਕਿ ਨੌਜਵਾਨ ਨਵਦੀਪ ਸਿੰਘ ਦੀ ਮੌਤ ਹੋਣ ਸਬੰਧੀ ਸੂਚਨਾ ਮਿਲੀ ਸੀ। ਪਰਿਵਾਰ ਦੇ ਬਿਆਨਾਂ ਤੇ ਜਿਨ੍ਹਾਂ ਵਿਅਕਤੀਆਂ ਤੋਂ ਉਸਨੇ ਨਸ਼ਾ ਲੈ ਕੇ ਸੇਵਨ ਕੀਤਾ ਸੀ। ਉਨ੍ਹਾਂ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।