ਤੇਲ ਤੇ ਗੈਸ ਦੇ ਭਾਅ ’ਚ ਵਾਧੇ ਨੂੰ ਲੈ ਕੇ ਲਾਇਆ ਧਰਨਾ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਗੈਸ ਤੇ ਤੇਲ ਦੇ
Publish Date: Mon, 18 May 2026 07:50 PM (IST)
Updated Date: Tue, 19 May 2026 04:10 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਗੈਸ ਤੇ ਤੇਲ ਦੇ ਰੇਟਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਆਰਐਮਪੀਆਈ ਅਤੇ ਸੀਪੀਆਈ ਐੱਮਐਲ ਲਿਬਰੇਸ਼ਨ ਦੇ ਸੱਦੇ ਤੇ ਬੱਸ ਸਟੈਂਡ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਲਏ ਇਸ ਲੋਕ ਵਿਰੋਧੀ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਤੇਲ ਗੈਸ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਲਿਆ ਜਾਵੇ ਅਤੇ ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ। ਖੇਤੀ ਵਰਤੋਂ ਵਾਲੀਆਂ ਖਾਦਾਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਰੋਕਿਆ ਜਾਵੇ। ਇਨ੍ਹਾਂ ’ਤੇ ਸਬਸਿਡੀ ’ਚ ਵਾਧਾ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਅੱਜ ਦੇਸ਼ ਡੂੰਘੇ ਆਰਥਿਕ ਸੰਕਟ ਵਿੱਚ ਫ਼ਸ ਚੁੱਕਾ ਹੈ, ਜਿਸ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਕਰਕੇ ਰੁਪਏ ਦੀ ਕੀਮਤ ਡਿੱਗਣ ਨਾਲ ਦੇਸ਼ ਦੀ ਅਰਥਵਿਵਸਥਾ ਡਾਵਾਂਡੋਲ ਹੋ ਗਈ ਹੈ। ਵਪਾਰਕ ਘਾਟਾ ਵੱਧ ਗਿਆ ਹੈ। ਕਾਰਪੋਰੇਟ ਘਰਾਣਿਆਂ ਨੂੰ ਬੇਸ਼ਕੀਮਤੀ ਸੋਮੇ ਕੌਡੀਆਂ ਦੇ ਭਾਅ ਲੁਟਾਏ ਜਾ ਰਹੇ ਹਨ। ਬੈਂਕਾਂ ਵਿੱਚੋਂ ਨਕਦੀ ਗ਼ਾਇਬ ਹੋ ਗਈ ਹੈ। ਕਈ ਬੈਂਕ ਦਿਵਾਲੀਆਂ ਹੋਣ ਦੀ ਕਗਾਰ ‘ਤੇ ਪਹੁੰਚ ਗਏ ਹਨ। ਅਡਾਨੀਆ, ਅੰਬਾਨੀਆ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵਿਦੇਸ਼ਾਂ ਵਿਚ ਕਾਰੋਬਾਰ ਲਈ ਭਾਰਤੀ ਲੋਕਾਂ ਦੇ ਧਨ ਨੂੰ ਲੁਟਾਕੇ ਦੇਸ਼ ਨੂੰ ਕੰਗਾਲ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ 19 ਮਈ ਤੋਂ 28 ਮਈ ਤੱਕ ਲੋਕਾਂ ਕੋਲ ਚੱਲੋ ਮੁਹਿੰਮ ਦੇ ਤਹਿਤ ਪਿੰਡ ਪਿੰਡ ਦੋਹਾਂ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਧਰਨਾਕਾਰੀਆਂ ਨੇ ਗੈਸ ਸਿਲੰਡਰ ਸੜਕ ਉਪਰ ਰੱਖਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਮਰੇਡ ਲਾਲ ਚੰਦ, ਗੁਰਮੀਤ ਸਿੰਘ ਨੰਦਗੜ੍ਹ, ਗੁਰਦੇਵ ਸਿੰਘ ਲੋਹਗੜ੍ਹ, ਦਰਸ਼ਨ ਸਿੰਘ ਦਾਨੇਵਾਲਾ, ਬੰਸੀ ਲਾਲ, ਸੁਖਜੀਤ ਸਿੰਘ, ਸੰਦੀਪ ਸਿੰਘ, ਦਰਸ਼ਨ ਸਿੰਘ ਸਰਦੂਲਗੜ੍ਹ ਨੇ ਸੰਬੋਧਨ ਕੀਤਾ।