ਇਨਕਲਾਬੀ ਸੰਗਠਨਾਂ ਵੱਲੋਂ ਪ੍ਰੋਫ਼ੈਸਰ ਵੜੈਚ ਨੂੰ ਸ਼ਰਧਾਂਜਲੀ ਭੇਟ
ਸੀਪੀਆਈ ਐਮ ਐਲ ਲਿਬਰੇਸ਼ਨ
Publish Date: Sat, 09 May 2026 06:16 PM (IST)
Updated Date: Sun, 10 May 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੀਪੀਆਈ ਐਮਐਲ ਲਿਬਰੇਸ਼ਨ, ਰੈਡੀਕਲ ਪੀਪਲਜ਼ ਫ਼ੋਰਮ, ਪ੍ਰਗਤੀਸ਼ੀਲ ਇਸਤਰੀ ਸਭਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਆਇਸਾ ਅਤੇ ਇਨਕਲਾਬੀ ਨੌਜਵਾਨ ਸਭਾ ਵੱਲੋਂ ਸਦੀਵੀ ਵਿਛੋੜਾ ਦੇ ਗਏ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਉਠੀਆਂ ਇਨਕਲਾਬੀ ਲਹਿਰਾਂ ਦੇ ਇਤਿਹਾਸ ਦੇ ਅਣਥੱਕ ਖੋਜੀ ਤੇ ਪ੍ਰਸਿੱਧ ਇਤਿਹਾਸਕਾਰ ਪ੍ਰੋਫ਼ੈਸਰ ਮਲਵਿੰਦਰ ਜੀਤ ਸਿੰਘ ਵੜੈਚ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਨ੍ਹਾਂ ਸੰਗਠਨਾਂ ਦੇ ਆਗੂਆਂ ਕਾਮਰੇਡ ਨਛੱਤਰ ਸਿੰਘ ਖੀਵਾ, ਸੁਖਦਰਸ਼ਨ ਸਿੰਘ ਨੱਤ, ਬਲਵਿੰਦਰ ਸਿੰਘ ਘਰਾਂਗਣਾ, ਜਸਬੀਰ ਕੌਰ ਨੱਤ, ਸੁਖਜੀਤ ਰਾਮਾਨੰਦੀ ਤੇ ਹੈਪੀ ਮਾਨ ਨੇ ਵਿਛੜ ਗਏ ਵਿਦਵਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਖ਼ੁਦ ਨੂੰ 'ਗਦਰੀ ਬਾਬਿਆਂ ਦਾ ਮੁਨਸ਼ੀ' ਕਹਿਣ ਵਾਲੇ ਪ੍ਰੋਫੈਸਰ ਵੜੈਚ-ਜਿਨ੍ਹਾਂ ਕਰੀਬ ਤੀਹ ਸਾਲ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਪੜ੍ਹਾਇਆ। ਉਨ੍ਹਾਂ ਡੂੰਘੀ ਖੋਜ ਤੋਂ ਬਾਅਦ ਇਨਕਲਾਬੀ ਲਹਿਰਾਂ ਬਾਰੇ ਤੀਹ ਤੋਂ ਵੱਧ ਕਿਤਾਬਾਂ ਲਿਖੀਆਂ। ਖ਼ਾਸ ਕਰਕੇ ਉਨ੍ਹਾਂ ਬੜੇ ਤਰਦੱਦ ਨਾਲ ਲਾਹੌਰ ਹਾਈਕੋਰਟ ਤੋਂ ਫ਼ਾਇਲਾਂ ਤੇ ਫ਼ੈਸਲਿਆਂ ਦੀਆਂ ਨਕਲਾਂ ਮੰਗਵਾ ਕੇ ਲਾਹੌਰ ਸਾਜ਼ਿਸ਼ ਕੇਸ-1 ਤੇ ਲਾਹੌਰ ਸਾਜ਼ਿਸ਼ ਕੇਸ-2 ਬਾਰੇ ਵੱਡ ਆਕਾਰੀ ਪ੍ਰਮਾਣਿਕ ਤੇ ਦਸਤਾਵੇਜ਼ੀ ਕਿਤਾਬਾਂ ਸੰਪਾਦਤ ਕੀਤੀਆਂ, ਜੋ ਬਹੁਤ ਅਹਿਮ ਹਵਾਲਾ ਪੁਸਤਕਾਂ ਹਨ। ਅੱਜ 96 ਸਾਲ ਦੀ ਉਮਰੇ ਉਨ੍ਹਾਂ ਵੱਲੋਂ ਸਦੀਵੀ ਵਿਛੋੜਾ ਦੇ ਜਾਣ ਨਾਲ ਸਾਥੋਂ ਇਕ ਮਿਹਨਤੀ ਤੇ ਇਮਾਨਦਾਰ ਖੋਜੀ ਵਿਦਵਾਨ ਖੁੱਸ ਗਿਆ ਹੈ।