ਚੋਰੀ ਦੀ ਕਾਰ 17 ਸੌ ’ਚ ਵੇਚੀ, ਦੋ ਕਾਬੂ
ਰਾਜਸਥਾਨ ਨੰਬਰੀ ਸਵਿਫ਼ਟ
Publish Date: Tue, 10 Mar 2026 09:35 PM (IST)
Updated Date: Wed, 11 Mar 2026 04:15 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਰਾਜਸਥਾਨ ਨੰਬਰੀ ਸਵਿਫ਼ਟ 15 ਮਾਡਲ ਕਾਰ ਚੋਰੀ ਕਰਕੇ ਅੱਗੇ 5 ਹਜ਼ਾਰ ਦਾ ਸੌਦਾ ਤੈਅ ਕਰ 17 ਸੌ ਦੇਣ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਮਾਨਸਾ ਪੁਲਿਸ ਦੀ ਠੂਠਿਆਂਵਾਲੀ ਚੌਂਕੀ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ੱਕਤ ਦੇ ਨਾਲ ਕਾਰ ਚੋਰੀ ਕਰਨ ਵਾਲੇ ਇੱਕ ਮੁਲਜ਼ਮ ਅਤੇ 17 ਸੌ ’ਚ ਕਾਰ ਲੈਣ ਵਾਲੇ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਇੱਕ ਸਾਥੀ ਅਜੇ ਫ਼ਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੇਰ ਸ਼ਾਮ ਪ੍ਰੈਸ ਕਾਨਫ੍ਰੈਂਸ ਕਰਦਿਆਂ ਦੱਸਿਆ ਕਿ 27 ਫ਼ਰਵਰੀ 2026 ਨੂੰ ਠੂਠਿਆਂਵਾਲੀ ਦੇ ਢਾਬੇ ’ਤੇ ਸੰਦੀਪ ਕੁਮਾਰ ਪੁੱਤਰ ਮਹਾਵੀਰ ਪ੍ਰਸ਼ਾਦ ਹਨੂੰਮਾਨਗੜ੍ਹ ਰਾਜਸਥਾਨ ਖਾਣਾ ਖਾ ਰਹੇ ਸਨ। ਉਨ੍ਹਾਂ ਗੱਡੀ ’ਚ ਆਪਣਾ ਮੋਬਾਈਲ ਚਾਰਜ ਲਗਾਇਆ ਹੋਇਆ ਸੀ ਅਤੇ ਉਥੋਂ ਸਵਿਫ਼ਟ ਗੱਡੀ ਨੂੰ ਕੋਈ ਚੋਰੀ ਕਰਕੇ ਲੈ ਗਿਆ। ਇਸ ਦੀ ਇਤਲਾਹ ਮੁਦੱਈ ਸੰਦੀਪ ਕੁਮਾਰ ਨੇ ਠੂਠਿਆਂਵਾਲੀ ਚੌਂਕੀ ਦੇ ਏਐੱਸਆਈ ਮੱਖਣ ਸਿੰਘ ਨੂੰ ਦਿੱਤੀ। ਉਨ੍ਹਾਂ ਨੇ ਅੱਗੇ ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਦੇ ਧਿਆਨ ’ਚ ਲਿਆਂਦਾ। ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਇਸ ਦੇ ਬਾਅਦ ਨਾਮਾਲੂਮਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ। ਸੀਸੀਟੀਵੀ ਕੈਮਰੇ ਖੰਗਾਲੇ ਗਏ। ਭੈਣੀਬਾਘਾ ਤੋਂ ਉੱਭਾ ਨੂੰ ਜਾਂਦੇ ਹੋਏ ਦੋ ਜਣਿਆਂ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਗਿਆ। ਇਨ੍ਹਾਂ ਦੀ ਸ਼ਨਾਖ਼ਤ ਸੰਦੀਪ ਉਰਫ਼ ਮਜਾਕੀ ਵਾਸੀ ਭੈਣੀ ਚੂਹੜ ਤੇ ਬੱਬੂ ਰਾਮ ਵਾਸੀ ਪੀਰ ਕੋਟ ਵੱਜੋਂ ਹੋਈ ਹੈ। ਇਹ ਕਾਰ ਸੰਦੀਪ ਸਿੰਘ ਉਰਫ਼ ਮਜਾਕੀ ਵਾਸੀ ਭੈਣੀ ਚੂਹੜ ਅਤੇ ਕਾਲਾ ਧਨੋਲਾ ਵੱਲੋਂ ਚੋਰੀ ਕੀਤੀ ਗਈ ਸੀ। ਬਾਅਦ ਵਿੱਚ ਇਹ ਕਾਰ ਬੱਬੂ ਰਾਮ ਨਾਲ 5 ਹਜ਼ਾਰ ਰੁਪਏ ’ਚ ਸੌਦਾ ਤੈਅ ਕਰ ਲਿਆ ਅਤੇ 1700 ’ਚ ਹੀ ਦੇ ਦਿੱਤੀ। ਹੁਣ ਇਹ ਸੰਦੀਪ ਸਿੰਘ ਉਰਫ਼ ਮਚਾਕੀ ਅਤੇ ਬੱਬੂ ਰਾਮ ਨੂੰ ਉੱਭਾ ਦੇ ਨੇੜੇ ਇਸ ਗੱਡੀ ’ਤੇ ਜਾਂਦੇ ਹੋਇਆ ਨੂੰ ਕਾਬੂ ਕਰ ਲਿਆ ਗਿਆ ਹੈ। ਅਦਾਲਤ ’ਚ ਪੇਸ਼ ਕੀਤਾ ਸੀ ਤੇ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ। ਇੰਨ੍ਹਾਂ ਦੇ ਸਬੰਧ ’ਚ ਤਫ਼ਤੀਸ਼ ਕੀਤੀ ਜਾਵੇਗੀ। ਤੀਜੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।