ਮੀਂਹ ਦੇ ਨਾਲ ਆਈ ਤੇਜ਼ ਹਨ੍ਹੇਰੀ ਨੇ ਮਧੋਲੀ ਕਣਕ ਦੀ ਫ਼ਸਲ
ਅੱਜ ਦਿਨ ਵੇਲੇ ਹਲਕੇ
Publish Date: Sun, 15 Mar 2026 08:25 PM (IST)
Updated Date: Mon, 16 Mar 2026 04:16 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਅੱਜ ਦਿਨ ਵੇਲੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਅਤੇ ਕਈ ਜਗ੍ਹਾ ਗੜ੍ਹੇ ਪਏ ਹਨ। ਮੀਂਹ ਦੇ ਨਾਲ ਝੁੱਲੀ ਤੇਜ਼ ਹਨੇਰੀ ਨੇ ਕਣਕ ਦੀ ਫ਼ਸਲ ਨੂੰ ਬੁਰ੍ਹੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ ਹੈ। ਮੌਸਮ ’ਚ ਆਈ ਇਸ ਤਬਦੀਲੀ ਨਾਲ ਤਾਪਮਾਨ ’ਚ ਵੀ ਕਾਫ਼ੀ ਗਿਰਾਵਟ ਆਈ ਹੈ। ਹਲਕਾ ਸਰਦੂਲਗੜ੍ਹ ਦੇ ਪਿੰਡ ਭੰਮੇ ਅਤੇ ਨੇੜਲੇ ਇਲਾਕਿਆਂ ’ਚ ਗੜ੍ਹੇ ਪੈਣ ਦੀ ਗੱਲ ਸਾਹਮਣੇ ਆਈ। ਲੰਘੇ ਹਫ਼ਤੇ ਦੌਰਾਨ ਤਾਪਮਾਨ ’ਚ ਇਕ ਦਮ ਵਾਧਾ ਹੋ ਗਿਆ ਸੀ, ਜਿਸ ਮਗਰੋਂ ਮੀਂਹ ਪੈਣ ਦੇ ਆਸਾਰ ਬਣੇ ਹੋਏ ਸਨ। ਕਿਸਾਨ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜੇਕਰ ਇਕੱਲਾ ਹਲਕਾ ਮੀਂਹ ਪੈਂਦਾ ਹੈ ਤਾਂ ਹਾਲ ਦੀ ਘੜੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਸੀ, ਪਰ ਮੀਂਹ ਦੇ ਨਾਲ ਚੱਲੀ ਤੇਜ਼ ਹਨੇਰੀ ਨੇ ਕਣਕ ਧਰਤੀ ’ਤੇ ਵਿਛਾ ਦਿੱਤੀ, ਜਿਸ ਨਾਲ ਨੁਕਸਾਨ ਝੱਲਣਾ ਪਵੇਗਾ ਉਨ੍ਹਾਂ ਦੱਸਿਆ ਕਿ ਕਣਕ ਤੋਂ ਇਲਾਵਾ ਸਰ੍ਹੋਂ ਅਤੇ ਸਬਜ਼ੀਆਂ ਦਾ ਵੀ ਨੁਕਸਾਨ ਹੋਇਆ ਹੈ।
-ਮਾਨਸਾ ਸ਼ਹਿਰ ਦੀਆਂ ਸੜਕਾਂ ’ਤੇ ਮੀਂਹ ਦਾ ਭਰਿਆ ਪਾਣੀ
ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਉਥੇ ਹੀ ਦੂਜੇ ਪਾਸੇ ਸ਼ਹਿਰ ਮਾਨਸਾ ’ਚ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਚੌਕ, ਚੁਗਲੀ ਘਰ ਅਤੇ ਹੋਰ ਕਈ ਜਗ੍ਹਾ ਪਾਣੀ ਜਮ੍ਹਾ ਹੋਣ ਕਾਰਨ ਉਸ ਵਿੱਚੋਂ ਲੰਘਦੇ ਸਮੇਂ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਮੁਸ਼ਕਲਾਂ ਨਾ ਆਉਣ।