ਸਥਾਨਕ ਗੁਰਦੁਆਰਾ ਰੋਡ ਅਤੇ ਰਾਮ ਬਾਗ

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸਥਾਨਕ ਗੁਰਦੁਆਰਾ ਰੋਡ ਅਤੇ ਰਾਮ ਬਾਗ ਰੋਡ ਦੇ ਚੱਲ ਰਹੇ ਨਵੀਨੀਕਰਨ ਦੇ ਕੰਮ ਦੀ ਗੁਣਵੱਤਾ ਜਾਂਚ ਕਰਨ ਲਈ 1 ਮਈ ਨੂੰ ਪਟਿਆਲਾ ਦੀ ਇੱਕ ਪ੍ਰਾਈਵੇਟ ਲੈਬੋਰੇਟਰੀ ਵਲੋਂ ਨਮੂਨੇ ਇਕੱਠੇ ਕੀਤੇ ਗਏ ਸਨ। ਇਸ ਵਿੱਚ ਮੋਟਾਈ ਦੀ ਜਾਂਚ ਲੈਬ ਵਲੋਂ ਮੌਕੇ 'ਤੇ ਹੀ ਕੀਤੀ ਗਈ ਸੀ ਅਤੇ ਤਾਕਤ ਦੀ ਜਾਂਚ ਕਰਨ ਲਈ ਪਟਿਆਲਾ ਦੀ ਲੈਬ ਵਿਖੇ ਸੋਮਵਾਰ ਦਾ ਦਿਨ ਮਿਥਿਆ ਗਿਆ ਸੀ। ਪਰ ਨਗਰ ਪੰਚਾਇਤ ਭੀਖੀ ਵਲੋਂ ਲੈਬ ਨੂੰ ਟੈਸਟਾਂ ਦੀ ਰਕਮ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਲੈਬ ਅਧਿਕਾਰੀਆਂ ਨੇ ਜਾਂਚ ਕਰਨ ਤੋਂ ਮਨ੍ਹਾ ਕਰ ਦਿੱਤਾ। ਰੇਲੀਐਂਟ ਇੰਜੀਨੀਅਰਜ ਅਤੇ ਕੰਸਲਟੈਂਟਸ ਦੇ ਇੰਜੀਨੀਅਰ ਸ਼ਿਵਮ ਸ਼ਰਮਾ ਨੇ ਦੱਸਿਆ ਕਿ ਨਗਰ ਪੰਚਾਇਤ ਭੀਖੀ ਵਲੋਂ ਇੱਕ ਪੱਤਰ ਭੇਜ ਕੇ ਭੀਖੀ ਦੀਆਂ ਦੋ ਨਵੀਆਂ ਬਣ ਰਹੀਆਂ ਪੀਸੀ ਸੜਕਾਂ ਗੁਰਦੁਆਰਾ ਰੋਡ ਅਤੇ ਰਾਮ ਬਾਗ ਰੋਡ 'ਚ ਠੇਕੇਦਾਰ ਵਲੋਂ ਲਗਾਏ ਜਾ ਰਹੇ ਮਟੀਰੀਅਲ ਦੀ ਗੁਣਵੱਤਾ ਜਾਂਚ ਲਈ ਲਿਖਿਆ ਗਿਆ ਸੀ ਅਤੇ ਇੱਕ ਮਈ ਨੂੰ ਲੈਬ ਵੱਲੋਂ ਭੀਖੀ ਵਿਖੇ ਜਾ ਕੇ ਸੜਕ ਦੇ ਨਮੂਨੇ ਲਏ ਗਏ ਸਨ। ਸੋਮਵਾਰ ਦਾ ਦਿਨ ਮਟੀਰੀਅਲ ਦੀ ਤਾਕਤ ਜਾਂਚ ਲਈ ਮਿਥਿਆ ਗਿਆ। ਇਸ ਜਾਂਚ ਲਈ ਸਹਾਇਕ ਮਿਉਂਸੀਪਲ ਇੰਜੀਨੀਅਰ ਗਗਨਦੀਪ ਸਿੰਘ, ਨਗਰ ਪੰਚਾਇਤ ਭੀਖੀ ਦੇ ਜੇ.ਈ. ਰਾਕੇਸ਼ ਕੁਮਾਰ ਅਤੇ ਸਬੰਧਤ ਠਕੇਦਾਰ ਪਹੁੰਚੇ ਸਨ ਤੇ ਦੂਜੇ ਪਾਸੇ ਗੁਣਵੱਤਾ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਭੀਖੀ ਤੋਂ ਵਿਰੋਧੀ ਧਿਰ ਦੇ ਕੋਂਸਲਰ ਹਰਪ੍ਰੀਤ ਸਿੰਘ ਚਹਿਲ ਅਤੇ ਕੌਂਸਲਰ ਸੁਰੇਸ਼ ਕੁਮਾਰ ਬਿੰਦਲ ਨੇ ਵੀ ਸ਼ਿਰਕਤ ਕੀਤੀ। ਸ਼ਿਵਮ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਸੈਂਪਲ ਟੈਸਟ ਕਰਨ ਤੋਂ ਪਹਿਲਾਂ ਨਗਰ ਪੰਚਾਇਤ ਦੇ ਜੇ.ਈ. ਰਾਕੇਸ਼ ਕੁਮਾਰ ਨੂੰ ਟੈਸਟਾਂ ਦੀ ਬਣਦੀ ਰਕਮ 35400/- ਰੁਪਏ ਅਦਾ ਕਰਨ ਲਈ ਬੇਨਤੀ ਕੀਤੀ ਕਿਉਂਕਿ ਨਗਰ ਪੰਚਾਇਤ ਵਲੋਂ ਟੈਸਟਾਂ ਲਈ ਅਜੇ ਤੱਕ ਕੋਈ ਅਦਾਇਗੀ ਨਹੀ ਕੀਤੀ ਗਈ ਸੀ ਤਾਂ ਜੇ.ਈ. ਵਲੋਂ ਜਲਦੀ ਹੀ ਇਸਦੀ ਅਦਾਇਗੀ ਕਰਵਾਉਣ ਦੀ ਗੱਲ ਆਖੀ ਗਈ ਤਾਂ ਲੈਬ ਇੰਜੀਨੀਅਰ ਸ਼ਿਵਮ ਸ਼ਰਮਾ ਨੇ ਗੁਣਵੱਤਾ ਜਾਂਚ ਕਰਨ ਤੋਂ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਜਿੰਨੀ ਦੇਰ ਅਦਾਇਗੀ ਨਹੀ ਹੋਵੇਗੀ ਉਨੀ ਦੇਰ ਜਾਂਚ ਨਹੀ ਕੀਤੀ ਜਾਵੇਗੀ। ਉਧਰ ਮੌਕੇ 'ਤੇ ਮੌਜੂਦ ਕੋਂਸਲਰ ਹਰਪ੍ਰੀਤ ਸਿੰਘ ਚਹਿਲ ਅਤੇ ਸੁਰੇਸ਼ ਕੁਮਾਰ ਬਿੰਦਲ ਨੇ ਰੋਸ ਪ੍ਰਗਟਾਇਆ ਕਿ ਜਦੋਂ ਜਾਂਚ ਹੀ ਨਹੀਂ ਕਰਵਾਉਣੀ ਸੀ ਤਾਂ ਸਮਾਂ ਮਿੱਥਣ ਦਾ ਕੀ ਫਾਇਦਾ ਸੀ ਅਤੇ ਉਨ੍ਹਾਂ ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੀ ਸ਼ੰਕਾ ਜਤਾਉਂਦਿਆਂ ਕਿਹਾ ਕਿ ਨਗਰ ਪੰਚਾਇਤ ਦੇ ਨੁਮਾਇੰਦੇ ਅਤੇ ਅਧਿਕਾਰੀ ਨਹੀਂ ਚਾਹੁੰਦੇ ਕਿ ਪਾਰਦਰਸ਼ੀ ਤਰੀਕੇ ਨਾਲ ਜਾਂਚ ਹੋਵੇ, ਜਿਸ ਕਾਰਨ ਆਨੇ ਬਹਾਨੇ ਟਾਲ ਮਟੋਲ ਕੀਤਾ ਜਾ ਰਿਹਾ ਹੈ। ਜਦੋਂ ਇਸ ਸਬੰਧੀ ਨਗਰ ਪੰਚਾਇਤ ਭੀਖੀ ਦੇ ਕਾਰਜ ਸਾਧਕ ਅਫਸਰ ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀ ਚੁੱਕਿਆ।