ਪਾਵਰਕੱਟਾਂ ਖ਼ਿਲਾਫ਼ ਕਿਸਾਨਾਂ ਨੇ ਜਤਾਇਆ ਰੋਸ
ਪੰਜਾਬ ਸਟੇਟ ਪਾਵਰ ਕਾਰਪੋਰੇਟ ਲਿਮਟਿਡ
Publish Date: Tue, 28 Apr 2026 05:53 PM (IST)
Updated Date: Wed, 29 Apr 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਟੇਟ ਪਾਵਰ ਕਾਰਪੋਰੇਟ ਲਿਮਟਿਡ ਵੱਲੋਂ ਘਰੇਲੂ ਅਤੇ ਖੇਤੀਬਾੜੀ ਬਿਜਲੀ ਸਪਲਾਈ ਦੇ ਲਗਾਏ ਜਾ ਰਹੇ ਲੰਬੇ ਤੇ ਅਣਐਲਾਨੇ ਕੱਟਾਂ ਦੇ ਵਿਰੋਧ ’ਚ ਇੱਥੇ ਬੀਕੇਯੂ ਏਕਤਾ ਡਕੌਂਦਾ ਵੱਲੋਂ ਐਕਸੀਅਨ ਦਫ਼ਤਰ ਬੁਢਲਾਡਾ ਅੱਗੇ ਰੋਸ ਧਰਨਾ ਦੇਣ ਉਪਰੰਤ ਚੇਅਰਮੈਨ ਪਾਵਰਕਾਮ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ, ਦੇਵੀਰਾਮ ਰੰਘੜਿਆਲ, ਗੁਰਜੰਟ ਸਿੰਘ ਮੰਘਾਣੀਆ, ਤੇਜ ਰਾਮ ਅਹਿਮਦਪੁਰ, ਗੁਰਮੇਲ ਸਿੰਘ ਆਦਿ ਨੇ ਕਿਹਾ ਕਿ ਬਲਾਕ ਦੇ ਪਿੰਡਾਂ ’ਚ ਬਿਜਲੀ ਸਪਲਾਈ ਦੀ ਹਾਲਤ ਬਹੁਤ ਮਾੜੀ ਹੈ। ਰਾਤ ਸਮੇਂ ਬਿਨਾਂ ਕਿਸੇ ਸੂਚਨਾ ਦੇ ਲਗਾਏ ਜਾ ਰਹੇ ਨਜਾਇਜ਼ ਕੱਟਾਂ ਕਾਰਨ ਭਿਆਨਕ ਗਰਮੀ ’ਚ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਆਗੂਆਂ ਨੇ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਪਿੰਡਾਂ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਦੂਜਾ ਖੇਤੀਬਾੜੀ ਸੈਕਟਰ ਲਈ ਬਿਜਲੀ ਨਾ ਮਿਲਣ ਕਰਕੇ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਸੁੱਕ ਰਿਹਾ ਹੈ ਅਤੇ ਮੱਕੀ ਦੀ ਫ਼ਸਲ ਨਾਜ਼ੁਕ ਹਾਲਤ ’ਚ ਹੈ।ਉਨ੍ਹਾਂ ਕਿਹਾ ਕਿ ਜੇਕਰ ਪਾਵਰ ਕਾਮ ਨੇ ਇਹ ਨਜਾਇਜ਼ ਕੱਟ ਤੁਰੰਤ ਬੰਦ ਨਾ ਕੀਤੇ ਤਾਂ ਜਥੇਬੰਦੀ ਭਵਿੱਖ ’ਚ ਸੰਘਰਸ਼ ਤੇਜ਼ ਕਰੇਗੀ ਤੇ ਦਫ਼ਤਰਾਂ ਦਾ ਘਿਰਾਓ ਵਰਗੇ ਸਖ਼ਤ ਕਦਮ ਚੁੱਕੇਗੀ। ਧਰਨੇ ਉਪਰੰਤ ਐਸਡੀਓ ਕੇਵਲ ਸਿੰਘ ਛੀਨਾ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪਾਲਾ ਸਿੰਘ ਕੁੱਲਰੀਆਂ, ਮਿੱਠੂ ਸਿੰਘ ਬਹਾਦਰਪੁ, ਕਾਕਾ ਸਿੰਘ ਗੁਰਨੇ ਖ਼ੁਰਦ, ਬਲਦੇਵ ਸਿੰਘ ਧਰਮਪੁਰਾ, ਲੀਲ੍ਹਾ ਸਿੰਘ ਕੁੱਲਰੀਆਂ ਆਦਿ ਹਾਜ਼ਰ ਸਨ।