ਪੰਜਾਬ ਸਕੂਲ ਸਿੱਖਿਆ ਬੋਰਡ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਦਸਵੀਂ ਦਾ ਨਤੀਜਾ ਐਲਾਨਿਆ ਗਿਆ ਹੈ। ਨਤੀਜੇ ‘ਚੋਂ ਮਾਨਸਾ ਜ਼ਿਲ੍ਹੇ ਦੀਆਂ 5 ਵਿਦਿਆਰਥਣਾਂ ਨੇ ਮੈਰਿਟ ਸੂਚੀ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਪੰਜਾਬ ਭਰ ’ਚੋਂ ਜ਼ਿਲ੍ਹਾ ਮਾਨਸਾ ਪਾਸ ਫ਼ੀਸਦੀ ਪੱਖੋਂ 14ਵੇਂ ਸਥਾਨ ’ਤੇ ਰਿਹਾ ਹੈ, ਜਦੋਂਕਿ ਮੈਰਿਟ ਸੂਚੀ ’ਚ ਜ਼ਿਲ੍ਹੇ ਦਾ 17ਵਾਂ ਸਥਾਨ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਨਤੀਜਾ ਸੂਚੀ ਮੁਤਾਬਕ ਜ਼ਿਲ੍ਹਾ ਮਾਨਸਾ ਦੇ 7749 ਵਿਦਿਆਰਥੀ ਪ੍ਰੀਖਿਆ ’ਚ ਹਾਜ਼ਰ ਹੋਏ ਸਨ, ਜਿੰਨ੍ਹਾਂ ’ਚੋਂ 7310 (94.33 ਫ਼ੀਸਦੀ) ਪਾਸ ਹੋਣ ’ਚ ਸਫ਼ਲ ਰਹੇ ਹਨ, ਜਿਨ੍ਹਾਂ ਪੰਜ ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਉਹ ਸਾਰੀਆਂ ਲੜਕੀਆਂ ਹਨ। ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਦੀ ਵਿਦਿਆਰਥਣ ਰੀਤੂ ਸ਼ਰਮਾ ਪੁੱਤਰੀ ਸੱਤਪਾਲ ਸਿੰਘ ਨੇ 650 ’ਚੋਂ 633 ਅੰਕ (97.38 ਫ਼ੀਸਦੀ) 12ਵਾਂ ਰੈਂਕ ਹਾਸਲ ਕਰਕੇ ਨਾ ਸਿਰਫ਼ ਮੈਰਿਟ ਸੂਚੀ ’ਚ ਆਪਣਾ ਨਾਂਅ ਦਰਜ ਕਰਵਾਇਆ, ਸਗੋਂ ਜ਼ਿਲ੍ਹੇ ’ਚੋਂ ਵੀ ਪਹਿਲਾ ਸਥਾਨ ਹਾਸਲ ਕਰਨ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਗਿਆਨ ਸਰੋਵਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਦੀ ਵਿਦਿਆਰਥਣ ਗੁਰਸ਼ਾਨ ਕੌਰ ਪੁੱਤਰੀ ਰਾਜਿੰਦਰ ਸਿੰਘ ਨੇ 629 ਅੰਕ (96.77 ਫ਼ੀਸਦੀ) 16ਵਾਂ ਰੈਂਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਖਿਆਲਾ ਕਲਾਂ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਅਮਰਜੀਤ ਸਿੰਘ ਨੇ 626 (96.31 ਫ਼ੀਸਦੀ) 20ਵਾਂ ਰੈਂਕ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀ ਵਿਦਿਆਰਥਣ ਪ੍ਰਾਚੀ ਪੁੱਤਰੀ ਗੌਰਵ ਗਰਗ ਨੇ 625 (96. 15 ਫ਼ੀਸਦੀ) 20ਵਾਂ ਰੈਂਕ ਅਤੇ ਸਰਕਾਰੀ ਹਾਈ ਸਕੂਲ ਮਾਖਾ ਚਹਿਲਾਂ ਦੀ ਵਿਦਿਆਰਥਣ ਅਕਾਸ਼ਦੀਪ ਕੌਰ ਨੇ 625 (96.15 ਫ਼ੀਸਦੀ) 20ਵਾਂ ਰੈਂਕ ਹਾਸਲ ਕਰਕੇ ਮੈਰਿਟ ਸੂਚੀ ’ਚ ਆਪਣਾ ਨਾਂਅ ਦਰਜ ਕਰਵਾਉਂਦਿਆਂ ਆਪਣੇ ਸਕੂਲ ਸਟਾਫ਼, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ।
-ਬਾਕਸ-
-ਐੱਨਡੀਏ ਦਾ ਪੇਪਰ ਪਾਸ ਕਰ ਕਰਨਾ ਚਾਹੁੰਦੀ ਹਾਂ ਦੇਸ਼ ਦੀ ਸੇਵਾ : ਰੀਤੂ ਸ਼ਰਮਾ
ਵਿਦਿਆਰਥਣ ਰੀਤੂ ਸ਼ਰਮਾ ਵੱਲੋਂ ਜ਼ਿਲ੍ਹੇ ‘ਚ ਅੱਵਲ ਆਉਣ ’ਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਵਿਦਿਆਰਥਣ ਦਾ ਕਹਿਣਾ ਹੈ ਕਿ ਉਹ ਐੱਨਡੀਏ ਦਾ ਪੇਪਰ ਪਾਸ ਕਰ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਇਸ ਬੱਚੇ ਦਾ ਟੀਚਾ ਆਈਏਐੱਸ ਜਾਂ ਪੀਸੀਐੱਸ ਦਾ ਪੇਪਰ ਪਾਸ ਕਰਨਾ ਹੈ। ਸਕੂਲ ਮੁਖੀ ਮਨਦੀਪ ਕੁਮਾਰ ਤੇ ਸਟਾਫ਼ ਨੇ ਵਿਦਿਆਰਥਣ ਦੇ ਘਰ ਜਾ ਉਸ ਦਾ ਮੂੰਹ ਮਿੱਠਾ ਕਰਵਾਇਆ। ਇਸ ਸਮੇਂ ਸਕੂਲ ਮੁਖੀ ਮਨਦੀਪ ਕੁਮਾਰ ਦਾ ਕਹਿਣਾ ਸੀ ਕਿ ਸਕੂਲ ਦੀ ਇਹ ਪ੍ਰਾਪਤੀ ਸਕੂਲ ਸਟਾਫ਼, ਵਿਦਿਆਰਥੀ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਕਰ ਕੇ ਸੰਭਵ ਹੋਈ ਹੈ। ਸਕੂਲ ਦੀ ਸਮਾਰਟ ਪੜ੍ਹਾਈ ਦਾ ਨਤੀਜਾ ਹੈ ਕਿ ਸਕੂਲ ਦੀ ਵਿਦਿਆਰਥਣ ਨੇ ਮੈਰਿਟ ਸੂਚੀ ’ਚ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਅਧਿਆਪਕ ਪਿਆਰਾ ਸਿੰਘ ਨੇ ਦੱਸਿਆ ਕਿ ਸਕੂਲ ਦੀ ਬੋਰਡ ਦੀ ਜਮਾਤ ਵਿੱਚ ਮੈਰਿਟ ਲਿਸਟ ਵਿੱਚ ਇਹ ਪਹਿਲੀ ਐਂਟਰੀ ਹੈ। ਸਕੂਲ ਹੁਣ ਆਸਵੰਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਕੂਲ ਅਕੈਡਮਿਕ ਪ੍ਰਾਪਤੀਆਂ ਵਿੱਚ ਵਿਲੱਖਣ ਪ੍ਰਾਪਤੀਆਂ ਕਰੇਗਾ ਤੇ ਆਉਣ ਵਾਲੇ ਸਮੇਂ ਵਿੱਚ ਸਕੂਲ ਦੀ ਮੈਰਿਟ ਸੂਚੀ ਹੋਰ ਲੰਮੀ ਹੋਵੇਗੀ।
-ਬਾਕਸ-
ਡਿਪਟੀ ਡੀਈਓ ਪਰਮਜੀਤ ਸਿੰਘ ਭੋਗਲ ਨਾਲ ਸੰਪਰਕ ਕਰਨ ’ਤੇ ਇਨ੍ਹਾਂ ਮੈਰਿਟ ’ਚ ਵਿਦਿਆਰਥੀਆਂ ਸਬੰਧੀ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਇਨ੍ਹਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ ਜਾਵੇਗੀ।