ਮੌਕ ਡਰਿੱਲ ਦੌਰਾਨ ਹਰ ਪਾਸੇ ਹੋਇਆ ਘੁੱਪ ਹਨੇਰਾ
ਅੱਜ ਮਾਨਸਾ ਸ਼ਹਿਰ ਵਿਖੇ ਸਿਵਲ
Publish Date: Fri, 24 Apr 2026 09:19 PM (IST)
Updated Date: Sat, 25 Apr 2026 04:13 AM (IST)
-ਸਿਵਲ ਪ੍ਰਸ਼ਾਸਨ, ਪੁਲਿਸ, ਡਿਫੈਂਸ, ਫਾਇਰ ਬ੍ਰਿਗੇਡ, ਸਿਹਤ ਸਮੇਤ ਹੋਰ ਵਿਭਾਗਾਂ ਦੀਆਂ ਤਿਆਰੀਆਂ ਦਾ ਕੀਤਾ ਅਭਿਆਸ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼ੁੱਕਰਵਾਰ ਰਾਤ ਨੂੰ ਮਾਨਸਾ ਸ਼ਹਿਰ ਵਿਖੇ ਸਿਵਲ ਡਿਫੈਂਸ ਏਅਰ ਰੇਡ ਮੌਕ ਡਰਿੱਲ ਡਿਪਟੀ ਕਮਿਸ਼ਨਰ ਨਵਜੋਤ ਕੌਰ ਦੀ ਰਹਿਨੁਮਾਈ ਹੇਠ ਕਰਵਾਈ। ਇਸ ਦੌਰਾਨ ਦੁਸ਼ਮਣਾਂ ਵੱਲੋ ਕੀਤੇ ਜਾਣ ਵਾਲੇ ਸੰਭਾਵੀ ਹਵਾਈ ਹਮਲੇ ਮੌਕੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੀ ਤਿਆਰੀ ਵਜੋਂ ਪ੍ਰਸ਼ਾਸਨ, ਪੁਲਿਸ, ਸਿਵਲ ਡਿਫੈਂਸ, ਪੰਜਾਬ ਹੋਮਗਾਰਡਜ਼, ਅੱਗ ਬੁਝਾਊ ਗੱਡੀਆਂ, ਸਿਹਤ, ਐਨ ਸੀ ਸੀ ਵਲੰਟੀਅਰਾਂ ਨੇ ਮੌਕ ਡਰਿੱਲ ਵਿਚ ਹਿੱਸਾ ਲਿਆ।
ਇਹ ਹਵਾਈ ਹਮਲਾ ਕਾਲਜ ‘ਤੇ ਹੋਇਆ ਦਰਸਾਇਆ ਗਿਆ। ਲੋਕਾਂ ਨੂੰ ਸੁਚੇਤ ਰਹਿਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕਰਵਾਈ ਇਸ ਐਕਸਰਸਾਈਜ਼ ਮੌਕੇ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਅਭਿਆਸ ਵਿੱਚ ਟੀਮਾਂ ਨੇ ਮੁਸਤੈਦੀ ਨਾਲ ਹਿੱਸਾ ਲਿਆ। ਇਸ ਸਬੰਧ ਵਿੱਚ ਸਾਇਰਨ ਵਜਾ ਕੇ ਬਲੈਕ ਆਊਟ ਕਰਦੇ ਹੋਏ ਇਹ ਅਭਿਆਸ ਸ਼ੁਰੂ ਹੋਇਆ।
ਬੱਸ ਅੱਡਾ ਤੇ ਛੋਟੀ ਮਾਨਸਾ ਵਾਲੇ ਪਾਸਿਓਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਉੱਤੇ ਪੁੱਜੀਆਂ ਅਤੇ ਹਮਲੇ ਨਾਲ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੇਵਾਵਾਂ ਪ੍ਰਦਾਨ ਕੀਤੀਆਂ। ਮੌਕ ਐਕਸਰਸਾਈਜ਼ 15 ਮਿੰਟ ਚੱਲੀ। ਇਸ ਦੌਰਾਨ ਅਭਿਆਸ ਕੀਤਾ ਕਿ ਜੇਕਰ ਹਵਾਈ ਹਮਲਾ ਹੋ ਜਾਵੇ ਅਤੇ ਜਿਹੜੇ ਲੋਕ ਜ਼ਖਮੀਂ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਵੇਂ ਮੁੱਢਲੀ ਸਹਾਇਤਾ ਦੇਣੀ ਹੈ ਅਤੇ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਉਣ ਲਈ ਕਿੰਨੀ ਮੁਸਤੈਦੀ ਦਿਖਾਉਣੀ ਹੈ।
ਬੱਸ ਅੱਡੇ ਤੋਂ ਛੋਟੀ ਮਾਨਸਾ ਦੇ ਰਸਤੇ ’ਚ ਕਰਵਾਈ ਮੌਕ ਐਕਸਰਸਾਈਜ਼ ਦੇ ਹਿੱਸੇ ਵਜੋਂ ਸੰਭਾਵੀ ਹਵਾਈ ਹਮਲੇ ਦੇ ਗੰਭੀਰ ਜਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਲਿਜਾਇਆ ਤੇ ਤੁਰੰਤ ਇਲਾਜ ਸੁਵਿਧਾਵਾਂ ਦਿੱਤੀਆਂ ਗਈਆਂ। ਇਸ ਹਵਾਈ ਹਮਲੇ ਦੌਰਾਨ ਕੋਈ ਇਮਾਰਤ ਨੁਕਸਾਨਗ੍ਰਸਤ ਹੋ ਜਾਂਦੀ ਹੈ ਤਾਂ ਉਸ ਵਿੱਚ ਫਸੇ ਲੋਕਾਂ ਨੂੰ ਜਾਂ ਜ਼ਖਮੀ ਹੋਏ ਲੋਕਾਂ ਨੂੰ ਕਿਵੇਂ ਬਚਾਉਣਾ ਹੈ, ਇਸ ਸਬੰਧੀ ਪੰਜਾਬ ਹੋਮਗਾਰਡਜ਼ ਅਤੇ ਸਿਵਲ ਡਿਫੈਂਸ ਦੀ ਰੈਸਕਿਊ ਟੀਮ ਨੇ ਵੱਖ-ਵੱਖ ਢੰਗਾਂ ਨਾਲ ਕਰਕੇ ਦਿਖਾਇਆ। ਅੱਗ ਲੱਗਣ ਦੀ ਸੂਰਤ ’ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਣੀ ਦੀਆਂ ਬੁਛਾਰਾਂ ਨਾਲ ਅੱਗ ਨੂੰ ਬੁਝਾਇਆ।
ਡੀਸੀ ਨਵਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੌਕ ਡਰਿੱਲ ਕਰਵਾਉਣ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਲਜੀਤ ਕੌਰ, ਐਸਪੀਐਚ ਔਲਖ, ਡੀਐੱਸਪੀ ਪੁਸ਼ਪਿੰਦਰ ਸਿੰਘ ਗਿੱਲ, ਪੰਜਾਬ ਹੋਮ ਗਾਰਡਜ਼ ਦੇ ਇੰਸਪੈਕਟਰ ਗੁਰਸੇਵਕ ਸਿੰਘ, ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਕਾਰਜਸਾਧਕ ਅਫਸਰ ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।