ਰਾਮਬਾਗ ਰੋਡ ’ਤੇ ਬੈਂਕ

-ਮਾਨਸਾ ਵਿਖੇ ਸੜਕਾਂ ’ਤੇ ਲੱਗੇ ਗੰਦਗੀ ਤੇ ਕੂੜੇ ਦੇ ਢੇਰ, ਲੋਕਾਂ ਦਾ ਜਿਉਣਾ ਹੋਇਆ ਮੁਹਾਲ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸੜਕਾਂ ‘ਤੇ ਪਏ ਕੂੜੇ ਦੇ ਢੇਰਾਂ ਕਾਰਨ ਮਾਨਸਾ ਬਸ਼ਿੰਦਿਆਂ ਦਾ ਜਿਉਣਾ ਦੁਭਰ ਹੋ ਗਿਆ ਹੈ। ਬਦਬੂ ਮਾਰਦੇ ਕੂੜੇ ਦੇ ਢੇਰਾਂ ਕੋਲੋਂ ਜਿੱਥੇ ਲੰਘਣਾ ਆਮ ਲੋਕਾਂ ਦਾ ਮੁਸ਼ਕਲ ਹੋ ਜਾਂਦਾ ਹੈ, ਉਥੇ ਹੀ ਇਹ ਕੂੜਾ ਸੜਕਾਂ ਤੱਕ ਫੈਲਦਾ ਜਾ ਰਿਹਾ ਹੈ। ਇਸ ਕਾਰਨ ਆਵਾਜਾਈ ’ਚ ਵੀ ਵਿਘਨ ਪੈ ਰਿਹਾ ਹੈ ਤੇ ਬਿਮਾਰੀਆਂ ਦਾ ਵੀ ਖ਼ਦਸ਼ਾ ਪੈਦਾ ਹੋ ਗਿਆ ਹੈ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਫ਼ਾਈ ਸੇਵਕਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ, ਉਥੇ ਹੀ ਸਫ਼ਾਈ ਸੇਵਕਾਂ ਵੱਲੋਂ ਮਸਲੇ ਹੱਲ ਨਾ ਹੋਣ ਤੱਕ ਹੜਤਾਲ ਇਸੇ ਤਰ੍ਹਾਂ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ।
ਉਧਰ ਆਮ ਲੋਕਾਂ ਵੱਲੋਂ ਇਸ ਹੜਤਾਲ ਦੇ ਕਾਰਨ ਝੱਲਣੀਆਂ ਪੈ ਰਹੀਆਂ ਮੁਸ਼ਕਿਲਾਂ ਦੇ ਕਾਰਨ ਨਗਰ ਕੌਂਸਲ ਨੂੰ ਲਗਾਤਾਰ ਕੋਸਿਆ ਜਾ ਰਿਹਾ ਹੈ ਤੇ ਇਸ ਮਸਲੇ ਦਾ ਜਲਦ ਹੱਲ ਪੰਜਾਬ ਸਰਕਾਰ ਵੱਲੋਂ ਕੱਢੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਛੇਵੇਂ ਦਿਨ ‘ਚ ਦਾਖ਼ਲ ਹੋਈ ਹੜਤਾਲ ਅਜੇ ਵੀ ਜਾਰੀ ਹੈ। ਅੱਜ ਵੀ ਨਗਰ ਕੌਂਸਲ ਅੱਗੇ ਇਕੱਠੇ ਹੋ ਕੇ ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ।
ਸਫ਼ਾਈ ਸੇਵਕ ਯੂਨੀਅਨ ਪ੍ਰਧਾਨ ਸੰਜੀਵ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਾਈ ਸੇਵਕ ਯੂਨੀਅਨ ਪੰਜਾਬ ਬ੍ਰਾਂਚ ਮਾਨਸਾ ਵੱਲੋਂ ਆਪਣੀ ਮੰਗ 105 ਆਊਟਸੋਰਸ ਸਫ਼ਾਈ ਮੁਲਾਜ਼ਮਾਂ ਨੂੰ ਕੰਟ੍ਰੈਕਟ ‘ਤੇ ਕਰਨ ਅਤੇ ਇਸ ਤੋਂ ਇਲਾਵਾ ਕੰਪਿਊਟਰ ਅਪ੍ਰੇਟਰਾਂ, ਇਲੈਕਟ੍ਰਿਸ਼ਨ, ਮਾਲੀ, ਬੇਲਦਾਰ, ਕਲਰਕ ਆਦਿ ਨੂੰ ਵੀ ਪੱਕੇ ਕੀਤੇ ਜਾਣ ਸਬੰਧੀ ਇਹ ਕੰਮ ਛੋੜ ਹੜਤਾਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸਫਾਈ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ ਰੱਤੀ, ਸੈਕਟਰੀ ਸਫ਼ਾਈ ਸੇਵਕ ਯੂਨੀਅਨ ਬ੍ਰਾਂਚ ਮਾਨਸਾ ਮਨੋਜ ਕੁਮਾਰ , ਮੀਤ ਪ੍ਰਧਾਨ ਵਿਨੋਦ ਕੁਮਾਰ , ਜ਼ਿਲ੍ਹਾ ਸੈਕਟਰੀ ਸੁਖਦੇਵ ਮਲਿਕ, ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਮਸਲੇ ਜਦ ਤੱਕ ਹੱਲ ਨਹੀਂ ਕੀਤੇ ਜਾਂਦੇ। ਉਨ੍ਹਾਂ ਵੱਲੋਂ ਇਸੇ ਤਰ੍ਹਾਂ ਰੋਸ ਜਤਾਇਆ ਜਾਵੇਗਾ।
ਦੂਜੇ ਪਾਸੇ ਲੋਕਾਂ ਦਾ ਆਖਣਾ ਹੈ ਕਿ ਰੋਜ਼ਾਨਾ ਕੂੜੇ ਦੇ ਢੇਰ ਸੜਕਾਂ ’ਤੇ ਵੱਧ ਰਹੇ ਹਨ ਅਤੇ ਆਮ ਲੋਕ ਪ੍ਰੇਸ਼ਾਨੀਆਂ ’ਚ ਘਿਰੇ ਹੋਏ ਹਨ। ਬਿਮਾਰੀਆਂ ਫੈਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਰਾਜੇਸ਼ ਕੁਮਾਰ ਨੇ ਕਿਹਾ ਕਿ ਜਦ ਇੰਨ੍ਹਾਂ ਕੂੜੇ ਦੇ ਢੇਰਾਂ ਕੋਲੋਂ ਕੋਈ ਲੰਘਦਾ ਹੈ ਤਾਂ ਉਨ੍ਹਾਂ ਨੂੰ ਆਪਣਾ ਮੂੰਹ ਢੱਕਣਾ ਪੈਂਦਾ ਹੈ। ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਸਫ਼ਾਈ ਸੇਵਕ ਯੂਨੀਅਨ ਦੇ ਮਸਲੇ ਛੋਟੇ ਹਨ। ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦਾ ਵਿਸ਼ਵਾਸ ਅਧਿਕਾਰੀਆਂ ਵੱਲੋਂ ਦਿਵਾਇਆ ਜਾਂਦਾ ਰਿਹਾ ਹੈ, ਪਰ ਅਜੇ ਹੱਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਸ਼ਹਿਰ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਕੂੜੇ ਦੇ ਢੇਰ ਵੱਧਣ ਦੇ ਕਾਰਨ ਬਿਮਾਰੀਆਂ ਦਾ ਖਦਸ਼ਾ ਵੀ ਪੈਦਾ ਹੋ ਰਿਹਾ ਹੈ। ਇਸ ਦਾ ਜਲਦ ਹੱਲ ਕੀਤਾ ਜਾਵੇ। ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ ਸੁਨੀਲ ਕੁਮਾਰ ਨੀਨੂ ਦਾ ਕਹਿਣਾ ਹੈ ਕਿ ਇੰਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਵਾਇਆ ਜਾਵੇਗਾ ਅਤੇ ਜਲਦ ਮਸਲੇ ਹੱਲ ਹੋਣਗੇ।