ਨਗਰ ਕੌਂਸਲ ਚੋਣਾਂ ਦੇ ਐਲਾਨੇ ਨਤੀਜਿਆਂ

-ਨਗਰ ਕੌਂਸਲ ਚੋਣ ਬੁਢਲਾਡਾ ’ਚ ਆਪ-7, ਸ਼੍ਰੋਮਣੀ ਅਕਾਲੀ ਦਲ-5, ਕਾਂਗਰਸ-2, ਬਸਪਾ-1 ਤੇ ਆਜ਼ਾਦ ਦੇ 4 ਉਮੀਦਵਾਰ ਰਹੇ ਜੇਤੂ
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਨਗਰ ਕੌਂਸਲ ਚੋਣਾਂ ਦੇ ਐਲਾਨੇ ਨਤੀਜਿਆਂ ’ਚ ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਜਿੱਤਣ ਨਾਲ ਜਿੱਥੇ ਸ਼ਹਿਰ ਅੰਦਰ ਵੱਡੀ ਧਿਰ ਵਜੋਂ ਸਾਹਮਣੇ ਆ ਰਹੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਦੇ 5 ਉਮੀਦਵਾਰ, ਕਾਂਗਰਸ ਦੇ 2 ਉਮੀਦਵਾਰ, ਬਸਪਾ 1 ਉਮੀਦਵਾਰ ਤੋਂ ਇਲਾਵਾ 4 ਅਜ਼ਾਦ ਉਮੀਦਵਾਰ ਜੇਤੂ ਰਹੇ। ਆਉਣ ਵਾਲੇ ਸਮੇਂ ’ਚ ਪ੍ਰਧਾਨਗੀ ਦਾ ਤਾਜ ਕਿਸ ਧਿਰ ਸਿਰ ਸਜਦਾ ਹੈ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜਦੋਂ ਕਿ ਅਜ਼ਾਦ ਉਮੀਦਵਾਰ ਪ੍ਰਧਾਨਗੀ ਦੀ ਇੱਕ ਅਹਿਮ ਭੂਮਿਕਾ ਨਿਭਾਉਣਗੇ। ਨਤੀਜਿਆ ’ਚ ਆਪ ਪਾਰਟੀ ਦੇ ਵਾਰਡ ਨੰ. 2 ਤੋਂ ਗੁਰਪ੍ਰੀਤ ਸਿੰਘ ਵਿਰਕ, ਵਾਰਡ ਨੰ. 7 ਤੋਂ ਸਿਮਰਜੀਤ ਕੌਰ, ਵਾਰਡ ਨੰ. 11 ਮਨਪ੍ਰੀਤ ਕੌਰ, ਵਾਰਡ ਨੰ. 12 ਤੋਂ ਸਤਨਾਮ ਸਿੰਘ ਖਨਾਲੀਆ, ਵਾਰਡ ਨੰ. 16 ਤੋਂ ਟਿੰਕੂ ਪੰਜਾਬ, ਵਾਰਡ ਨੰ. 18 ਤੋਂ ਸਤਨਾਮ ਸਿੰਘ, ਵਾਰਡ ਨੰ. 19 ਤੋਂ ਕਰਮਜੀਤ ਕੌਰ ਜੈਤੂ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਵਾਰਡ 3 ਤੋਂ ਪਰਮਜੀਤ ਕੌਰ, ਵਾਰਡ ਨੰ. 4 ਤੋਂ ਰਾਜੂ ਘੰਡ, ਵਾਰਡ ਨੰ. 8 ਤੋਂ ਯਾਦਵਿੰਦਰ ਯਾਦੂ, ਵਾਰਡ ਨੰ. 10 ਤੋਂ ਕਰਮਜੀਤ ਸਿੰਘ ਮਾਘੀ, ਵਾਰਡ ਨੰ. 15 ਤੋਂ ਸੁਖਵਿੰਦਰ ਕੌਰ ਸੁੱਖੀ ਜੈਤੂ ਰਹੇ।
ਇਸੇ ਤਰ੍ਹਾਂ ਕਾਂਗਰਸ ਦੇ 2 ਉਮੀਦਵਾਰ ਦੇ ਵਾਰਡ 13 ਤੋਂ ਸੁਖਜੀਤ ਕੌਰ, ਵਾਰਡ ਨੰ. 14 ਤੋਂ ਵਨੀਤ ਜਿੰਦਲ ਹੀ ਜੇਤੂ ਰਹੇ ਅਤੇ ਬਹੁਜਨ ਸਮਾਜ ਪਾਰਟੀ ਦੇ ਵਾਰਡ ਨੰ. 9 ਤੋਂ ਸੰਦੀਪ ਕੌਰ ਕਟਾਰੀਆ ਜੈਤੂ ਰਹੀ। ਇਸੇ ਤਰ੍ਹਾਂ ਅਜ਼ਾਦ ਉਮੀਦਵਾਰ ਵਾਰਡ ਨੰ. 1 ਤੋਂ ਜਗਸੀਰ ਸਿੰਘ ਰਾਏਕੇ, ਵਾਰਡ ਨੰ. 5 ਤੋਂ ਮਨਪ੍ਰੀਤ ਕੌਰ, ਵਾਰਡ ਨੰ. 6 ਤੋਂ ਬਲਵਿੰਦਰ ਸਿੰਘ ਬਿੰਦਰੀ, ਵਾਰਡ ਨੰ. 17 ਤੋਂ ਨੀਤੂ ਸ਼ਰਮਾਂ ਜੇਤੂ ਰਹੇ। ਜਦੋਂ ਕਿ ਇਨ੍ਹਾਂ ਚੋਣਾਂ ’ਚ ਭਾਜਪਾ ਆਪਣਾ ਖਾਤਾ ਨਾ ਖੋਲ੍ਹ ਸਕੀ। ਇਨ੍ਹਾਂ ਚੋਣਾਂ ’ਚ ਜਿੱਥੇ ਵਾਰਡ ਨੰ. 10 ਕਰਮਜੀਤ ਸਿੰਘ ਮਾਘੀ ਅਤੇ ਵਾਰਡ ਨੰ. 15 ਤੋਂ ਸੁਖਵਿੰਦਰ ਕੌਰ ਸੁੱਖੀ ਪਤੀ ਪਤਨੀ ਦੀ ਜਿੱਤ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੀ ਰਹੀ, ਉਥੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ ਖੁੱਦ ਹਾਰ ਗਏ, ਪਰੰਤੂ ਉਨ੍ਹਾਂ ਦੀ ਮਾਤਾ ਸੁਰਜੀਤ ਕੌਰ ਵਾਰਡ ਨੰ. 13 ਤੋਂ ਜੇਤੂ ਰਹੀ। ਜੇਤੂ ਉਮੀਦਵਾਰਾਂ ਵੱਲੋਂ ਸ਼ਹਿਰ ਅੰਦਰ ਜਿੱਤ ਦੇ ਜਸ਼ਨ ਮਨਾਏ ਗਏ, ਉਥੇ ਅਮਨ ਅਮਾਨ ਨਾਲ ਚੋਣਾਂ ਨੇਪਰੇ ਚੜ੍ਹਨ ’ਤੇ ਹਲਕਾ ਵਿਧਾਇਕ ਬੂੱਧ ਰਾਮ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸ਼ਹਿਰੀਆਂ ਦਾ ਧੰਨਵਾਦ ਕੀਤਾ ਗਿਆ। ਨਗਰ ਕੋਂਸਲ ਚੋਣਾਂ ਦੌਰਾਨ ਬੁਢਲਾਡਾ ਦੀਆਂ 23116 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ, ਜਿਨ੍ਹਾਂ ਵਿੱਚੋਂ 366 ਵੋਟਾਂ ਰੱਦ ਘੋਸ਼ਿਤ ਕੀਤੀਆਂ ਗਈਆਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ 6093 ਵੋਟਾਂ, ਸ਼੍ਰੋਮਣੀ ਅਕਾਲੀ ਦਲ 5098 ਵੋਟਾਂ, ਕਾਂਗਰਸ ਨੂੰ 4378 ਵੋਟਾਂ, ਭਾਜਪਾ 905 ਵੋਟਾਂ, ਬਸਪਾ 578 ਵੋਟਾਂ, 5582 ਵੋਟਾਂ ਅਜ਼ਾਦ ਉਮੀਦਵਾਰਾਂ ਦੇ ਹੱਕ ਵਿੱਚ ਭੁਗਤੀਆਂ। ਨੋਟਾਂ ਤੇ 116 ਵੋਟਾਂ ਨਿਕਲੀਆਂ।