ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਕਾਂਗਰਸ ਆਗੂਆਂ ਤੇ ਵਰਕਰਾਂ ਨੇ ਨਾ ਸਿਰਫ਼ ਮੁੱਖ ਮੰਤਰੀ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ, ਸਗੋਂ 1 ਮਈ ਨੂੰ ਪੰਜਾਬ ਵਿਧਾਨ ਸਭਾ ’ਚ ਵਾਪਰੀ ਇੱਕ ਕਥਿਤ ਘਟਨਾ ਨੂੰ ਲੈ ਕੇ ਗੰਭੀਰ ਦੋਸ਼ ਲਾਏ। ਕਾਂਗਰਸ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਹੁਣ ਸਿਰਫ਼ ਰਾਜਨੀਤਿਕ ਟਕਰਾਅ ਨਹੀਂ ਰਹਿ ਗਿਆ, ਸਗੋਂ ਇਸ ਨੇ ਵਿਧਾਨ ਸਭਾ ਦੀ ਮਰਿਆਦਾ, ਸਰਕਾਰੀ ਆਚਰਣ ਤੇ ਲੋਕਤੰਤਰਕ ਮੁੱਲਾਂ ‘ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਵੇਰੇ ਕਾਂਗਰਸ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਡੀਸੀ ਮਾਨਸਾ ਰਾਹੀਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇੱਕ ਵਿਸਥਾਰਪੂਰਵਕ ਮੰਗ ਪੱਤਰ ਭੇਜਿਆ। ਇਸ ਮੰਗ ਪੱਤਰ ਵਿੱਚ ਮੁੱਖ ਮੰਤਰੀ ‘ਤੇ ਦੋਸ਼ ਲਗਾਇਆ ਗਿਆ ਕਿ ਉਹ 1 ਮਈ, ਜੋ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਦੇ ਮੌਕੇ ’ਤੇ ਨਸ਼ੇ ਦੀ ਹਾਲਤ ’ਚ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ। ਕਾਂਗਰਸ ਨੇ ਇਸ ਘਟਨਾ ਨੂੰ “ਵਿਧਾਨ ਸਭਾ ਦੀ ਪਵਿੱਤਰਤਾ ਨਾਲ ਖਿਲਵਾੜ” ਕਰਾਰ ਦਿੰਦਿਆਂ ਕਿਹਾ ਕਿ ਇਹ ਨਾ ਸਿਰਫ਼ ਅਣਉਚਿਤ ਹੈ, ਸਗੋਂ ਲੋਕਤੰਤਰ ਦੀ ਮੂਲ ਆਤਮਾ ’ਤੇ ਸਿੱਧਾ ਹਮਲਾ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਇਹ ਵਰਤਾਰਾ ਬਹੁਤ ਹੀ ਨਿੰਦਣਯੋਗ ਹੈ ਅਤੇ ਇਸ ਦੀ ਕੜੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਉਹ ਮੰਚ ਹੈ ਜਿੱਥੇ ਲੋਕਾਂ ਦੇ ਮਸਲੇ ਸੁਣੇ ਜਾਂਦੇ ਹਨ, ਪਰ ਜੇ ਉੱਥੇ ਬੈਠਾ ਸਭ ਤੋਂ ਵੱਡਾ ਅਹੁਦੇਦਾਰ ਹੀ ਮਰਯਾਦਾ ਦੀ ਉਲੰਘਣ ਕਰੇ, ਤਾਂ ਇਹ ਬਹੁਤ ਹੀ ਗੰਭੀਰ ਮਾਮਲਾ ਬਣ ਜਾਂਦਾ ਹੈ। ਸਿੰਗਲਾ ਨੇ ਦਾਅਵਾ ਕੀਤਾ ਕਿ ਜਦੋਂ ਮੁੱਖ ਮੰਤਰੀ ਦੇ ਵਰਤਾਰੇ ‘ਤੇ ਸਵਾਲ ਉਠੇ, ਤਾਂ ਉਹ ਸਦਨ ਵਿੱਚੋਂ ਤੁਰੰਤ ਨਿਕਲ ਗਏ, ਜਿਸ ਕਾਰਨ ਉਨ੍ਹਾਂ ਦਾ ਮੈਡੀਕਲ ਟੈਸਟ ਨਹੀਂ ਹੋ ਸਕਿਆ। ਜੇਕਰ ਉਹ ਬੇਦਾਗ ਹਨ ਤਾਂ ਉਨ੍ਹਾਂ ਨੂੰ ਤੁਰੰਤ ਜਾਂਚ ਲਈ ਤਿਆਰ ਹੋਣਾ ਚਾਹੀਦਾ ਸੀ। ਉਨ੍ਹਾਂ ਇਸ ਮਾਮਲੇ ਨੂੰ ਸਿਰਫ਼ ਇੱਕ ਵਿਅਕਤੀਗਤ ਗਲਤੀ ਨਹੀਂ, ਸਗੋਂ ਪੂਰੇ ਪ੍ਰਸ਼ਾਸਨਿਕ ਪ੍ਰਣਾਲੀ ਲਈ ਇੱਕ ਖ਼ਤਰਾ ਕਰਾਰ ਦਿੱਤਾ। ਮੰਗ ਪੱਤਰ ਵਿੱਚ ਦਰਸਾਇਆ ਗਿਆ ਹੈ ਕਿ ਮੁੱਖ ਮੰਤਰੀ ਦੀਆਂ ਕੁਝ ਵੀਡੀਓਜ਼ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਉਹ ਨਸ਼ੇ ਦੇ ਭਾਰੀ ਅਸਰ ਹੇਠ ਦਿਖਾਈ ਦੇ ਰਹੇ ਹਨ ਅਤੇ ਢੰਗ ਨਾਲ ਨਾ ਬੋਲ ਸਕਦੇ ਹਨ ਤੇ ਨਾ ਹੀ ਖੜ੍ਹੇ ਰਹਿ ਸਕਦੇ ਹਨ। ਕਾਂਗਰਸ ਨੇ ਦਾਅਵਾ ਕੀਤਾ ਕਿ ਇਹ ਵੀਡੀਓਜ਼ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੇਸ਼ ਅਤੇ ਵਿਦੇਸ਼ ਵਿੱਚ ਵੀ ਫੈਲ ਚੁੱਕੀਆਂ ਹਨ, ਜਿਸ ਨਾਲ ਪੰਜਾਬ ਅਤੇ ਪੰਜਾਬੀਅਤ ਦੀ ਛਵੀ ਨੂੰ ਠੇਸ ਪਹੁੰਚੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਉਸੇ ਸਮੇਂ ਸਪੀਕਰ ਨੂੰ ਬੇਨਤੀ ਕੀਤੀ ਗਈ ਸੀ ਕਿ ਸਦਨ ਵਿੱਚ ਮੌਜੂਦ ਸਾਰੇ ਮੈਂਬਰਾਂ ਦਾ ਐਲਕੋਹਲ ਟੈਸਟ ਕਰਵਾਇਆ ਜਾਵੇ, ਪਰ ਇਸ ਸੁਝਾਅ ਨੂੰ ਰੱਦ ਕਰ ਦਿੱਤਾ ਗਿਆ। ਕਾਂਗਰਸ ਨੇ ਇਸ ਫ਼ੈਸਲੇ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਤੁਰੰਤ ਜਾਂਚ ਹੁੰਦੀ ਤਾਂ ਸੱਚਾਈ ਸਾਹਮਣੇ ਆ ਸਕਦੀ ਸੀ। ਰੋਸ ਮੁਜ਼ਾਹਰੇ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। “ਸੀਐੱਮ ਦਿਓ ਅਸਤੀਫਾ” ਤੇ “ਲੋਕਤੰਤਰ ਬਚਾਓ” ਵਰਗੇ ਨਾਅਰੇ ਲਾ ਕੇ ਉਨ੍ਹਾਂ ਆਪਣਾ ਗੁੱਸਾ ਜ਼ਾਹਿਰ ਕੀਤਾ। ਵਰਕਰਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਨੇ ਸਾਫ਼ ਸੁਥਰੀ ਰਾਜਨੀਤੀ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ, ਪਰ ਹੁਣ ਉਹ ਖੁਦ ਹੀ ਵਿਵਾਦਾਂ ’ਚ ਘਿਰਦੀ ਜਾ ਰਹੀ ਹੈ। ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਇਹ ਸਿਰਫ਼ ਇੱਕ ਸ਼ੁਰੂਆਤ ਹੈ। ਜੇਕਰ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਭਵੱਖ ’ਚ ਵੱਡੇ ਪੱਧਰ ’ਤੇ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਾਂਗਰਸ ਇਸ ਮਾਮਲੇ ’ਤੇ ਪਿੱਛੇ ਨਹੀਂ ਹਟੇਗੀ ਤੇ ਇਨਸਾਫ਼ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਮੰਗ ਪੱਤਰ ’ਚ ਗਵਰਨਰ ਕੋਲ ਅਪੀਲ ਕੀਤੀ ਕਿ 1 ਮਈ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਾਪਰੀ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਜਾਵੇ ਤੇ ਇਕ ਉੱਚ ਪੱਧਰੀ, ਨਿਰਪੱਖ ਜਾਂਚ ਬਿਠਾਈ ਜਾਵੇ। ਇਹ ਵੀ ਮੰਗ ਕੀਤੀ ਗਈ ਹੈ ਕਿ ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਮੁੱਖ ਮੰਤਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਸੱਚ ਸਾਹਮਣੇ ਆ ਸਕੇ ਤੇ ਜ਼ਿੰਮੇਵਾਰਾਂ ਨੂੰ ਸਜ਼ਾ ਮਿਲੇ। ਇਸ ਮੌਕੇ ਅਜੀਤ ਇੰਦਰ ਸਿੰਘ ਮੋਫ਼ਰ, ਮਾਈਕਲ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਸਿਮਰਨਜੀਤ ਸਿੰਘ ਮਾਨਸ਼ਾਹੀਆ, ਚਮਕੌਰ ਸਿੰਘ ਮੂਸੇ ਵਾਲੇ , ਪ੍ਰਿਤਪਾਲ ਸਿੰਘ ਡਾਲੀ ਡਾ. ਮਨਜੀਤ ਸਿੰਘ ਰਾਣਾ, ਰਣਜੀਤ ਸਿੰਘ ਦੁਦੜਾ, ਸਤਿਗੁਰ ਸਿੰਘ ਜਲਵੇੜਾ, ਚਮਕੌਰ ਸਿੰਘ ਮਾਨਸਾ, ਅਨੂ ਸ਼ਰਮਾ, ਨਵੀਨ ਕੁਮਾਰ ਕਾਲਾ ਬਲਾਕ ਪ੍ਰਧਾਨ ਬੋਹਾ, ਗੁਰਵਿੰਦਰ ਸਿੰਘ ਸਵੀਟੀ ਬਲਾਕ ਪ੍ਰਧਾਨ ਬੁਢਲਾਡਾ, ਗੁਰਵਿੰਦਰ ਕੌਰ ਸਿੱਧੂ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਹਰਪ੍ਰੀਤ ਸਿੰਘ ਪਿਆਰੀ ਜ਼ਿਲ੍ਹਾ ਪ੍ਰਧਾਨ ਐਸਸੀ ਸੈੱਲ, ਚਰਨਜੀਤ ਸਿੰਘ ਜਿਲਾ ਪ੍ਰਧਾਨ ਇੰਟਕ, ਬਲਜੇਤ ਸ਼ਰਮਾ ਖੀਵਾ ਜਿਲ੍ਹਾ ਪ੍ਰਧਾਨ ਕਿਸਾਨ ਸੈੱਲ, ਅਨੂ ਸ਼ਰਮਾ, ਧੁਰਵ ਕੁਮਾਰ ਗੋਇਲ ਹਾਜ਼ਰ ਸਨ।