ਆਮ ਆਦਮੀ ਪਾਰਟੀ ਵਿੱਚ

-ਚੁਸ਼ਬਿੰਦਰਬੀਰ ਦਾ ਨਾਮ ਐਲਾਨਣ ’ਤੇ ਸਾਡੇ ਵਾਲੇ ਦੋ ਭੱਜ ਗਏ : ਵਿਧਾਇਕ ਬਣਾਂਵਾਲੀ, ਲੋਕਾਂ ਦੇ ਕੰਮ ਮੁੱਢਲੇ ਆਧਾਰ ’ਤੇ ਹੋਣਗੇ : ਮਾਤਾ ਹਰਪਾਲ ਕੌਰ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਆਮ ਆਦਮੀ ਪਾਰਟੀ ’ਚ ਆਮ ਘਰਾਂ ਦੇ ਨੌਜਵਾਨਾਂ ਨੂੰ ਅੱਗੇ ਵੱਧਣ ਦੇ ਮੌਕੇ ਮਿਲਦੇ ਹਨ, ਜਦਕਿ ਹੋਰ ਸਿਆਸੀ ਪਾਰਟੀਆਂ ਵਿੱਚ ਅਕਸਰ ਅਹੁਦੇ ਪਰਿਵਾਰਾਂ ਤੱਕ ਹੀ ਸੀਮਿਤ ਰਹਿੰਦੇ ਹਨ। ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਨਵੇਂ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਤਾਜਪੋਸ਼ੀ ਮੌਕੇ ਰੱਖੇ ਅਹੁਦਾ ਸੰਭਾਲ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਗੱਲਾਂ ਕਹੀਆਂ। ਉਹਨਾਂ ਨੇ ਕਈ ਸਾਲ ਰਾਜਨੀਤੀ ਵਿੱਚ ਬਿਤਾਏ ਪਰ ਉਨ੍ਹਾਂ ਦੀ ਕਦਰ ਨਹੀਂ ਹੋਈ। ਆਮ ਆਦਮੀ ਪਾਰਟੀ ਵਿੱਚ ਆਉਣ ਬਾਅਦ ਉਹ ਨਾ ਸਿਰਫ਼ ਚੋਣ ਜਿੱਤੇ, ਸਗੋਂ ਮੰਤਰੀ ਵੀ ਬਣੇ। ਇਸ ਪਾਰਟੀ ਵਿੱਚ ਆਮ ਵਰਕਰ ਅਤੇ ਆਮ ਇਨਸਾਨ ਦੀ ਕਦਰ ਹੁੰਦੀ ਹੈ। ਇੱਥੇ ਕਿਸੇ ਦਾ ਪੁੱਤ ਜਾਂ ਪੋਤਾ ਨਹੀਂ, ਸਗੋਂ ਕੰਮ ਦੇ ਆਧਾਰ ’ਤੇ ਮਾਣ-ਸਨਮਾਨ ਮਿਲਦਾ ਹੈ। ਚਹਿਲ ਦਾ ਹਰ ਕਿਸੇ ਨਾਲ ਪਿਆਰ ਭਰਿਆ ਸਬੰਧ ਹੈ ਤੇ ਉਹ ਲੋਕਾਂ ਨਾਲ ਜੁੜੇ ਹੋਏ ਆਗੂ ਹਨ। ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਚੁਸ਼ਪਿੰਦਰਬੀਰ ਸਿੰਘ ਚਹਿਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਚਹਿਲ ਲੋਕਾਂ ਦੇ ਵੱਧ ਤੋਂ ਵੱਧ ਕੰਮ ਕਰਵਾਉਣਗੇ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇਣਗੇ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਨੇ ਕਿਹਾ ਕਿ ਚਹਿਲ ਇਕ ਇਮਾਨਦਾਰ ਅਤੇ ਮਿਹਨਤੀ ਵਿਅਕਤੀ ਹਨ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਚਹਿਲ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਵਜੋਂ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਉਣਗੇ ਅਤੇ ਹਰ ਵਰਗ ਦੀ ਸੁਣਵਾਈ ਯਕੀਨੀ ਬਣਾਉਣਗੇ। ਪੰਚਾਇਤਾਂ ਨੂੰ ਮਿਲਣ ਵਾਲੇ ਫੰਡ ਸਹੀ ਢੰਗ ਨਾਲ ਵਰਤੇ ਜਾਣਗੇ ਤੇ ਪਿੰਡਾਂ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।
‘ਆਪ’ ਦੇ ਸਪੋਕਸਮੈਨ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਚੁਸ਼ਪਿੰਦਰਬੀਰ ਸਿੰਘ ਚਹਿਲ ਅੱਜ ਉਸ ਅਹੁਦੇ ’ਤੇ ਪਹੁੰਚੇ ਹਨ, ਜਿਹੜਾ ਉਹ ਡਿਜ਼ਰਵ ਕਰਦੇ ਸੀ। ਉਹ ਅਹੁਦਾ ਇੰਨ੍ਹਾਂ ਦੇ ਹਿੱਸੇ ਆਇਆ ਹੈ। ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਕਈ ਕਹਿੰਦੇ ਹਨ ਬਦਲਾਅ ਨਹੀਂ ਆਇਆ। 25 ਸਾਲ ਅਕਾਲੀ ਦਲ ’ਚ ਦਰੀਆਂ ਝਾੜੀਆਂ। ਪੋਲਿੰਗ ਏਜੰਟ ਮੈਨੂੰ ਰੱਖਿਆ ਹੋਇਆ ਸੀ ਜਾਂ ਲੜਾਈਆਂ ਕਰਨ ’ਤੇ। ਆਮ ਆਦਮੀ ਪਾਰਟੀ ’ਚ ਆਏ ਤਾਂ ਮਾਸਟਰ ਦੇ ਮੁੰਡੇ ਨੂੰ ਵਿਧਾਇਕ ਬਣਾ ਤਾ ਕਈ ਕਹਿੰਦੇ ਅਜੇ ਕੋਈ ਬਦਲਾਅ ਨਹੀਂ ਆਇਆ। ਘਰੋਂ ਸੱਦ ਕੇ ਬਣਾਇਆ। ਇਹੀ ਹਾਲ ਚੁਸ਼ਪਿੰਦਰਬੀਰ ਦਾ ਸੀ ਕਾਂਗਰਸ ਪਾਰਟੀ ਪਿੱਛੇ ਲੜਦਾ ਸੀ, ਖੜ੍ਹਦਾ ਸੀ ਪਰ ਲੀਡਰਾਂ ਨੇ ਇਸ ਨੂੰ ਵੀ ਨਹੀਂ ਅੱਗੇ ਆਉਣ ਦਿੱਤਾ। ਜਿੰਨ੍ਹਾਂ ਦੱਬਦੇ ਹਾਂ ਨੱਕ ’ਤੇ ਵੱਜਦਾ। ਆਮ ਆਦਮੀ ਪਾਰਟੀ ’ਚ ਆਇਆ ਤਾਂ ਇਹ ਬਣ ਗਿਆ ਚੁਸ਼ਪਿੰਦਰਬੀਰ ਸਿੰਘ ਹੁਣ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ। ਸਾਰਿਆਂ ਦੇ ਸਾਹਮਣੇ ਇਹ ਉਦਾਹਰਣ ਹੈ। ਇਹ ਅਜਿਹੀ ਪਾਰਟੀ ਹੈ ਜੋ ਵਰਕਰ ਨੂੰ ਕੈਬਨਿਟ ਮੰਤਰੀ ਜਾਂ ਚੇਅਰਮੈਨ ਤੱਕ ਲੈ ਕੇ ਜਾਂਦੀ ਹੈ। ਕੋਈ ਸਿਫਾਰਸ਼ ਨਹੀਂ, ਕੋਈ ਪੈਸਾ ਨਹੀਂ ਸਿਰਫ਼ ਮਿਹਨਤ ਦੇਖਦੀ ਹੈ। ਇਹ ਕੁਰਸੀਆਂ ਭਗਵੰਤ ਮਾਨ ਨੇ ਦਿੱਤੀਆਂ ਹਨ ਅਤੇ ਹੁਣ ਸਾਡਾ ਫਰਜ਼ ਹੈ ਇਸ ਦੀ ਮਾਣ ਮਰਿਆਦਾ ਰੱਖਣੀ ਸਾਡਾ ਫਰਜ਼ ਹੈ। ਕਾਹਲੀ ਨਾ ਕਰਿਆ ਕਰੋ। ਜਿਸ ਦਿਨ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਲਈ ਚੁਸ਼ਪਿੰਦਰਬੀਰ ਸਿੰਘ ਚਹਿਲ ਦਾ ਨਾਮ ਐਲਾਨਿਆ ਤਾਂ ਸਾਡੇ ਵਾਲੇ ਦੋ ਭੱਜ ਗਏ। ਇਹ ਖ਼ਰੀਆਂ ਗੱਲਾਂ ਕਰਾਂਗਾ। ਹੁਕਮ ਮੁੱਖ ਮੰਤਰੀ ਭਗਵੰਤ ਮਾਨ ਦਾ ਸੀ। ਇਹ ਹੁਕਮ ਮਨੀਸ਼ ਸਿਸੋਦੀਆ ਦਾ ਸੀ। ਜੇ ਪਾਰਟੀ ਦੇ ਵਫਾਦਾਰ ਹਾਂ ਤਾਂ ਮੁੱਖ ਮੰਤਰੀ ਦਾ ਫ਼ੈਸਲਾ ਮੰਨਣਾ ਸਿੱਖੋ। ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ, ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਲਾਡੀ, ਵਿਧਾਇਕ ਲਾਭ ਸਿੰਘ ਉਗੋਕੇ, ਸਰਵਣ ਸਿੰਘ ਧੁੰਨ (ਖੇਮਕਰਨ), ਪੰਜਾਬ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ, ਗੁਰਪ੍ਰੀਤ ਜੀਪੀ ਪੰਜਾਬ ਪ੍ਰਧਾਨ ਐਂਸ.ਸੀ ਵਿੰਗ, ਵੀਰ ਦਵਿੰਦਰ ਵੱਲ ਵਾਇਸ ਪ੍ਰਧਾਨ ਯੂਥ ਵਿੰਗ ਪੰਜਾਬ, ਗੋਪੀ ਸਰਪੰਚ ਪੋਲੋਮਾਜਰਾ, ਗੁਰਪ੍ਰੀਤ ਸਿੰਘ ਸੇਖੋਂ ਮੁਦਕੀ, ਨਵਦੀਪ ਸਿੰਘ ਜੀਦਾ ਇੰਚਾਰਜ ਲੋਕ ਸਭਾ ਬਠਿੰਡਾ ਤੇ ਚੈਅਰਮੈਨ ਸੂਗਰ ਫੈਡ ਪੰਜਾਬ, ਬਲਾਕ ਸੰਮਤੀ ਚੇਅਰੇਮਨ ਤੇ ਬਲਾਕ ਸੰਮਤੀ ਮੈਂਬਰ, ਜਿਲ੍ਹੇ ਦੇ ਅਹੁਦੇਦਾਰ, ਸਰਪੰਚ ਪੰਚ ਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।