ਨਸ਼ੇ ਅਤੇ ਅਪਰਾਧ ’ਤੇ ਵੱਡਾ ਪ੍ਰਹਾਰ, ਕਰੋੜਾਂ ਦੀ ਸੰਪਤੀ ਫ੍ਰੀਜ਼, 903 ਮੁਲਜ਼ਮ ਕੀਤੇ ਗ੍ਰਿਫ਼ਤਾਰ

-ਨਸ਼ੇ ਤੇ ਅਪਰਾਧ ’ਤੇ ਵੱਡਾ ਪ੍ਰਹਾਰ, ਕਰੋੜਾਂ ਦੀ ਸੰਪਤੀ ਫ੍ਰੀਜ਼, 903 ਮੁਲਜ਼ਮ ਕੀਤੇ ਗ੍ਰਿਫ਼ਤਾਰ, ਡਰੱਗ ਮਨੀ ਤੇ ਅਸਲਾ ਵੀ ਬਰਾਮਦ
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਅਪਰਾਧਕ ਗਤੀਵਿਧੀਆਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨਾਂ ਤਹਿਤ ਬਠਿੰਡਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡੀਆਈਜੀ ਬਠਿੰਡਾ ਰੇਂਜ ਦੀ ਰਹਿਨੁਮਾਈ ਹੇਠ ਤੇ ਐੱਸਐੱਸਪੀ ਬਠਿੰਡਾ ਦੀ ਅਗਵਾਈ ਵਿੱਚ 1 ਮਾਰਚ 2025 ਤੋਂ 1 ਮਈ 2026 ਤਕ ਲਗਾਤਾਰ ਕਾਰਵਾਈ ਕਰਦਿਆਂ ਸੈਂਕੜਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ। ਸ਼ਨਿੱਚਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ‘ਯੁੱਧ ਨਸ਼ਿਆਂ ਦੇ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।
ਇਸ ਦੌਰਾਨ ਹੈਰੋਇਨ, ਅਫੀਮ, ਭੁੱਕੀ, ਗਾਂਜਾ, ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੱਡੀ ਮਾਤਰਾ ਵਿੱਚ ਬਰਾਮਦ ਕੀਤੇ ਗਏ। ਇਸਦੇ ਨਾਲ ਹੀ ਲੱਖਾਂ ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐਨਡੀਪੀਐਸ ਐਕਟ ਦੀ ਧਾਰਾ 68-ਐਫ ਅਧੀਨ ਕਾਰਵਾਈ ਕਰਦਿਆਂ ਪੁਲਿਸ ਨੇ 87 ਮਾਮਲਿਆਂ ਵਿੱਚ ਕਰੀਬ 14 ਕਰੋੜ 21 ਲੱਖ ਰੁਪਏ ਦੀ ਸੰਪਤੀ ਫ੍ਰੀਜ਼ ਕੀਤੀ ਹੈ, ਜਿਹੜੀ ਨਸ਼ੇ ਦੇ ਧੰਦੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ।
ਇਸ ਤੋਂ ਇਲਾਵਾ ਇਮੋਰਲ ਟ੍ਰੈਫਿਕ ਪ੍ਰਿਵੇਂਸ਼ਨ ਐਕਟ ਤਹਿਤ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਕੀਤੇ ਗਏ। ਇਨ੍ਹਾਂ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ 5 ਕੁੜੀਆਂ ਨੂੰ ਰੈਸਕਿਊ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ। ਐਸਪੀ ਸਿਟੀ ਨੇ ਦੱਸਿਆ ਕਿ ‘ਆਪਰੇਸ਼ਨ ਪ੍ਰਹਾਰ’ ਤਹਿਤ ਗੈਂਗਸਟਰਾਂ ‘ਤੇ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ 903 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਵਿੱਚੋਂ ਗ਼ੈਰ-ਕਾਨੂੰਨੀ ਹਥਿਆਰ, ਮੋਬਾਈਲ ਫੋਨ, ਡੈਬਿਟ ਅਤੇ ਏਟੀਐਮ ਕਾਰਡ, ਚੋਰੀ ਦੇ ਵਾਹਨ, 430 ਲੀਟਰ ਲਾਹਨ ਅਤੇ ਗੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਗਈ।
ਇਸ ਦੇ ਨਾਲ ਹੀ ਲੱਖਾਂ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ। ਬਠਿੰਡਾ ਪੁਲਿਸ ਨੇ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ-ਕਾਂਡ ਦਾ ਵੀ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ 13 ਜੂਨ 2026 ਨੂੰ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 6 ਫਰਵਰੀ 2026 ਨੂੰ ਇਕ ਹੋਰ ਦੋਸ਼ੀ ਕਾਬੂ ਕੀਤਾ। 10 ਅਪ੍ਰੈਲ 2026 ਨੂੰ ਮੁੱਖ ਦੋਸ਼ੀ ਅੰਮ੍ਰਿਤਪਾਲ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।