ਲੋਕਾਂ ਨੇ ਨਾਂਹਪੱਖੀ ਸਿਆਸਤ ਰੱਦ ਕਰ ਕੇ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ : ਸਰੂਪ ਸਿੰਗਲਾ
ਭਾਜਪਾ ਦੀ ਜਿੱਤ ’ਤੇ ਬਠਿੰਡਾ ਵਿੱਚ ਜਸ਼ਨ, ਸਿੰਗਲਾ ਦੀ ਅਗਵਾਈ ਲੱਡੂ ਵੰਡੇ, ਢੋਲ ਦੀ ਤਾਲ ’ਤੇ ਭੰਗੜਾ ਪਾਇਆ
Publish Date: Mon, 04 May 2026 06:16 PM (IST)
Updated Date: Tue, 05 May 2026 04:11 AM (IST)

-ਭਾਜਪਾ ਦੀ ਜਿੱਤ ’ਤੇ ਜਸ਼ਨ ਮਨਾਉਂਦਿਆਂ ਸਿੰਗਲਾ ਦੀ ਅਗਵਾਈ ’ਚ ਵੰਡੀ ਮਠਿਆਈ, ਢੋਲ ਦੀ ਥਾਪ ’ਤੇ ਪਾਏ ਭੰਗੜੇ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਪੰਜ ਰਾਜਾਂ ਦੇ ਚੋਣ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਬਰਦਸਤ ਸਫਲਤਾ ਤੋਂ ਬਾਅਦ ਬਠਿੰਡਾ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਪੱਛਮੀ ਬੰਗਾਲ ਵਿੱਚ ਮਿਲੀ ਇਤਿਹਾਸਕ ਜਿੱਤ ਨਾਲ ਨਾਲ ਅਸਾਮ ਅਤੇ ਪੁਡੁਚੇਰੀ ਵਿੱਚ ਪ੍ਰਚੰਡ ਜਿੱਤ ਨੇ ਕਾਰਕੁਨਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ। ਸੋਮਵਾਰ ਸ਼ਾਮ ਨੂੰ ਫਾਇਰ ਬ੍ਰਿਗੇਡ ਚੌਂਕ ‘ਤੇ ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਨੇਤਾ ਅਤੇ ਕਾਰਕੁੰਨ ਇਕੱਠੇ ਹੋਏ। ਇਸ ਮੌਕੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਢੋਲ ਦੀ ਥਾਪ ‘ਤੇ ਜ਼ਬਰਦਸਤ ਭੰਗੜਾ ਪਾਇਆ ਗਿਆ। ਇਸ ਦੌਰਾਨ ਪਟਾਖੇ ਵੀ ਚਲਾਏ ਗਏ ਅਤੇ ਸ਼ਹਿਰ ਵਿੱਚ ਜੇਤੂ ਜਲੂਸ ਵੀ ਕੱਢਿਆ ਗਿਆ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜ ਰਾਜਾਂ ਦੇ ਚੋਣ ਨਤੀਜਿਆਂ ਨੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਸਪੱਸ਼ਟ ਕਰ ਦਿੱਤੀ ਹੈ। ਜਨਤਾ ਨੇ ਨਕਾਰਾਤਮਕ, ਵੰਡਵਾਦੀ ਅਤੇ ਭ੍ਰਮ ਫੈਲਾਉਣ ਵਾਲੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਵਿਕਾਸ, ਰਾਸ਼ਟਰ ਹਿਤ ਅਤੇ ਮਜ਼ਬੂਤ ਅਗਵਾਈ ਦੇ ਹੱਕ ‘ਚ ਆਪਣਾ ਸਪੱਸ਼ਟ ਫ਼ੈਸਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਜਾਤ-ਪਾਤ ਦੀ ਰਾਜਨੀਤੀ ਕਰਨ ਵਾਲਿਆਂ, ਵਿਕਾਸ ਕਾਰਜਾਂ ਵਿੱਚ ਰੁਕਾਵਟ ਪੈਦਾ ਕਰਨ ਵਾਲਿਆਂ, ਰਾਸ਼ਟਰੀ ਏਕਤਾ ਦੇ ਮਸਲਿਆਂ ‘ਤੇ ਵਿਰੋਧ ਕਰਨ ਵਾਲਿਆਂ ਅਤੇ ਸੰਵੇਦਨਸ਼ੀਲ ਮਾਮਲਿਆਂ ‘ਤੇ ਰਾਜਨੀਤਕ ਲਾਭ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਜਨਤਾ ਨੇ ਸ਼ੀਸ਼ਾ ਵਿਖਾ ਦਿੱਤਾ ਹੈ। ਸਨਾਤਨ ਧਰਮ ਦੀ ਤੁਲਨਾ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨਾਲ ਕਰਨ ਵਾਲੀ ਸੋਚ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀ ਨਕਾਰਾਤਮਕ ਮਾਨਸਿਕਤਾ ਹੁਣ ਖਤਮ ਹੋ ਜਾਵੇਗੀ। ਪੱਛਮੀ ਬੰਗਾਲ ਵਿੱਚ ਇਤਿਹਾਸਕ ਜਿੱਤ ਸਬੰਧੀ ਸਿੰਗਲਾ ਨੇ ਕਿਹਾ ਕਿ ਉੱਥੇ ਦੇ ਲੋਕਾਂ ਨੇ ਬਿਨਾਂ ਡਰ ਅਤੇ ਦਬਾਅ ਦੇ ਵੋਟ ਪਾਈ ਅਤੇ ਲੋਕਤੰਤਰ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਨਿਰਪੱਖ ਮਾਹੌਲ ਨੇ ਵੋਟਰਾਂ ਦਾ ਭਰੋਸਾ ਵਧਾਇਆ। ਉਨ੍ਹਾਂ ਦਾਅਵਾ ਕੀਤਾ ਕਿ ਬੰਗਾਲ ਦੇ ਲੋਕ ਲੰਮੇ ਸਮੇਂ ਤੱਕ ਦਬਾਅ ਹੇਠ ਰਹੇ, ਬੰਗਾਲ ਵਿੱਚ ਜੰਗਲ ਰਾਜ ਚੱਲ ਰਿਹਾ ਸੀ, ਪਰ ਹੁਣ ਉਥੋਂ ਦੇ ਲੋਕਾਂ ਨੂੰ ਇਸ ਹਾਲਤ ਤੋਂ ਮੁਕਤੀ ਮਿਲ ਗਈ ਹੈ। ਅੰਤ ਵਿੱਚ ਉਨ੍ਹਾਂ ਭਰੋਸਾ ਜਤਾਇਆ ਕਿ ਇਨ੍ਹਾਂ ਨਤੀਜਿਆਂ ਦਾ ਅਸਰ ਪੂਰੇ ਦੇਸ਼ ਵਿੱਚ ਵੇਖਣ ਨੂੰ ਮਿਲੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਅਤੇ ਸੁਸ਼ਾਸਨ ਦੀ ਰਾਜਨੀਤੀ ਹੋਰ ਮਜ਼ਬੂਤ ਹੋਵੇਗੀ। ਇਸ ਮੌਕੇ ਐਡਵੋਕੇਟ ਮੋਹਨ ਲਾਲ ਗਰਗ, ਸ਼ਾਮ ਲਾਲ ਬਾਂਸਲ, ਵਿਜੇ ਸਿੰਗਲਾ ਅਤੇ ਬਲਦੇਵ ਸਿੰਘ ਅਕਲੀਆ ਆਦਿ ਨੇਤਾ ਵੀ ਮੌਜੂਦ ਸਨ।