ਜਿੱਤ ਨੇ ਸਾਬਤ ਕੀਤਾ ਸਾਲ 2027 ’ਚ ਬਣੇਗੀ ਅਕਾਲੀ ਸਰਕਾਰ : ਜੱਗਾ ਕਲਿਆਣ
ਜਿੱਤ ਨੇ ਸਾਬਤ ਕੀਤਾ ਸਾਲ 2027 ’ਚ ਬਣੇਗੀ ਅਕਾਲੀ ਦਲ ਦੀ ਸਰਕਾਰ: ਜੱਗਾ ਕਲਿਆਣ
Publish Date: Fri, 29 May 2026 04:51 PM (IST)
Updated Date: Sat, 30 May 2026 04:02 AM (IST)
-ਲਹਿਰਾ ਮੁਹੱਬਤ ਵਿਖੇ ‘ਆਪ’ ਤੇ ਕਾਂਗਰਸ ਦਾ ਨਹੀਂ ਖੁੱਲ੍ਹਿਆ ਖਾਤਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਗਾ ਕਲਿਆਣ ਨੇ ਨਗਰ ਪੰਚਾਇਤ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਵੱਡੀ ਜਿੱਤ ਉੱਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਲੋਕਾਂ ਦੇ ਭਰਪੂਰ ਸਮਰਥਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਲ 2027 ਵਿੱਚ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਨਥਾਣਾ ਤੇ ਲਹਿਰ ਮੁਹੱਬਤ ਨਗਰ ਪੰਚਾਇਤਾਂ ’ਚ ਅਕਾਲੀ ਦਲ ਨੂੰ ਮਿਲੀ ਸ਼ਾਨਦਾਰ ਜਿੱਤ ਨੇ ਵਿਰੋਧੀ ਪਾਰਟੀਆਂ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਜੱਗਾ ਕਲਿਆਣ ਨੇ ਅਕਾਲੀ ਵਰਕਰਾਂ, ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੇ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਲੋਕਾਂ ਨੇ ਅਕਾਲੀ ਦਲ ਦੀਆਂ ਨੀਤੀਆਂ ’ਤੇ ਭਰੋਸਾ ਜਤਾਇਆ ਹੈ ਤੇ ਪੰਜਾਬ ਦੇ ਵਿਕਾਸ ਲਈ ਦੁਬਾਰਾ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਮਨ ਬਣਾ ਲਿਆ ਹੈ। ਉਨ੍ਹਾਂ ਦੱਸਿਆ ਕਿ ਲਹਿਰ ਮੁਹੱਬਤ ਨਗਰ ਪੰਚਾਇਤ ’ਚ ‘ਆਪ’ ਤੇ ਕਾਂਗਰਸ ਆਪਣਾ ਖਾਤਾ ਤਕ ਨਹੀਂ ਖੋਲ੍ਹ ਸਕੀਆਂ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਲੋਕ ਮੌਜੂਦਾ ਸਰਕਾਰ ਤੋਂ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਭੁੱਚੋ ਮੰਡੀ ਵਿੱਚ ਵੀ ਅਕਾਲੀ ਦਲ ਨੇ ਵੱਡੀ ਜਿੱਤ ਦਰਜ ਕਰਕੇ ਆਪਣੀ ਮਜ਼ਬੂਤ ਪਕੜ ਸਾਬਤ ਕੀਤੀ ਹੈ। ਨਥਾਣਾ ਵਿਖੇ 11 ਵਾਰਡਾਂ ਵਿੱਚੋਂ ‘ਆਪ’ ਸਿਰਫ਼ ਦੋ ਵਾਰਡ ਹੀ ਜਿੱਤ ਸਕੀ ਹੈ। ਕਲਿਆਣ ਅਨੁਸਾਰ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਅਕਾਲੀ ਦਲ ਨੂੰ ਇਕ ਮਜ਼ਬੂਤ ਵਿਕਲਪ ਵਜੋਂ ਦੇਖ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ, ਜਿਸ ਕਾਰਨ ਲੋਕਾਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਪੰਜਾਬ ਤੇ ਪੰਜਾਬੀਅਤ ਦੀ ਭਲਾਈ ਲਈ ਕੰਮ ਕਰਦਾ ਆਇਆ ਹੈ ਅਤੇ ਭਵਿੱਖ ਵਿੱਚ ਵੀ ਲੋਕਾਂ ਦੀ ਸੇਵਾ ਲਈ ਵਚਨਬੱਧ ਰਹੇਗਾ। ਜਗਸੀਰ ਸਿੰਘ ਕਲਿਆਣ ਤੇ ਹਲਕਾ ਸੇਵਾਦਾਰ ਡਾ. ਦਲਜੀਤ ਸਿੰਘ ਗੁਰੂ ਨੇ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਜੁਟੇ ਰਹਿਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਉਣ। ਅੰਤ ਵਿੱਚ ਆਗੂਆਂ ਨੇ ਕਿਹਾ ਕਿ ਇਹ ਜਿੱਤ ਸਿਰਫ਼ ਨਗਰ ਪੰਚਾਇਤਾਂ ਦੀ ਜਿੱਤ ਨਹੀਂ, ਸਗੋਂ ਪੰਜਾਬ ਵਿੱਚ ਆਉਣ ਵਾਲੇ ਰਾਜਨੀਤਿਕ ਬਦਲਾਅ ਦਾ ਸੰਕੇਤ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਭਾਰੀ ਬਹੁਮਤ ਨਾਲ ਸਰਕਾਰ ਬਣਾਵੇਗਾ।