ਨਗਰ ਨਿਗਮ ਚੋਣਾਂ : ਅੱਧੀ ਦਰਜ਼ਨ ਤੋਂ ਵਧੇਰੇ ਥਾਵਾਂ ’ਤੇ ਵਾਪਰੀਆਂ ਛੋਟੀਆਂ ਮੋੋਟੀਆਂ ਘਟਨਾਵਾਂ

-ਨਗਰ ਨਿਗਮ ਚੋਣਾਂ : ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਵਾਪਰੀਆਂ ਛੋਟੀਆਂ-ਮੋਟੀਆਂ ਘਟਨਾਵਾਂ
ਫੋਟੋ: 72 ਤੋਂ 92 ਹਿੰਦੀ ਫੋਲਡਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੌਰਾਨ ਬਠਿੰਡਾ ਸ਼ਹਿਰ ਤੇ ਆਸ ਪਾਸ ਦੇ ਇਲਾਕਿਆਂ ’ਚ ਮੰਗਲਵਾਰ ਨੂੰ ਪੋਲਿੰਗ ਦੌਰਾਨ ਕਈ ਘਟਨਾਵਾਂ ਵਾਪਰੀਆਂ। ਗੋਲੀਬਾਰੀ, ਜਾਅਲੀ ਵੋਟਿੰਗ, ਪੈਸੇ ਦੀ ਵੰਡ, ਵੋਟਰ ਪ੍ਰਭਾਵਿਤ, ਪੋਲਿੰਗ ਬੂਥਾਂ ’ਤੇ ਪਰੇਸ਼ਾਨੀ ਤੇ ਕਈ ਵਾਰਡਾਂ ’ਚ ਰਾਜਨੀਤਕ ਪਾਰਟੀ ਦੇ ਵਰਕਰਾਂ ਵਿਚਕਾਰ ਝੜਪਾਂ ਦੀਆਂ ਘਟਨਾਵਾਂ ਨੇ ਚੋਣ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕੀਤੇ। ‘ਆਪ’, ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੇ ਇਕ ਦੂਜੇ 'ਤੇ ਲੋਕਤੰਤਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲਗਾਏ। ਪੁਲਿਸ ਅਤੇ ਪ੍ਰਸ਼ਾਸਨ ਨੂੰ ਕਈ ਸੰਵੇਦਨਸ਼ੀਲ ਬੂਥਾਂ 'ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕਰਨੇ ਪਏ। ਸਭ ਤੋਂ ਗੰਭੀਰ ਘਟਨਾ ਵਾਰਡ ਨੰਬਰ 3 ਵਿੱਚ ਵਾਪਰੀ, ਜਿੱਥੇ ਦੇਰ ਰਾਤ ਹੋਈ ਗੋਲੀਬਾਰੀ ਦੀ ਘਟਨਾ ਨੇ ਇਲਾਕੇ ’ਚ ਦਹਿਸ਼ਤ ਫੈਲਾ ਦਿੱਤੀ। ਇਸ ਦੌਰਾਨ ਵਾਰਡ-33 ਵਿਚ ਇਕ ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਦੀ ਵੋਟ ਕੋਈ ਪਹਿਲਾਂ ਹੀ ਪਾ ਗਿਆ। ਵਾਰਡ-2, 8 ਅਤੇ 37 ਵਿਚ ਰਾਜਨੀਤਿਕ ਪਾਰਟੀਆਂ ਦੇ ਹਮਾਇਤੀਆਂ ਵਿਚਾਲੇ ਗਰਮਾ-ਗਰਮ ਬਹਿਸ ਤੇ ਹੰਗਾਮਾ ਵੀ ਦੇਖਿਆ ਗਿਆ। ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਸ਼ਿਕਾਇਤਾਂ ਕਰਨ ਤੋਂ ਬਾਅਦ ਕਈ ਥਾਵਾਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਮਾਮਲਿਆਂ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
-ਬਾਕਸ-
-ਵਾਰਡ ਨੰਬਰ 3 ਵਿੱਚ ਦੇਰ ਰਾਤ ਹੋਈ ਗੋਲੀਬਾਰੀ, ਇਲਾਕੇ ’ਚ ਦਹਿਸ਼ਤ
ਨਿਗਮ ਚੋਣਾਂ ਤੋਂ ਠੀਕ ਪਹਿਲਾਂ ਬਠਿੰਡਾ ਦੇ ਵਾਰਡ-3 ਵਿੱਚ ਮੰਗਲਵਾਰ ਸਵੇਰੇ ਕਥਿਤ ਤੌਰ 'ਤੇ ਗੋਲੀਬਾਰੀ ਦੀ ਘਟਨਾ ਨੇ ਚੋਣ ਮਾਹੌਲ ਨੂੰ ਹੋਰ ਭਖਾ ਦਿੱਤਾ। ਵਾਰਡ ਦੇ ਇਕ ਆਜ਼ਾਦ ਉਮੀਦਵਾਰ ਦੇ ਪਤੀ ਸੰਦੀਪ ਸ਼ੈਰੀ ਨੇ ਦੋਸ਼ ਲਗਾਇਆ ਹੈ ਕਿ ਕੁਝ ਹਥਿਆਰਬੰਦ ਵਿਅਕਤੀ ਸੋਮਵਾਰ ਤੇ ਮੰਗਲਵਾਰ ਵਿਚਕਾਰ ਲਗਭਗ 1:30 ਵਜੇ ਉਸਦੇ ਘਰ ਵਿੱਚ ਦਾਖਲ ਹੋਏ ਅਤੇ ਉਸ 'ਤੇ ਹਮਲਾ ਕੀਤਾ। ਉਸਨੇ ਦਾਅਵਾ ਕੀਤਾ ਕਿ ਹਮਲਾਵਰਾਂ ਨੇ ਉਸਨੂੰ ਮਾਰਨ ਦੇ ਇਰਾਦੇ ਨਾਲ ਕਈ ਗੋਲੀਆਂ ਚਲਾਈਆਂ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜੇ ਇਕ ਪੱਤਰ ਵਿੱਚ ਸੰਦੀਪ ਸ਼ੈਰੀ ਨੇ ਦੋਸ਼ ਲਗਾਇਆ ਕਿ ਉਸਦੀ ਪਤਨੀ ਜੋ ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ, ਨੂੰ ਕਈ ਦਿਨਾਂ ਤੋਂ ਚੋਣ ਤੋਂ ਪਿੱਛੇ ਹਟਣ ਲਈ ਦਬਾਅ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਆਪ ਆਗੂ ਨੇ ਉਨ੍ਹਾਂ 'ਤੇ ਆਪਣੀ ਪਤਨੀ ਦੀ ਉਮੀਦਵਾਰੀ ਵਾਪਸ ਲੈਣ ਲਈ ਲਗਾਤਾਰ ਦਬਾਅ ਪਾ ਰਹੇ ਸਨ। ਸ਼ੈਰੀ ਨੇ ਦਾਅਵਾ ਕੀਤਾ ਕਿ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਹੋਇਆ ਇਹ ਹਮਲਾ ਉਨ੍ਹਾਂ ਧਮਕੀਆਂ ਦੀ ਨਿਰੰਤਰਤਾ ਸੀ ਅਤੇ ਇਸਦਾ ਉਦੇਸ਼ ਉਨ੍ਹਾਂ ਦੀ ਪਤਨੀ ਨੂੰ ਚੋਣ ਮੈਦਾਨ ਤੋਂ ਹਟਾਉਣਾ ਸੀ। ਘਟਨਾ ਦੀ ਵੀਡੀਓ ਫੁਟੇਜ ਉਪਲੱਬਧ ਹੈ। ਪੀੜਤ ਦੇ ਅਨੁਸਾਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਰਮਲ ਥਾਣੇ ਦੇ ਐੱਸਐੱਚਓ, ਇਲਾਕੇ ਦੇ ਡੀਐੱਸਪੀ ਮੌਕੇ 'ਤੇ ਪਹੁੰਚੇ, ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਹਾਲਾਂਕਿ ਉਨ੍ਹਾਂ ਦੋਸ਼ ਲਾਇਆ ਕਿ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਹੈ। ਸੰਦੀਪ ਸ਼ੈਰੀ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਤੇ ਸਰਕਾਰ ਨਾਲ ਜੁੜੇ ਪ੍ਰਭਾਵਸ਼ਾਲੀ ਲੋਕਾਂ ਦੇ ਦਬਾਅ ਕਾਰਨ ਪੁਲਿਸ ਕਾਰਵਾਈ ਤੋਂ ਬਚ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਤੋਂ ਠੀਕ ਪਹਿਲਾਂ ਕਿਸੇ ਆਜ਼ਾਦ ਉਮੀਦਵਾਰ ਦੇ ਪਰਿਵਾਰ 'ਤੇ ਇਸ ਤਰ੍ਹਾਂ ਹਮਲਾ ਹੋ ਸਕਦਾ ਹੈ, ਤਾਂ ਇਹ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਮਾਮਲੇ ਦੀ ਨਿਰਪੱਖ ਜਾਂਚ ਕਰੇ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰੇ।
-ਬਾਕਸ-
-ਵਾਰਡ-2 ’ਚ 'ਆਪ' ਤੇ ਭਾਜਪਾ ਵਰਕਰਜ਼ ਹੋਏ ਆਹਮੋ-ਸਾਹਮਣੇ
ਸੋਮਵਾਰ ਦੇਰ ਰਾਤ ਵਾਰਡ-2 ਵਿਚ ‘ਆਪ’ ਤੇ ਭਾਜਪਾ ਵਰਕਰਾਂ ਵਿਚਕਾਰ ਭਿਆਨਕ ਝੜਪ ਹੋ ਗਈ। ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਵੋਟਾਂ ਖਰੀਦਣ ਅਤੇ ਵੋਟਰਾਂ 'ਤੇ ਦਬਾਅ ਪਾਉਣ ਦਾ ਦੋਸ਼ ਲਗਾਇਆ। 'ਆਪ' ਉਮੀਦਵਾਰ ਹਰਬੀਰ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਸਮਰਥਕ ਦਿਨ ਭਰ ਵੋਟਰਾਂ ਨੂੰ ਪੈਸੇ ਵੰਡ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਸਬੰਧੀ ਵੀਡੀਓ ਹਨ। ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ, ਹਾਲਾਂਕਿ ਉਸ ਤੋਂ ਕੋਈ ਨਕਦੀ ਬਰਾਮਦ ਨਹੀਂ ਹੋਈ। ਹਰਬੀਰ ਸਿੰਘ ਨੇ ਕਿਹਾ ਕਿ ਭਾਜਪਾ ਹਾਰ ਤੋਂ ਡਰਦੀ ਹੋਈ ਪੈਸੇ ਦੀ ਤਾਕਤ ਦਾ ਸਹਾਰਾ ਲੈ ਰਹੀ ਹੈ ਅਤੇ ਜੇਕਰ ਲੋੜ ਪਈ ਤਾਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਦੂਜੇ ਪਾਸੇ, ਭਾਜਪਾ ਉਮੀਦਵਾਰ ਵਿਪਿਨ ਕੁਮਾਰ ਨੇ ਦੋਸ਼ਾਂ ਨੂੰ ਰਾਜਨੀਤਕ ਡਰਾਮਾ ਦੱਸਦਿਆਂ ਕਿਹਾ ਕਿ 'ਆਪ' ਸਮਰਥਕ ਪੁਲਿਸ ਦੀ ਮੌਜੂਦਗੀ ਵਿੱਚ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਪਹਿਲੀ ਮੰਜ਼ਿਲ ਦੀ ਤਲਾਸ਼ੀ ਲਈ। ਘਟਨਾ ਤੋਂ ਬਾਅਦ ਦੇਰ ਰਾਤ ਤੱਕ ਇਲਾਕੇ ਵਿੱਚ ਤਣਾਅ ਬਣਿਆ ਰਿਹਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਦੇਰ ਰਾਤ ਭਾਜਪਾ ਵਰਕਰਾਂ ਨੇ ਥਾਣਾ ਕੈਂਟ ਅੱਗੇ ਧਰਲਾ ਲਗਾ ਦਿੱਤਾ।
-ਬਾਕਸ-
-ਵਾਰਡ-8 ’ਚ ਵੋਟਰਾਂ ਨੂੰ ਲਾਲਚ ਦੇਣ ਦੇ ਦੋਸ਼
ਵਾਰਡ ਨੰਬਰ 8 ਦੇ ਭਾਜਪਾ ਆਗੂਆਂ ਨੇ ‘ਆਪ’ 'ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਇਕ ਹੋਟਲ ਵਿੱਚ ਨਾਸ਼ਤਾ ਅਤੇ ਰਿਫਰੈਸ਼ਮੈਂਟ ਦੇਣ ਦਾ ਦੋਸ਼ ਲਗਾਇਆ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਵੋਟਰਾਂ ਨੂੰ ਲੁਭਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਕੋਈ ਅਧਿਕਾਰਤ ਜਵਾਬ ਜਾਰੀ ਨਹੀਂ ਕੀਤਾ ਗਿਆ ਹੈ। ਚੋਣ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ ਤੇ ਜਾਂਚ ਦਾ ਭਰੋਸਾ ਦਿੱਤਾ।
-ਬਾਕਸ-
-ਵਾਰਡ-33 ’ਚ ਧੋਖਾਧੜੀ ਵੋਟਿੰਗ ਦੇ ਦੋਸ਼, ਵੋਟਰ ਨੇ ਜਤਾਇਆ ਗੁੱਸਾ
ਨਿਗਮ ਚੋਣਾਂ ਦੌਰਾਨ ਵਾਰਡ-33 ਦੇ ਬੂਥ ਨੰਬਰ 141 'ਤੇ ਜਾਅਲੀ ਵੋਟਾਂ ਪਾਉਣ ਕਾਰਨ ਹੰਗਾਮਾ ਖੜ੍ਹਾ ਹੋ ਗਿਆ। ਇਲਾਕੇ ਦੇ ਵਸਨੀਕ ਮਨੋਜ ਕੁਮਾਰ ਨੇ ਦੋਸ਼ ਲਗਾਇਆ ਕਿ ਜਦੋਂ ਉਹ ਆਪਣਾ ਵੋਟਰ ਕਾਰਡ ਅਤੇ ਆਧਾਰ ਕਾਰਡ ਲੈ ਕੇ ਪੋਲਿੰਗ ਸਟੇਸ਼ਨ 'ਤੇ ਪੁੱਜਿਆ ਤਾਂ ਉਸਨੂੰ ਦੱਸਿਆ ਗਿਆ ਕਿ ਉਸਦੇ ਨਾਮ 'ਤੇ ਪਹਿਲਾਂ ਹੀ ਵੋਟ ਪਾਈ ਜਾ ਚੁੱਕੀ ਹੈ। ਮਨੋਜ ਕੁਮਾਰ ਨੇ ਦੱਸਿਆ ਕਿ ਲਗਭਗ 45 ਮਿੰਟ ਲਾਈਨ ਵਿੱਚ ਇੰਤਜ਼ਾਰ ਕਰਨ ਤੋਂ ਬਾਅਦ, ਜਦੋਂ ਉਹ ਪੋਲਿੰਗ ਬੂਥ 'ਤੇ ਪਹੁੰਚਿਆ ਤਾਂ ਚੋਣ ਅਧਿਕਾਰੀਆਂ ਨੇ ਉਸਨੂੰ ਰਿਕਾਰਡ ਦਿਖਾਏ ਅਤੇ ਕਿਹਾ ਕਿ ਰੋਹਿਤ ਕੁਮਾਰ ਨਾਮ ਦਾ ਇਕ ਵਿਅਕਤੀ ਪਹਿਲਾਂ ਹੀ ਉਸਦੇ ਨਾਮ 'ਤੇ ਆਪਣੀ ਵੋਟ ਪਾ ਚੁੱਕਾ ਹੈ। ਘਟਨਾ ਤੋਂ ਬਾਅਦ ਮਨੋਜ ਕੁਮਾਰ ਨੇ ਪੋਲਿੰਗ ਸਟੇਸ਼ਨ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ। ਉਸਨੇ ਦਾਅਵਾ ਕੀਤਾ ਕਿ ਕਿਸੇ ਹੋਰ ਨੇ ਧੋਖਾਧੜੀ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਘਟਨਾ ਤੋਂ ਬਾਅਦ ਕੁਝ ਸਮੇਂ ਲਈ ਪੋਲਿੰਗ ਸਟੇਸ਼ਨ 'ਤੇ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
-ਬਾਕਸ-
-ਵਾਰਡ-37 ’ਚ ਛੇੜਛਾੜ ਦੇ ਦੋਸ਼, ਅਕਾਲੀ ਦਲ ਨੇ ਚੁੱਕੇ ਸਵਾਲ
ਵਾਰਡ ਨੰਬਰ 37 ਵਿੱਚ ਅਕਾਲੀ ਉਮੀਦਵਾਰ ਸਵਿਤਾ ਬਾਂਸਲ ਦੇ ਪਤੀ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਸਮਰਥਕਾਂ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। ਉਨ੍ਹਾਂ ਦੇ ਬੂਥ 'ਤੇ ਮਾਹੌਲ ਖਰਾਬ ਕਰਨ ਲਈ ਬਾਹਰੀ ਲੋਕਾਂ ਨੂੰ ਭੇਜਿਆ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਧਾਂਦਲੀ ਹੀ ਚੋਣ ਦਾ ਇੱਕੋ ਇੱਕ ਤਰੀਕਾ ਹੈ, ਤਾਂ ਲੋਕਤੰਤਰੀ ਪ੍ਰਕਿਰਿਆ ਦਾ ਕੀ ਮਤਲਬ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ, ਪਰ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਅਕਾਲੀ ਆਗੂਆਂ ਨੇ ਪ੍ਰਸ਼ਾਸਨ 'ਤੇ ਨਿਰਪੱਖ ਕਾਰਵਾਈ ਨਾ ਕਰਨ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਘਟਨਾ ਤੋਂ ਬਾਅਦ ਬੂਥ ਦੇ ਆਲੇ-ਦੁਆਲੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ।
-ਬਾਕਸ-
-ਪੈਸੇ ਵੰਡਣ ਦੇ ਸ਼ੱਕ ’ਚ ਬੇਅੰਤ ਨਗਰ ’ਚ ਨੌਜਵਾਨ ਨੂੰ ਹਿਰਾਸਤ ’ਚ ਲਿਆ
ਨਿਗਮ ਚੋਣਾਂ ਦੌਰਾਨ ਬੇਅੰਤ ਨਗਰ ਵਿੱਚ ਲੋਕਾਂ ਨੇ ਪੈਸੇ ਵੰਡਣ ਦੇ ਸ਼ੱਕ ’ਚ ਇਕ ਨੌਜਵਾਨ ਨੂੰ ਫੜ ਲਿਆ। ਜਾਣਕਾਰੀ ਮਿਲਣ 'ਤੇ ਸਿਵਲ ਲਾਈਨਜ਼ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਨੌਜਵਾਨ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਨੌਜਵਾਨ ਨੇ ਦੱਸਿਆ ਕਿ ਉਹ ਕਿਸੇ ਤੋਂ ਪੈਸੇ ਲੈਣ ਗਿਆ ਸੀ, ਪੈਸੇ ਵੰਡਣ ਲਈ ਨਹੀਂ। ਹਾਲਾਂਕਿ, ਸਥਾਨਕ ਨਿਵਾਸੀਆਂ ਨੂੰ ਉਸਦੀ ਹਰਕਤ ਸ਼ੱਕੀ ਲੱਗੀ, ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਤੱਥਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
-ਬਾਕਸ-
-ਆਦਰਸ਼ ਨਗਰ ’ਚ ਪੁਲਿਸ ਮੁਲਾਜ਼ਮ 'ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼
ਆਦਰਸ਼ ਨਗਰ ਵਿੱਚ ਕੁਝ ਲੋਕਾਂ ਨੇ ਇਕ ਪੁਲਿਸ ਅਧਿਕਾਰੀ 'ਤੇ ਵੋਟਰਾਂ ਨੂੰ ਇਕ ਖਾਸ ਪਾਰਟੀ ਦੇ ਹੱਕ ’ਚ ਵੋਟ ਪਾਉਣ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ। ਸਥਾਨਕ ਲੋਕਾਂ ਦੇ ਅਨੁਸਾਰ, ਜਦੋਂ ਇੱਕ ਨੌਜਵਾਨ ਨੇ ਕਥਿਤ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ, ਤਾਂ ਅਧਿਕਾਰੀ ਨੇ ਉਸਦਾ ਮੋਬਾਈਲ ਫੋਨ ਖੋਹ ਲਿਆ। ਇਸ ਘਟਨਾ ਨਾਲ ਇਲਾਕੇ ਵਿੱਚ ਲੋਕਾਂ ਦਾ ਗੁੱਸਾ ਭੜਕ ਗਿਆ। ਵਿਰੋਧ ਪ੍ਰਦਰਸ਼ਨ ਵਧਦੇ ਦੇਖ ਕੇ ਪੁਲਿਸ ਅਧਿਕਾਰੀ ਮੌਕੇ ਤੋਂ ਚਲੇ ਗਏ। ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ।