ਜ਼ਿਲ੍ਹੇ ਅੰਦਰ ਵੋਟਾਂ ਲਈ ਆਂਧਰਾ ਪ੍ਰਦੇਸ਼ ਤੋਂ ਮੰਗਵਾਈਆਂ ਜਾਣਗੀਆਂ ਈਵੀਐਮ ਮਸ਼ੀਨਾਂ

-ਨਿਗਮ ਤੇ ਕੌਂਸਲ ਚੋਣਾਂ, ਬਠਿੰਡਾ ਵਿਖੇ ਵੇਅਰਹਾਊਸ ’ਚ ਪਈਆਂ ਈਵੀਐੱਮ ਮਸ਼ੀਨਾਂ ਫੱਕ ਰਹੀਆਂ ਨੇ ਧੂੜ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਗਈਆਂ ਹਨ, ਪਰ ਵੋਟਾਂ ਲਈ ਮਸ਼ੀਨਾਂ ਬਾਹਰਲੇ ਸੂਬੇ ਤੋਂ ਮੰਗਵਾਈਆਂ ਜਾਣਗੀਆਂ। ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਵਰਤੋਂ ਵਿੱਚ ਰਹੀਆਂ ਈਵੀਐੱਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ) ਆਪਣੀ ਨਿਰਧਾਰਿਤ ਉਮਰ ਹੱਦ ਪੂਰੀ ਕਰ ਚੁੱਕੀਆਂ ਹਨ, ਜਿਸ ਕਾਰਨ ਹੁਣ ਨਵੀਆਂ ਮਸ਼ੀਨਾਂ ਦੀ ਲੋੜ ਪੈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮੌਜੂਦਾ ਈਵੀਐਮ ਮਸ਼ੀਨਾਂ ਦੀ ਤਕਨੀਕੀ ਸਮਰੱਥਾ ਅਤੇ ਭਰੋਸੇਯੋਗਤਾ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਹੁਣ ਚੋਣਾਂ ’ਚ ਵਰਤਣਾ ਠੀਕ ਨਹੀਂ ਮੰਨਿਆ ਜਾ ਰਿਹਾ। ਇਸ ਲਈ ਚੋਣ ਕਮਿਸ਼ਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਨਵੀਆਂ ਜਾਂ ਅੱਪਡੇਟ ਕੀਤੀਆਂ ਈਵੀਐੱਮ ਮਸ਼ੀਨਾਂ ਹੋਰ ਰਾਜਾਂ ਤੋਂ ਪ੍ਰਾਪਤ ਕੀਤੀਆਂ ਜਾਣ। ਇਸ ਸੰਦਰਭ ਵਿੱਚ ਆਂਧਰਾ ਪ੍ਰਦੇਸ਼ ਤੋਂ ਈਵੀਐਮ ਮਸ਼ੀਨਾਂ ਮੰਗਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਮਸ਼ੀਨਾਂ ਆਉਣ ਵਿਚ ਕਰੀਬ ਦਸ ਦਿਨ ਦਾ ਸਮਾਂ ਲੱਗ ਸਕਦਾ ਹੈ। ਪਹਿਲਾਂ ਜਿੱਥੇ ਚੋਣਾਂ ਜਲਦ ਕਰਵਾਉਣ ਦੀ ਯੋਜਨਾ ਸੀ, ਹੁਣ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਚੋਣਾਂ ਮਈ ਦੇ ਆਖਰੀ ਹਫ਼ਤੇ ਜਾਂ ਜੂਨ ਦੇ ਪਹਿਲੇ ਹਫ਼ਤੇ ਵਿੱਚ ਕਰਵਾਈਆਂ ਜਾ ਸਕਦੀਆਂ ਹਨ। ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਰ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚ ਵੋਟਰ ਸੂਚੀਆਂ ਦੀ ਸੰਸ਼ੋਧਨ ਪ੍ਰਕਿਰਿਆ, ਪੋਲਿੰਗ ਸਟਾਫ ਦੀ ਨਿਯੁਕਤੀ ਅਤੇ ਟ੍ਰੇਨਿੰਗ, ਅਤੇ ਸੁਰੱਖਿਆ ਪ੍ਰਬੰਧ ਸ਼ਾਮਲ ਹਨ। ਇਸ ਤੋਂ ਇਲਾਵਾ ਨਵੀਆਂ ਈਵੀਐੱਮ ਮਸ਼ੀਨਾਂ ਦੀ ਟੈਸਟਿੰਗ ਅਤੇ ਮੌਕ ਡ੍ਰਿੱਲ ਵੀ ਕਰਵਾਈ ਜਾਵੇਗੀ ਤਾਂ ਜੋ ਚੋਣ ਦਿਨ ਕਿਸੇ ਤਰ੍ਹਾਂ ਦੀ ਤਕਨੀਕੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਕਰਵਾਉਣਾ ਹੈ। ਇਸ ਲਈ ਮਸ਼ੀਨਾਂ ਦੀ ਗੁਣਵੱਤਾ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਨਵੀਆਂ ਮਸ਼ੀਨਾਂ ਦੇ ਆਉਣ ਨਾਲ ਨਾ ਸਿਰਫ਼ ਚੋਣ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ, ਸਗੋਂ ਵੋਟਰਾਂ ਦਾ ਭਰੋਸਾ ਵੀ ਹੋਰ ਮਜ਼ਬੂਤ ਹੋਵੇਗਾ। ਇਸ ਦੌਰਾਨ ਰਾਜਨੀਤਿਕ ਪਾਰਟੀਆਂ ਵੀ ਚੋਣਾਂ ਲਈ ਆਪਣੀਆਂ ਤਿਆਰੀਆਂ ਵਿੱਚ ਜੁਟ ਗਈਆਂ ਹਨ। ਉਮੀਦਵਾਰਾਂ ਦੀ ਚੋਣ, ਚੋਣ ਪ੍ਰਚਾਰ ਦੀ ਰਣਨੀਤੀ ਅਤੇ ਜਨਸੰਪਰਕ ਮੁਹਿੰਮਾਂ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਜਿਵੇਂ ਹੀ ਚੋਣਾਂ ਦੀ ਅਧਿਕਾਰਿਕ ਤਰੀਖਾਂ ਦਾ ਐਲਾਨ ਹੁੰਦਾ ਹੈ, ਚੋਣਾਵੀ ਮਾਹੌਲ ਹੋਰ ਗਰਮ ਹੋਣ ਦੀ ਸੰਭਾਵਨਾ ਹੈ।
-ਬਾਕਸ-
-ਕਿਸ ਵਾਰਡਬੰਦੀ ਨਾਲ ਕਿਸ ਕੌਂਸਲ ’ਚ ਹੋਵੇਗੀ ਚੋਣ
ਜਾਣਕਾਰੀ ਅਨੁਸਾਰ ਜ਼ਿਲ੍ਹੇ ਅੰਦਰ ਇਕ ਨਗਰ ਨਿਗਮ ਸਮੇਤ 15 ਨਗਰ ਕੌਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ। ਇੰਨ੍ਹਾਂ ਵਿਚ ਪੰਜ ਨਗਰ ਕੌਂਸਲਾਂ ਅਤੇ ਨੌ ਨਗਰ ਪੰਚਾਇਤਾਂ ਸ਼ਾਮਲ ਹਨ। ਇਹ ਚੋਣਾਂ ਸਥਾਨਕ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਪੱਧਰ ਦੀਆਂ ਮੰਨੀਆਂ ਜਾਂਦੀਆਂ ਹਨ, ਕਿਉਂਕਿ ਇਨ੍ਹਾਂ ਰਾਹੀਂ ਸ਼ਹਿਰੀ ਅਤੇ ਅੱਧ-ਸ਼ਹਿਰੀ ਇਲਾਕਿਆਂ ਦੇ ਲੋਕ ਆਪਣੇ ਨੁਮਾਇੰਦਿਆਂ ਦੀ ਚੋਣ ਕਰਦੇ ਹਨ ਜੋ ਸਫਾਈ, ਸੜਕਾਂ, ਪਾਣੀ ਸਪਲਾਈ, ਰੌਸ਼ਨੀ ਅਤੇ ਹੋਰ ਮੁੱਢਲੀਆਂ ਸਹੂਲਤਾਂ ਨਾਲ ਸਬੰਧਤ ਕੰਮਾਂ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਅਨੁਸਾਰ ਬਠਿੰਡਾ ਨਗਰ ਨਿਗਮ, ਭਗਤਾ ਭਾਈਕਾ, ਭਾਈਰੂਪਾ, ਕੋਟਸ਼ਮੀਰ, ਕੋਠਾਗੁਰੂ, ਲਹਿਰਾ ਮੁਹੱਬਤ, ਮਹਿਰਾਜ, ਨਥਾਣਾ ਨਗਰ ਪੰਚਾਇਤਾਂ, ਭੁੱਚੋ ਮੰਡੀ, ਗੋਨਿਆਣਾ ਤੇ ਮੌੜ ਨਗਰ ਕੌਂਸਲ ਦੀਆਂ ਚੋਣਾਂ ਨਵੀਂ ਵਾਰਡਬੰਦੀ ਅਨੁਸਾਰ ਕਰਵਾਈਆਂ ਜਾਣੀਆਂ ਹਨ, ਜਦੋਂ ਕਿ ਨਗਰ ਕੌਂਸਲ ਰਾਮਾਂ ਮੰਡੀ, ਕੋਟਫੱਤਾ, ਸੰਗਤ ਅਤੇ ਨਗਰ ਪੰਚਾਇਤ ਮਲੂਕਾ ਦੀ ਚੋਣ ਪੁਰਾਣੀ ਵਾਰਡਬੰਦੀ ਅਨੁਸਾਰ ਕਰਵਾਈ ਜਾਣੀ ਹੈ।
-ਬਾਕਸ-
-ਕਿਹੜੀ ਕੌਂਸਲ ’ਚ ਕਿੰਨੇ ਵਾਰਡਾਂ ਦੀ ਹੋਵੇਗੀ ਚੋਣ
ਜ਼ਿਲ੍ਹੇ ਅੰਦਰ ਨਗਰ ਨਿਗਮ ਸਮੇਤ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕੋਲ 430 ਵਾਰਡਾਂ ਵਿੱਚ ਚੋਣ ਹੋਣੀ ਹੈ। ਚੋਣ ਕਮਿਸ਼ਨ ਦੇ ਪੱਤਰ ਅਨੁਸਾਰ ਬਠਿੰਡਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿਚ ਕੌਂਸਲਰਾਂ ਦੀ ਚੋਣ ਹੋਣੀ ਹੈ। ਇਸ ਤਰ੍ਹਾਂ ਭੁੱਚੋ ਮੰਡੀ ਵਿੱਚ 13 ਵਾਰਡਾਂ ’ਤੇ ਚੋਣ ਹੋਵੇਗੀ, ਜਦੋਂ ਕਿ ਗੋਨਿਆਣਾ ਨਗਰ ਕੌਂਸਲ 13, ਕੋਟਫੱਤ ਨਗਰ ਕੌਂਸਲ 11, ਮੌੜ ਮੰਡੀ ਨਗਰ ਕੌਂਸਲ 17, ਰਾਮਾਂ ਮੰਡੀ ਨਗਰ ਕੌਂਸਲ ਵਿਚ 15 ਵਾਰਡਾਂ ਵਿਚ ਹੋਣ ਹੋਵੇਗੀ। ਇਸ ਤਰ੍ਹਾਂ ਹੀ ਸੰਗਤ ਮੰਡੀ ਨਗਰ ਕੌਂਸਲ ਵਿਚ 9 ਵਾਰਡਾਂ, ਭਗਤਾ ਭਾਈ ਕਾ ਨਗਰਪੰਚਾਇਤ 13 ਵਾਰਡਾਂ, ਕੋਟ ਸ਼ਮੀਰ ਨਗਰ ਪੰਚਾਇਤ 13 ਵਾਰਡਾਂ, ਨਥਾਣਾ ਨਗਰ ਪੰਚਾਇਤ 11 ਵਾਰਡਾਂ, ਲਹਿਰਾ ਮੁਹੱਬਤ ਨਗਰ ਪੰਚਾਇਤ 11 ਵਾਰਡਾਂ, ਭਾਈ ਰੂਪਾ ਨਗਰ ਪੰਚਾਇਤ 13 ਵਾਰਡਾਂ, ਮਹਿਰਾਜ ਨਗਰ ਪੰਚਾਇਤ 13 ਵਾਰਡਾਂ, ਕੋਠਾ ਗੁਰੂ ਨਗਰ ਪੰਚਾਇਤ 11 ਵਾਰਡਾਂ, ਮਲੂਕਾ ਨਗਰ ਪੰਚਾਇਤ 11 ਵਿੱਚ ਇਹ ਚੋਣਾਂ ਹੋਣੀਆਂ ਹਨ। ਤਲਵੰਡੀ ਸਾਬੋ ਨਗਰ ਕੌਂਸਲ ਦੇ ਵਾਰਡ ਨੰਬਰ 13 ਵਿੱਚ ਵੀ ਇਨ੍ਹਾਂ ਦੇ ਨਾਲ ਹੀ ਉਪ ਚੋਣ ਹੋਵੇਗੀ। ਇਸ ਤਰ੍ਹਾਂ ਕੁੱਲ ਮਿਲਾ ਕੇ ਜ਼ਿਲ੍ਹੇ ਅੰਦਰ 430 ਵਾਰਡਾਂ ਵਿੱਚ ਕੌਂਸਲਰਾਂ ਦੀ ਇਹ ਚੋਣ ਹੋਣੀ ਹੈ। ਇਨ੍ਹਾਂ ਚੋਣਾਂ ਤੋਂ ਬਾਅਦ ਜਿਹੜੀ ਪਾਰਟੀ ਬਹੁਮਤ ਪ੍ਰਾਪਤ ਕਰੇਗੀ, ਉਹੀ ਆਪਣੇ ਪ੍ਰਧਾਨ ਚੁਣ ਸਕੇਗੀ।