ਜ਼ਿਲ੍ਹੇ ਵਿੱਚ ਗਰਮੀ ਦਾ ਕਹਿਰ ਜਾਰੀ, ਤਾਪਮਾਨ 45 ਡਿਗਰੀ ਕੀਤਾ ਪਾਰ, ਸੋਮਵਾਰ ਨੂੰ ਤਾਪਮਾਨ ਸੀ 47 ਡਿਗਰੀ

-ਅਗਲੇ ਦਿਨਾਂ ’ਚ ਤਾਪਮਾਨ 47 ਡਿਗਰੀ ਤਕ ਪੁੱਜਣ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਲੂ ਦਾ ਅਲਰਟ ਜਾਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਭਿਆਨਕ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਪਾਰਾ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਤਿੱਖੀ ਧੁੱਪ ਤੇ ਗਰਮ ਹਵਾਵਾਂ ਨੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਮਨੁੱਖਾਂ ਦੇ ਨਾਲ-ਨਾਲ ਪਸ਼ੂ ਤੇ ਪੰਛੀ ਵੀ ਇਸ ਭਿਆਨਕ ਗਰਮੀ ਦੀ ਮਾਰ ਸਹਿ ਰਹੇ ਹਨ। ਦਿਨ ਸਮੇਂ ਸ਼ਹਿਰ ਦੀਆਂ ਸੜਕਾਂ ’ਤੇ ਬਾਜ਼ਾਰ ਸੁੰਨੇ ਹੋ ਜਾਂਦੇ ਹਨ।
ਮੌਸਮ ਵਿਭਾਗ ਅਨੁਸਾਰ ਭਵਿੱਖ ’ਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ ਤੇ ਤਾਪਮਾਨ 47 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ। ਸੋਮਵਾਰ ਨੂੰ ਜ਼ਿਲ੍ਹੇ ਦਾ ਤਾਪਮਾਨ 47 ਡਿਗਰੀ ਤਕ ਪਹੁੰਚ ਗਿਆ ਸੀ। ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਲੂ ਦਾ ਅਲਰਟ ਵੀ ਜਾਰੀ ਕੀਤਾ ਹੈ। ਮਾਹਿਰਾਂ ਮੁਤਾਬਕ ਬਠਿੰਡਾ ਜ਼ਿਲ੍ਹਾ ਰਾਜਸਥਾਨ ਦੇ ਨੇੜੇ ਹੋਣ ਕਾਰਨ ਇੱਥੇ ਗਰਮੀ ਦਾ ਅਸਰ ਹੋਰ ਜ਼ਿਆਦਾ ਰਹਿੰਦਾ ਹੈ। ਰੇਤਲੇ ਇਲਾਕਿਆਂ ਤੋਂ ਆਉਣ ਵਾਲੀਆਂ ਗਰਮ ਹਵਾਵਾਂ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2024 ਵਿੱਚ ਵੀ ਬਠਿੰਡਾ ਦਾ ਤਾਪਮਾਨ 47 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ ਸੀ। ਇਸ ਵਾਰ ਵੀ ਮੌਸਮ ਦਾ ਰੁਝਾਨ ਉਸੇ ਤਰ੍ਹਾਂ ਦੇ ਸੰਕੇਤ ਦੇ ਰਿਹਾ ਹੈ। ਬੁੱਧਵਾਰ ਨੂੰ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਗਰਮੀ ਕਾਰਨ ਦਿਨ ਦੇ ਸਮੇਂ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ ਅਤੇ ਲੋਕ ਸਿਰਫ਼ ਜ਼ਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਗਰਮੀ ਕਾਰਨ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਲੂ, ਡੀਹਾਈਡਰੇਸ਼ਨ, ਬੁਖ਼ਾਰ ਤੇ ਚੱਕਰ ਆਉਣ ਦੀਆਂ ਸਮੱਸਿਆਵਾਂ ਨਾਲ ਕਈ ਲੋਕ ਸਿਵਲ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਲਈ ਪਹੁੰਚ ਰਹੇ ਹਨ। ਡਾਕਟਰਾਂ ਨੇ ਲੋਕਾਂ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਵੱਧ ਤੋਂ ਵੱਧ ਪਾਣੀ ਪੀਣ, ਹਲਕੇ ਕੱਪੜੇ ਪਹਿਨਣ ਅਤੇ ਸਿੱਧੀ ਧੁੱਪ ਤੋਂ ਬਚਣ ਲਈ ਕਿਹਾ ਗਿਆ ਹੈ। ਭਿਆਨਕ ਗਰਮੀ ਦਾ ਅਸਰ ਪਸ਼ੂਆਂ ਤੇ ਪੰਛੀਆਂ ’ਤੇ ਵੀ ਸਪੱਸ਼ਟ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ। ਪਾਣੀ ਦੀ ਕਮੀ ਕਾਰਨ ਪੰਛੀ ਇੱਧਰ-ਉੱਧਰ ਭਟਕਦੇ ਨਜ਼ਰ ਆ ਰਹੇ ਹਨ, ਜਦਕਿ ਪਸ਼ੂ ਵੀ ਛਾਂ ਅਤੇ ਪਾਣੀ ਦੀ ਤਲਾਸ਼ ਕਰਦੇ ਵੇਖੇ ਜਾ ਰਹੇ ਹਨ। ਪਸ਼ੂ ਪਾਲਣ ਵਿਭਾਗ ਨੇ ਪਸ਼ੂਆਂ ਨੂੰ ਧੁੱਪ ਤੋਂ ਬਚਾਉਣ ਅਤੇ ਉਨ੍ਹਾਂ ਲਈ ਪੂਰੀ ਪਾਣੀ ਦੀ ਵਿਵਸਥਾ ਕਰਨ ਦੀ ਅਪੀਲ ਕੀਤੀ ਹੈ। ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਵੱਖ-ਵੱਖ ਥਾਵਾਂ ’ਤੇ ਪਾਣੀ ਦੇ ਬਰਤਨ ਰੱਖੇ ਜਾ ਰਹੇ ਹਨ ਤਾਂ ਜੋ ਪੰਛੀਆਂ ਨੂੰ ਰਾਹਤ ਮਿਲ ਸਕੇ। ਦੂਜੇ ਪਾਸੇ ਬਿਜਲੀ ਦੀ ਮੰਗ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਏਅਰ ਕੰਡੀਸ਼ਨਰ, ਕੂਲਰ ਅਤੇ ਪੱਖਿਆਂ ਦੀ ਵੱਧ ਵਰਤੋਂ ਕਾਰਨ ਬਿਜਲੀ ਖਪਤ ਰਿਕਾਰਡ ਪੱਧਰ ਤਕ ਪਹੁੰਚ ਰਹੀ ਹੈ। ਕਈ ਇਲਾਕਿਆਂ ਵਿੱਚ ਬਿਜਲੀ ਕੱਟਾਂ ਦੀ ਸਮੱਸਿਆ ਵੀ ਸਾਹਮਣੇ ਆ ਰਹੀ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਰਹੀਆਂ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਕਿ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ। ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤਾਪਮਾਨ ਵਿੱਚ ਇਸੇ ਤਰ੍ਹਾਂ ਵਾਧਾ ਜਾਰੀ ਰਿਹਾ ਤਾਂ ਆਉਣ ਵਾਲੇ ਦਿਨ ਹੋਰ ਵੀ ਮੁਸ਼ਕਲ ਭਰੇ ਹੋ ਸਕਦੇ ਹਨ।
ਬਾਕਸ
ਸ਼ਹਿਰ ਵਿੱਚ ਪੈ ਰਹੀ ਭਿਆਨਕ ਗਰਮੀ ਕਾਰਨ ਆਮ ਲੋਕਾਂ ਅਤੇ ਬੇਸਹਾਰਾ ਵਿਅਕਤੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਥਿਤੀ ਨੂੰ ਦੇਖਦਿਆਂ ਸਹਾਰਾ ਜਨ ਸੇਵਾ ਵੱਲੋਂ ਲੋਕਾਂ ਦੀ ਸਹਾਇਤਾ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਹਾਰਾ ਦੀਆਂ ਤਿੰਨ ਐਂਬੂਲੈਂਸ ਵੈਨਾਂ ਵਿੱਚ ਗਰਮੀ ਨਾਲ ਸਬੰਧਤ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਹਨ। ਬਠਿੰਡਾ ਸ਼ਹਿਰ ਅਤੇ 20 ਕਿਲੋਮੀਟਰ ਦੇ ਆਸ-ਪਾਸ ਕਿਸੇ ਵੀ ਵਿਅਕਤੀ ਦੇ ਗਰਮੀ ਕਾਰਨ ਬੀਮਾਰ ਹੋਣ ਜਾਂ ਬੇਹੋਸ਼ ਹੋ ਕੇ ਡਿੱਗਣ ਦੀ ਸੂਚਨਾ ਮਿਲਦੇ ਹੀ 5 ਤੋਂ 10 ਮਿੰਟਾਂ ਵਿੱਚ ਐਂਬੂਲੈਂਸ ਸਹਾਇਤਾ ਮੌਕੇ ‘ਤੇ ਪਹੁੰਚ ਜਾਂਦੀ ਹੈ। ਗਰਮੀਆਂ ਦੌਰਾਨ ਲੋਕਾਂ ਨੂੰ ਠੰਢਾ ਪਾਣੀ ਮੁਹੱਈਆ ਕਰਵਾਉਣ ਲਈ ਸਹਾਰਾ ਜਨ ਸੇਵਾ ਵੱਲੋਂ ਬਠਿੰਡਾ ਰੇਲਵੇ ਸਟੇਸ਼ਨ ‘ਤੇ 3000 ਲੀਟਰ ਸਮਰੱਥਾ ਵਾਲਾ ਵੱਡਾ ਪਾਣੀ ਦਾ ਟੈਂਕਰ ਲਗਾਇਆ ਗਿਆ ਹੈ। ਟੈਂਕਰ ਵਿੱਚ ਹਰ ਰੋਜ਼ ਇਕ ਗੁਪਤ ਦਾਨੀ ਵੱਲੋਂ ਤਿੰਨ ਬਰਫ਼ ਦੀਆਂ ਸਿੱਲੀਆਂ ਪਵਾਈਆਂ ਜਾਂਦੀਆਂ ਹਨ। ਸਥਾਨਕ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਹਰ ਰੋਜ਼ 80 ਕੈਂਪਰ ਠੰਢੇ ਪਾਣੀ ਦੇ ਉਪਲਬਧ ਕਰਵਾਏ ਜਾਂਦੇ ਹਨ। ਹਸਪਤਾਲ ਵਿੱਚ ਸੰਸਥਾ ਵੱਲੋਂ ਦੋ ਵਾਟਰ ਕੂਲਰ ਵੀ ਲਗਵਾਏ ਗਏ ਹਨ। ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵਿਅਕਤੀ ਗਰਮੀ ਕਾਰਨ ਬੀਮਾਰ ਹੋਵੇ ਜਾਂ ਤਕਲੀਫ਼ ਮਹਿਸੂਸ ਕਰ ਰਿਹਾ ਹੋਵੇ ਤਾਂ ਸੰਸਥਾ ਦੇ ਐਮਰਜੈਂਸੀ ਨੰਬਰ 98551-33333 ਜਾਂ 98146-04777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਤ ਦੀ ਗਰਮੀ ਪੈਣ ਕਾਰਨ ਸ਼ਹਿਰ ਵਿਚ ਤਿੰਨ ਦਿਨਾਂ ’ਚ 3 ਵਿਅਕਤੀ ਬੇਹੋਸ਼ ਹੋ ਚੁੱਕੇ ਹਨ। ਬੁੱਧਵਾਰ ਨੂੰ ਸਥਾਨਕ ਮਾਲ ਗੁਦਾਮ ਰੋਡ ’ਤੇ ਤਿੰਨ ਬੇਸਹਾਰਾ ਵਿਅਕਤੀ ਗਰਮੀ ਕਾਰਨ ਬਿਮਾਰ ਹੋ ਗਏ, ਜਿਨ੍ਹਾਂ ਨੂੰ ਸਹਾਰਾ ਐਂਬੂਲੈਂਸ ਟੀਮ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉੱਥੇ ਐਮਰਜੈਂਸੀ ਵਾਰਡ ’ਚ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਇਆ।