ਭਾਰੀ ਤੂਫ਼ਾਨ ਅਤੇ ਮੀਂਹ ਨਾਲ ਆਮ ਜਨਜੀਵਨ ਪ੍ਰਭਾਵਿਤ, ਝੱਖੜ ਨਾਲ ਦਰੱਖਤ ਤੇ ਖੰਬੇ ਡਿੱਗਣ ਕਾਰਨ ਬਿਜਲੀ ਰਹੀ ਬੰਦ

-ਮੀਂਹ ਨਾਲ ਮੌਸਮ ਸੁਹਾਵਣਾ, ਮੰਡੀਆਂ ’ਚ ਭਿੱਜੀ ਕਣਕ, ਸ਼ਾਰਟ-ਸਰਕਟ ਕਾਰਨ ਰੈਸਟੋਰੈਂਟ ’ਚ ਲੱਗੀ ਅੱਗ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸੋਮਵਾਰ ਦੇਰ ਰਾਤ ਬਠਿੰਡਾ ਵਿੱਚ ਆਏ ਭਾਰੀ ਤੂਫ਼ਾਨ ਅਤੇ ਮੀਂਹ ਨੇ ਜਿੱਥੇ ਪੈਰ ਰਹੀ ਸਖਤ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਤੂਫਾਨ ਕਾਰਨ ਕਈ ਥਾਵਾਂ ’ਤੇ ਰੁੱਖ ਤੇ ਬਿਜਲੀ ਦੇ ਖੰਭੇ ਡਿੱਗ ਪਏ, ਸਿੱਧਟੇ ਵਜੋਂ ਬਿਜਲੀ ਸਪਲਾਈ ਬੰਦ ਰਹੀ। ਮੌਸਮ ਵਿਭਾਗ ਅਨੁਸਾਰ ਜ਼ਿਲ੍ਹੇ ਵਿੱਚ 20.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿੱਚ ਅਚਾਨਕ ਆਈ ਤਬਦੀਲੀ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ, ਜਿਸ ਨਾਲ ਲੋਕਾਂ ਨੂੰ ਇਕ ਵਾਰ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਕਾਰਨ ਮੰਡੀਆਂ ਵਿੱਚ ਖੁੱਲ੍ਹੇ ਅਤੇ ਬੋਰੀਆਂ ਵਿਚ ਭਾਰੀ ਕਣਕ ਦੀਆਂ ਫ਼ਸਲ ਭਿੱਜ ਗਈ, ਜਿਸ ਕਾਰਨ ਕਣਕ ਦੀ ਫਸਲ ਦੇ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਦਾਣਾ ਮੰਡੀਆਂ ਵਿਚ ਢੁਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਫ਼ਸਲ ਨੂੰ ਮੀਂਹ ਤੋਂ ਨਹੀਂ ਬਚਾਇਆ ਜਾ ਸਕਿਆ। ਕਈ ਥਾਵਾਂ ’ਤੇ ਕਣਕ ਦੇ ਢੇਰ ਪੂਰੀ ਤਰ੍ਹਾਂ ਭਿੱਜ ਗਏ ਸਨ, ਜਿਸ ਨਾਲ ਉਨ੍ਹਾਂ ਦੀ ਗੁਣਵੱਤਾ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਇਸ ਨਾਲ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ ਤੇ ਉਨ੍ਹਾਂ ਨੂੰ ਆਪਣੀਆਂ ਫਸਲਾਂ ਦਾ ਸਹੀ ਮੁੱਲ ਪ੍ਰਾਪਤ ਕਰਨ ਵਿੱਚ ਰੁਕਾਵਟ ਆ ਸਕਦੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਉਨ੍ਹਾਂ ਦੇ ਨੁਕਸਾਨ ਦਾ ਮੁੱਲਾਂਕਣ ਕਰੇ ਅਤੇ ਢੁੱਕਵਾਂ ਮੁਆਵਜ਼ਾ ਦੇਵੇ।
ਤੂਫ਼ਾਨ ਕਾਰਨ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਰੁੱਖ ਤੇ ਬਿਜਲੀ ਦੇ ਖੰਭੇ ਡਿੱਗ ਪਏ, ਜਿਸ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪਿਆ। ਕਈ ਥਾਵਾਂ 'ਤੇ ਸੋਮਵਾਰ ਪੂਰੀ ਰਾਤ ਦੇ ਨਾਲ-ਨਾਲ ਮੰਗਲਵਾਰ ਦੁਪਹਿਰ ਤਕ ਬਿਜਲੀ ਬੰਦ ਰਹੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਬੰਦ ਹੋਣ ਨਾਲ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਤੇ ਪਾਣੀ ਦੀ ਸਪਲਾਈ ਅਤੇ ਹੋਰ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪਿਆ। ਇਸ ਦੌਰਾਨ ਸ਼ਹਿਰ ਦੇ ਮਾਡਲ ਟਾਊਨ ਫੇਜ਼ 2 ਖੇਤਰ ਵਿੱਚ ਮੀਂਹ ਕਾਰਨ ਸੜਕ ਧਸ ਗਈ। ਲੋਕਾਂ ਨੇ ਦੱਸਿਆ ਕਿ ਸੜਕ ਪਹਿਲਾਂ ਹੀ ਦੱਬ ਚੁੱਕੀ ਸੀ, ਪਰ ਮੀਂਹ ਤੋਂ ਬਾਅਦ ਟੋਏ ਡੂੰਘੇ ਹੋ ਗਏ ਹਨ, ਜਿਸ ਨਾਲ ਪੈਦਲ ਚੱਲਣ ਵਾਲਿਆਂ ਅਤੇ ਗੱਡੀ ਚਾਲਕਾਂ ਲਈ ਖ਼ਤਰਾ ਵਧ ਗਿਆ ਹੈ। ਇਲਾਕੇ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਸੇ ਵੀ ਹਾਦਸੇ ਤੋਂ ਬਚਣ ਲਈ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ।
ਭੱਟੀ ਰੋਡ ’ਤੇ ਇਕ ਰੈਸਟੋਰੈਂਟ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਨੇ ਬੜੀ ਤੇਜੀ ਨਾਲ ਰੈਸਟੋਰੈਂਟ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਘਟਨਾ ਸਥਾਨ 'ਤੇ ਦਹਿਸ਼ਤ ਫੈਲ ਗਈ। ਨੇੜਲੇ ਨਿਵਾਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚੀਆਂ, ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਰੈਸਟੋਰੈਂਟ ਨੂੰ ਕਾਫ਼ੀ ਨੁਕਸਾਨ ਹੋਇਆ। ਹਾਲਾਂਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਬੰਧਤ ਵਿਭਾਗਾਂ ਨੂੰ ਬਿਜਲੀ ਸਪਲਾਈ ਬਹਾਲ ਕਰਨ ਤੇ ਸੜਕਾਂ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੁੱਲ ਮਿਲਾ ਕੇ ਜਿੱਥੇ ਇਸ ਬਾਰਸ਼ ਨੇ ਲੋਕਾਂ ਨੂੰ ਰਾਹਤ ਦਿੱਤੀ, ਉੱਥੇ ਇਸ ਨੇ ਕਿਸਾਨਾਂ ਤੇ ਸ਼ਹਿਰ ਵਾਸੀਆਂ ਲਈ ਕਈ ਨਵੀਆਂ ਸਮੱਸਿਆਵਾਂ ਵੀ ਪੈਦਾ ਕੀਤੀਆਂ। ਖੇਤੀਬਾੜੀ ਮਾਹਿਰ ਡਾ. ਬਲਜਿੰਦਰ ਸਿੰਘ ਦਾ ਕਹਿਣਾ ਸੀ ਕਿ ਨਰਮੇ ਦੀ ਬਿਜਾਈ ਚੱਲ ਰਹੀ ਹੈ। ਇਸ ਲਈ ਕਿਸਾਨਾਂ ਨੂੰ ਪਾਣੀ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ ਮੌਸਮ ਠੰਢਾ ਹੋਣ ਕਾਰਨ ਨਰਮੇ ਦੀ ਲਾਭਦਾਇਕ ਹੈ।