ਅੱਜ ਤਿੰਨ ਵਜੇ ਤਕ ਭਰੀਆਂ ਜਾ ਸਕਣਗੀਆਂ ਨਾਮਜ਼ਦਗੀਆਂ
ਨਗਰ ਨਿਗਮ ਚੋਣਾਂ: ਉਮੀਦਵਾਰਾਂ ਦੇ ਐਲਾਨ ਵਿੱਚ ਆਪ ਸਭ ਤੋਂ ਅੱਗੇ
Publish Date: Fri, 15 May 2026 05:26 PM (IST)
Updated Date: Sat, 16 May 2026 04:03 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ. ਬਠਿੰਡਾ : ਇੱਥੇ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ, ਪਰ ਹਾਲੇ ਤਕ ਆਮ ਆਦਮੀ ਪਾਰਟੀ (ਆਪ) ਨੂੰ ਛੱਡ ਕੇ ਕੋਈ ਵੀ ਮੁੱਖ ਪਾਰਟੀ ਸਾਰੇ 50 ਵਾਰਡਾਂ ਵਿੱਚ ਆਪਣੇ ਉਮੀਦਵਾਰ ਐਲਾਨ ਨਹੀਂ ਕਰ ਸਕੀ। ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਸਾਰੇ 50 ਵਾਰਡਾਂ ਵਿੱਚ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਨੇ ਹੁਣ ਤਕ 42 ਵਾਰਡਾਂ ਵਿੱਚ ਉਮੀਦਵਾਰ ਐਲਾਨ ਕੀਤੇ ਹਨ, ਜਦੋਂ ਕਿ ਭਾਜਪਾ 28 ਅਤੇ ਸ੍ਰੋਮਣੀ ਅਕਾਲੀ ਦਲ 44 ਵਾਰਡਾਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਚੁੱਕਿਆ ਹੈ। ਪਾਰਟੀ ਨੇ ਵਾਰਡ ਨੰਬਰ 1, 17, 19, 26, 34, 43, 47 ਅਤੇ 48 ਵਿੱਚ ਅਜੇ ਉਮੀਦਵਾਰ ਨਹੀਂ ਐਲਾਨ ਕੀਤੇ। ਸ੍ਰੋਮਣੀ ਅਕਾਲੀ ਦਲ ਨੇ 44 ਵਾਰਡਾਂ ਵਿੱਚ ਉਮੀਦਵਾਰ ਤੈਅ ਕੀਤੇ ਹਨ, ਜਦਕਿ ਵਾਰਡ ਨੰਬਰ 20, 41, 43, 44, 46 ਅਤੇ 47 ਵਿੱਚ ਉਮੀਦਵਾਰਾਂ ਦਾ ਐਲਾਨ ਬਾਕੀ ਹੈ। ਭਾਜਪਾ ਨੇ ਹੁਣ ਤਕ ਸਿਰਫ 28 ਵਾਰਡਾਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਪਾਰਟੀ ਨੇ ਵਾਰਡ ਨੰਬਰ 1, 3, 4, 5, 7, 12, 13, 19, 21, 22, 23, 25, 26, 27, 28, 32, 35, 36, 39, 41, 47 ਅਤੇ 48 ’ਚ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਦਾ ਸਿਆਸੀ ਮਾਹੌਲ ਬਿਲਕੁਲ ਗਰਮਾਇਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵਾਰਡਾਂ ਵਿੱਚ ਡੋਰ-ਟੂ-ਡੋਰ ਪ੍ਰਚਾਰ ਸ਼ੁਰੂ ਕਰ ਚੁੱਕੇ ਹਨ। ਚੋਣ ਮੁੱਦੇ ਸ਼ਹਿਰ ਵਿੱਚ ਸਫਾਈ ਪ੍ਰਣਾਲੀ, ਪੀਣ ਦਾ ਪਾਣੀ, ਸੀਵਰੇਜ਼, ਟੁੱਟੀਆਂ ਸੜਕਾਂ ਅਤੇ ਵਿਕਾਸ ਕਾਰਜ ਹਨ। ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਮੀਟਿੰਗਾਂ ਅਤੇ ਨੁਕੜ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰੀ ਨਿਗਮ ਚੋਣਾਂ ਵਿੱਚ ਕਾਫ਼ੀ ਕਰੜਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ-ਨਾਲ ਟਿਕਟ ਵੰਡ ਨੂੰ ਲੈ ਕੇ ਕਈ ਪਾਰਟੀਆਂ ਵਿੱਚ ਅੰਦਰੂਨੀ ਖਿੱਚੋਤਾਣ ਵੀ ਸਾਹਮਣੇ ਆ ਰਹੀ ਹੈ।