ਟਿਕਟਾਂ ਨੂੰ ਲੈ ਕੇ ਕਈ ਵਾਰਡਾਂ ’ਚ ‘ਆਪ’ ਤੇ ਅਕਾਲੀ ਆਗੂਆਂ ਵਿਚਾਲੇ ਫਸੇ ਪੇਚ
ਟਿਕਟਾਂ ਨੂੰ ਲੈ ਕੇ ਕਈ ਵਾਰਡਾਂ ਵਿਚ ਆਪ ਤੇ ਅਕਾਲੀ ਆਗੂਆਂ ਵਿਚਕਾਰ ਫਸੇ ਪੇਚ
Publish Date: Wed, 13 May 2026 06:52 PM (IST)
Updated Date: Thu, 14 May 2026 04:09 AM (IST)

-ਕਾਂਗਰਸ ’ਚ ਪੈਦਾ ਹੋਈ ਗੁੱਟਬੰਦੀ, ‘ਆਪ’, ਅਕਾਲੀ ਦਲ ਤੇ ਕਾਂਗਰਸ ਨੂੰ ਆਪਣਿਆਂ ਤੋਂ ਵੀ ਸਿਆਸੀ ਖ਼ਤਰੇ ਦੇ ਵਧੇ ਚਰਚੇ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ 26 ਮਈ ਨੂੰ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਲਈ ਹਾਲੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸਮੇਤ ਕਾਂਗਰਸ, ਸ੍ਰੋਮਣੀ ਅਕਾਲੀ ਦਲ, ਭਾਜਪਾ, ਬਸਪਾ ਆਦਿ ਸਿਆਸੀ ਪਾਰਟੀਆਂ ਕਿਸੇ ਵੀ ਨਗਰ ਪੰਚਾਇਤ ਲਈ ਆਪਣੇ ਸਾਰੇ ਉਮੀਦਵਾਰ ਦਾ ਐਲਾਨ ਨਹੀ ਕਰ ਸਕੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸਿਆਸੀ ਪਾਰਟੀਆਂ ਕੋਲ ਸਾਰੇ ਵਾਰਡਾਂ ਲਈ ਪੂਰੇ ਉਮੀਦਵਾਰ ਨਾ ਹੋਣ ਕਾਰਨ ਸੂਚੀ ਜਾਰੀ ਕਰਨ ਵਿਚ ਦੇਰੀ ਹੋ ਰਹੀ ਹੈ। ਇਸ ਤੋਂ ਇਲਾਵਾ ਕੁਝ ਵਾਰਡਾਂ ਸਿਆਸੀ ਪਾਰਟੀਆਂ ਦੇ ਇਕ ਤੋਂ ਵੱਧ ਉਮੀਦਵਾਰ ਦਾਅਵੇਦਾਰ ਹੋਣ ਕਾਰਨ ਸਿਆਸੀ ਨੇਤਾ ਕਸੂਤੀ ਸਥਿਤੀ ਵਿਚ ਫਸੇ ਹੋਏ ਵਿਖਾਈ ਦੇ ਰਹੇ ਹਨ। ਲੋਕਾਂ ਵਿਚ ਚਰਚਾ ਹੈ ਕਿ ਨਗਰ ਪੰਚਾਇਤ ਚੋਣਾਂ ਹਲਕੇ ਦੇ ਸਿਆਸੀ ਆਗੂਆਂ ਦਾ ਭਵਿੱਖ ਵੀ ਤੈਅ ਕਰਨਗੀਆਂ। ਪ੍ਰੰਤੂ ਆਪ, ਅਕਾਲੀ ਦਲ ਅਤੇ ਕਾਂਗਰਸ ਨੂੰ ਆਪਣਿਆਂ ਤੋਂ ਵੀ ਸਿਆਸੀ ਖਤਰੇ ਦੇ ਚਰਚੇ ਹਨ। -ਬਾਕਸ- -ਆਪ ਦੀਆਂ ਟਿਕਟਾਂ ਲਈ ਕਈਆਂ ’ਚ ਫਸੇ ਪੇਚ ਆਮ ਆਦਮੀ ਪਾਰਟੀ ਵੀ ਹਾਲੇ ਤਕ ਨਗਰ ਪੰਚਾਇਤ ਭਗਤਾ ਭਾਈ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀ ਕਰ ਸਕੀ। ਟਿਕਟਾਂ ਦੀ ਵੰਡ ਨੂੰ ਲੈਕੇ ਆਪ ਵਿਚ ਸਿਆਸੀ ਘਸਮਾਨ ਦੀ ਖੂਬ ਚਰਚਾ ਹੋ ਰਹੀ ਹੈ। ਨਗਰ ਪੰਚਾਇਤ ਭਗਤਾ ਭਾਈ ਦੇ 10 ਨੰਬਰ ਵਾਰਡ ਤੋਂ ਆਪ ਦੀ ਟਿਕਟ ਹਾਸਲ ਕਰਨ ਲਈ ਦੋ ਆਗੂਆਂ ਵਿਚ ਫਸੇ ਹੋਏ ਕੁੰਢੀਆਂ ਦੇ ਸਿੰਗ ਕਿਸੇ ਤੋਂ ਲੁਕੇ ਨਹੀ। ਇਸ ਵਾਰਡ ਤੋਂ ਆਪ ਦੇ ਟਕਸਾਲੀ ਆਗੂ ਅਤੇ 2014 ਵਿਚ ਹਲਕਾ ਇੰਚਾਰਜ ਰਹੇ ਰਾਜਵਿੰਦਰ ਸਿੰਘ ਭਗਤਾ ਟਿਕਟ ਦੇ ਚਾਹਵਾਨ ਹਨ, ਜਦ ਇਸੇ ਵਾਰਡ ਵਿਚੋਂ ਆਪ ਦੇ ਸਰਗਰਮ ਆਗੂ ਸੁਰੇਸ਼ ਕੁਮਾਰ ਕਾਲਾ ਸੇਤੀਆ ਜਿਸਨੇ ਕੁਝ ਸਮਾਂ ਪਹਿਲਾ ਸਥਾਨਿਕ ਸਹਿਰ ਵਿਖੇ ਬਲਾਕ ਪੱਧਰੀ ਦਫਤਰ ਵੀ ਖੋਲਿਆ ਸੀ, ਵੀ ਟਿਕਟ ਦੇ ਚਾਹਵਾਨ ਹਨ। ਸੂਤਰਾਂ ਅਨੁਸਾਰ ਦੋਵੇਂ ਆਗੂ ਰਾਜਵਿੰਦਰ ਸਿੰਘ ਭਗਤਾ ਅਤੇ ਸੁਰੇਸ਼ ਕੁਮਾਰ ਕਾਲਾ ਵਾਰਡ ਨੰਬਰ 10 ਤੋਂ ਹੀ ਟਿਕਟ ਹਾਸਿਲ ਕਰਨ ਲਈ ਬਜ਼ਿਦ ਹਨ। ਜਿਸ ਨੂੰ ਹਲਕਾ ਵਿਧਾਇਕ ਬਲਕਾਰ ਸਿੱਧੂ ਸਮੇਤ ਪੰਜ ਮੈਂਬਰੀ ਸਕ੍ਰੀਨਿੰਗ ਕਮੇਟੀ ਕਸੁਤੀ ਸਥਿਤੀ ਵਿਚ ਫਸੀ ਜਾਪਦੀ ਹੈ। ਚਰਚਾ ਹੈ ਕਿ ਵਾਰਡ ਨੰਬਰ 10 ਦੀ ਟਿਕਟ ਸਥਾਨਕ ਸਹਿਰ ਵਿਚ ਆਪ ਦਾ ਸਿਆਸੀ ਭਵਿੱਖ ਤੈਅ ਕਰ ਸਕਦੀ ਹੈ। -ਬਾਕਸ- -ਅਕਾਲੀ ਆਗੂ ਵੀ ਟਿਕਟਾਂ ਲਈ ਆਹਮੋ-ਸਾਹਮਣੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਾਲ ਦੀ ਘੜੀ ਨਗਰ ਪੰਚਾਇਤ ਭਗਤਾ ਭਾਈ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਨਹੀ ਕੀਤੀ। ਸਹਿਰ ਦਾ ਵਾਰਡ ਨੰਬਰ 5, ਵਾਰਡ ਨੰਬਰ 10, ਵਾਰਡ ਨੰਬਰ 11 ਵੀ ਅਕਾਲੀ ਦਲ ਲਈ ਸਿਰਦਰਦੀ ਬਣਿਆ ਹੋਇਆ ਹੈ। ਵਾਰਡ ਨੰਬਰ 5 ਤੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਜਿੰਦਰ ਸਿੰਘ ਖਾਨਦਾਨ ਅਤੇ ਨੌਜਵਾਨ ਆਗੂ ਸਤਵਿੰਦਰਪਾਲ ਸਿੰਘ ਪਿੰਦਰ ਟਿਕਟ ਦੇ ਚਾਹਵਾਨ ਹਨ, ਦੋਵੇਂ ਆਗੂ ਟਿਕਟ ਹਾਸਿਲ ਕਰਨ ਲਈ ਆਪਣੀ ਜ਼ਿੱਦ ਤੇ ਅੜੇ ਹੋਏ ਹਨ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਉਕਤ ਦੋਵੇਂ ਆਗੂਆਂ ਵਿਚੋਂ ਕਿਸੇ ਇਕ ਨੂੰ ਮਨਾਉਣ ਵਿਚ ਸਫਲ ਨਹੀ ਹੋ ਸਕੇ। ਜਿਸ ਕਰਕੇ 5 ਨੰਬਰ ਵਾਰਡ ਦੇ ਨਾਲ ਨਾਲ ਵਾਰਡ ਨੰਬਰ 4 ਵਿਚ ਵੀ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਹੋਣ ਦੇ ਸੰਕੇਤ ਹਨ। ਇਸੇ ਤਰ੍ਹਾਂ ਵਾਰਡ ਨੰਬਰ 10 ਵਿਚੋਂ ਅਕਾਲੀ ਦਲ ਰਘਵੀਰ ਸਿੰਘ ਕਾਕਾ ਜੋ ਦੋ ਵਾਰ ਕੌਂਸਲਰ ਚੁਣੇ ਗਏ ਹਨ ਅਤੇ ਹੁਣ ਵੀ ਟਿਕਟ ਦੇ ਦਾਅਵੇਦਾਰ ਹਨ ਪ੍ਰੰਤ ਉਨ੍ਹਾਂ ਦੇ ਮੁਕਾਬਲੇ ਸ੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਕੁਲਦੀਪ ਕੌਰ ਬਰਾੜ ਦੇ ਪਤੀ ਕੁਲਜੀਤ ਸਿੰਘ ਬਰਾੜ ਨੇ ਅਜਾਦ ਉਮੀਦਵਾਰ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਜਦ ਕਿ ਵਾਰਡ 11 ਤੋਂ ਸ੍ਰੋਮਣੀ ਅਕਾਲੀ ਦਲ ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ ਮੁੱਖ ਦਾਅਵੇਦਾਰ ਹਨ, ਇਸ ਵਾਰਡ ਚੋਂ ਅਕਾਲੀ ਮਹਿਲਾ ਆਗੂ ਕੁਲਦੀਪ ਕੌਰ ਬਰਾੜ ਅਤੇ ਅਕਾਲੀ ਆਗੂ ਸੁਖਚੈਨ ਚੰਦ ਮੁੰਦਰੀ ਨੇ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਹਾਲੇ ਤੱਕ 11 ਨੰਬਰ ਵਾਰਡ ਤੋਂ ਹਾਲੇ ਤੱਕ ਸੱਤਾਧਾਰੀ ਧਿਰ ਆਪ ਅਤੇ ਕਾਂਗਰਸ ਦੀ ਟਿਕਟ ਲਈ ਕਿਸੇ ਦਾਅਵੇਦਾਰ ਦਾ ਨਾਮ ਸਾਹਮਣੇ ਨਹੀ ਆਇਆ। ਪਰ ਇਹ ਕਹਿਣਾ ਕੋਈ ਅਤਿਕਥਨੀ ਨਹੀ ਹੋਵੇਗਾ ਕਿ ਕੁਝ ਵਾਰਡਾਂ ਅਕਾਲੀਆਂ ਨੂੰ ਅਕਾਲੀਆਂ ਤੋਂ ਵੱਡੇ ਸਿਆਸੀ ਖਤਰੇ ਦੀ ਸੰਭਾਵਨਾ ਹੈ। -ਬਾਕਸ- ਨਗਰ ਪੰਚਾਇਤ ਭਗਤਾ ਭਾਈ ਦੀ ਚੋਣ ਲਈ ਹਾਲ ਦੀ ਘੜੀ ਕਾਂਗਰਸ ਨੇ ਵੀ ਉਮੀਦਵਾਰਾਂ ਦੀ ਸੂਚੀ ਜਾਰੀ ਨਹੀ ਕੀਤੀ। ਕਾਂਗਰਸ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਪਣੇ ਵਰਕਰਾਂ ਵਿਚ ਸਿਆਸੀ ਜੋਸ਼ ਭਰਨ ਲਈ ਮੀਟਿੰਗਾਂ ਕਰ ਰਹੇ ਹਨ। ਜਦ ਕਿ ਹਲਕਾ ਰਾਮਪੁਰਾ ਫੂਲ ਤੋਂ ਟਿਕਟ ਦੇ ਦਾਅਵੇਦਾਰ ਕੁਝ ਹੋਰ ਆਗੂਆਂ ਵਿਚੋਂ ਨਗਰ ਪੰਚਾਇਤ ਚੋਣਾਂ ਲਈ ਸਰਗਰਮ ਵਿਖਾਈ ਨਹੀ ਦੇ ਰਿਹਾ। ਕਾਂਗਰਸ ਦੀ ਅੰਦਰਲੀ ਗੁੱਟਬੰਦੀ ਵੀ ਕੁਝ ਸਿਆਸੀ ਨੁਕਸਾਨ ਕਰ ਸਕਦੀ ਹੈ। ਸਹਿਰ ਦੇ ਵਾਰਡ ਨੰਬਰ 2 ਵਿਚੋਂ ਕਾਂਗਰਸ ਦੇ ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਖ ਦਾਅਵੇਦਾਰ ਵਜੋਂ ਮੈਦਾਨ ਵਿਚ ਹਨ, ਜਿਸ ਦੇ ਮੁਕਾਬਲੇ ਵੱਡੇ ਵੱਡੇ ਲੀਡਰਾਂ ਵੱਲੋਂ ਮੈਦਾਨ ਛੱਛਣ ਦੀ ਚਰਚਾ ਹੈ। ਜਦ ਕਿ ਵਾਰਡ ਨੰਬਰ 2 ਤੋਂ ਸੁਖਮੰਦਰ ਸਿੰਘ ਨੇ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਸਤਾਧਾਰੀ ਧਿਰ ਆਪ, ਅਕਾਲੀ ਦਲ ਅਤੇ ਭਾਜਪਾ ਢੰਗ ਟਪਾਉਣ ਲਈ ਵਾਰਡ ਨੰਬਰ 2 ’ਚੋਂ ਕਿਸੇ ਛੋਟੇ ਆਗੂਆਂ ਨੂੰ ਸਿਆਸੀ ਬਲੀ ਦਾ ਬੱਕਰਾ ਬਣਾਉਣ ਦਾ ਯਤਨ ਕਰ ਸਕਦੇ ਹਨ। ਭਾਵੇਂ ਬੂਟਾ ਸਿੰਘ ਸਿੱਧੂ ਦੀ ਸਿਆਸੀ ਸਥਿਤੀ ਬੇਹੱਦ ਮਜ਼ਬੂਤ ਹੋਣ ਦੇ ਚਰਚੇ ਹਨ ਪਰ ਕੁਝ ਵਾਰਡਾਂ ਵਿਚ ਕਾਂਗਰਸ ਦੀ ਸਥਿਤੀ ਵੀ ਬਹੁਤੀ ਮਜ਼ਬੂਤ ਨਹੀ ਜਾਪਦੀ।