ਮਈ ਦੇ 12 ਦਿਨ ਲੰਘਣ ਮਗਰੋਂ ਵੀ ਨਹੀਂ ਮਿਲੀ ਅਪ੍ਰੈਲ ਦੀ ਪੈਨਸ਼ਨ, ਡਿਜ਼ੀਟਲ ਲਾਈਫ ਸਰਟੀਫਿਕੇਟ ਦੇ ਚੱਕਰ ’ਚ ਫਸੀ ਪੈਨਸ਼ਨ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਮਈ ਮਹੀਨੇ ਦੇ 12 ਦਿਨ ਲੰਘ ਜਾਣ ਦੇ ਬਾਵਜੂਦ ਵੀ ਜ਼ਿਲ੍ਹੇ ਦੇ ਹਜ਼ਾਰਾਂ ਪੈਨਸ਼ਨਰਾਂ ਨੂੰ ਅਜੇ ਤਕ ਪੈਨਸ਼ਨ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਬਜ਼ੁਰਗਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਦਾ ਗੁਜ਼ਾਰਾ ਸਿਰਫ਼ ਪੈਨਸ਼ਨ ’ਤੇ ਹੀ ਚੱਲਦਾ ਹੈ, ਉਨ੍ਹਾਂ ਲਈ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ। ਹਾਲਤ ਇਹ ਬਣ ਗਈ ਹੈ ਕਿ ਪੈਨਸ਼ਨ ਲੈਣ ਲਈ ਪੈਨਸ਼ਨਰਾਂ ਨੂੰ ਵਾਰ-ਵਾਰ ਬੈਂਕਾਂ ਦੇ ਚੱਕਰ ਲਾਉਣੇ ਪੈ ਰਹੇ ਹਨ, ਪਰ ਫਿਰ ਵੀ ਮਸਲੇ ਦਾ ਹੱਲ ਨਹੀਂ ਨਿਕਲ ਰਿਹਾ। ਕਈ ਬਜ਼ੁਰਗਾਂ ਨੂੰ ਦਵਾਈ ਬੂਟੀ ਲਈ ਪੈਸਿਆਂ ਦੀ ਲੋੜ ਹੈ, ਜਿਹੜੇ ਆਪਣੀ ਪੈਨਸ਼ਨ ਉਡੀਕ ਰਹੇ ਸਨ।
ਦਰਅਸਲ ਪੰਜਾਬ ਸਰਕਾਰ ਨੇ ਇਸ ਵਾਰ ਨਵੰਬਰ ਮਹੀਨੇ ਦੌਰਾਨ ਆਪਣੇ ਦੋਵੇਂ ਸਰਕਾਰੀ ਬੈਂਕਾਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਸਾਰੇ ਪੈਨਸ਼ਨਰਾਂ ਦੇ ਡਿਜ਼ੀਟਲ ਲਾਈਫ ਸਰਟੀਫਿਕੇਟ ਰਾਜ ਸਰਕਾਰ ਦੇ ਪੈਨਸ਼ਨ ਸੇਵਾ ਪੋਰਟਲ ’ਤੇ ਅਪਲੋਡ ਕੀਤੇ ਜਾਣ ਪਰ ਬੈਂਕ ਨਿਰਧਾਰਤ ਸਮੇਂ ਅੰਦਰ ਇਹ ਪ੍ਰਕਿਰਿਆ ਪੂਰੀ ਕਰਨ ’ਚ ਅਸਫਲ ਰਹੇ। ਇਸ ਤੋਂ ਬਾਅਦ ਸਰਕਾਰ ਵੱਲੋਂ ਕਈ ਵਾਰ ਮਿਆਦ ਵਧਾਈ ਗਈ ਅਤੇ ਆਖ਼ਰ 30 ਅਪ੍ਰੈਲ ਤਕ ਹਰ ਹਾਲਤ ’ਚ ਡਿਜੀਟਲ ਲਾਈਫ ਸਰਟੀਫਿਕੇਟ ਅਪਲੋਡ ਕਰਨ ਦੇ ਹੁਕਮ ਜਾਰੀ ਕੀਤੇ। ਇਸ ਦੇ ਬਾਵਜੂਦ ਖ਼ਾਸ ਕਰਕੇ ਇਕ ਬੈਂਕ ਸਾਰੇ ਪੈਨਸ਼ਨਰਾਂ ਦਾ ਡਾਟਾ ਸਮੇਂ ਸਿਰ ਅਪਲੋਡ ਨਹੀਂ ਕਰ ਸਕਿਆ। ਇਸੇ ਕਾਰਨ ਰਾਜ ਸਰਕਾਰ ਵੱਲੋਂ ਪੈਨਸ਼ਨ ਜਾਰੀ ਕਰਨ ’ਚ ਦੇਰੀ ਹੋਈ ਹੈ। ਪੰਜਾਬ ਭਰ ਦੇ ਪੈਨਸ਼ਨਰਾਂ ਵਿੱਚ ਰੋਸ ਵਧਣ ਮਗਰੋਂ ਸਰਕਾਰ ਨੇ 7 ਮਈ ਨੂੰ ਪੈਨਸ਼ਨ ਤਾਂ ਜਾਰੀ ਕਰ ਦਿੱਤੀ, ਪਰ ਇਸ ਲਈ ਡਿਜੀਟਲ ਲਾਈਫ ਸਰਟੀਫਿਕੇਟ ਦਾ ਪੋਰਟਲ ’ਤੇ ਅਪਲੋਡ ਹੋਣਾ ਲਾਜ਼ਮੀ ਰੱਖਿਆ। ਕਈ ਪੈਨਸ਼ਨਰਾਂ ਨੂੰ ਸਰਟੀਫਿਕੇਟ ਅਪਲੋਡ ਹੋਣ ਤੋਂ ਬਾਅਦ ਪੈਨਸ਼ਨ ਮਿਲ ਗਈ, ਪਰ ਜ਼ਿਲ੍ਹੇ ਵਿੱਚ ਅਜੇ ਵੀ ਹਜ਼ਾਰਾਂ ਕੇਸ ਲਟਕੇ ਪਏ ਹਨ। ਐਡਵੋਕੇਟ ਮੋਹਨ ਲਾਲ ਗਰਗ ਨੇ ਦੱਸਿਆ ਕਿ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹੋਈ ਉਨ੍ਹਾਂ ਦੀ ਪਤਨੀ ਨਿਰਮਲਾ ਕੁਮਾਰੀ ਨੂੰ ਅਜੇ ਤਕ ਪੈਨਸ਼ਨ ਨਹੀਂ ਮਿਲੀ। ਉਨ੍ਹਾਂ ਪਹਿਲਾਂ ਮੈਨੂਅਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਇਆ ਤੇ ਬਾਅਦ ’ਚ ਦੋ ਵਾਰ ਬੈਂਕ ਜਾ ਕੇ ਡਿਜ਼ੀਟਲ ਲਾਈਫ ਸਰਟੀਫਿਕੇਟ ਵੀ ਅਪਲੋਡ ਕਰਵਾਇਆ। ਅਪਲੋਡ ਸਫਲ ਹੋਣ ਦਾ ਸੁਨੇਹਾ ਆਉਣ ਮਗਰੋਂ ਮੋਬਾਈਲ ’ਤੇ ਡਾਟਾ ਮਿਸਮੈਚ ਹੋਣ ਦਾ ਮੈਸੇਜ ਆ ਗਿਆ। ਦੁਬਾਰਾ ਡਿਜ਼ੀਟਲ ਸਰਟੀਫਿਕੇਟ ਜਮ੍ਹਾਂ ਕਰਵਾਉਣ ਤੋਂ ਬਾਅਦ ਫਿਰ ਮੈਨੂਅਲ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਇਸ ਦੇ ਬਾਵਜੂਦ ਅਜੇ ਤੱਕ ਪੈਨਸ਼ਨ ਜਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ਼ ਉਨ੍ਹਾਂ ਦੀ ਪਤਨੀ ਤਕ ਸੀਮਤ ਨਹੀਂ, ਸਗੋਂ ਜ਼ਿਲ੍ਹੇ ਦੇ ਕਈ ਪੈਨਸ਼ਨਰਜ਼ ਅਜਿਹੀਆਂ ਤਕਨੀਕੀ ਦਿੱਕਤਾਂ ਨਾਲ ਜੂਝ ਰਹੇ ਹਨ।ਉਧਰ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਡਿਜ਼ੀਟਲ ਲਾਈਫ ਸਰਟੀਫਿਕੇਟ ਸਬੰਧੀ ਨਵੀਂ ਪ੍ਰਣਾਲੀ ਲਾਗੂ ਹੋਣ ਕਾਰਨ ਤਕਨੀਕੀ ਮੁਸ਼ਕਲਾਂ ਸਾਹਮਣੇ ਆਈਆਂ ਹਨ। ਜ਼ਿਆਦਾਤਰ ਪੈਨਸ਼ਨਰਾਂ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ, ਜਦਕਿ ਕੁਝ ਕੇਸਾਂ ਵਿੱਚ ਤਕਨੀਕੀ ਖਾਮੀਆਂ ਕਾਰਨ ਦੇਰੀ ਹੋ ਰਹੀ ਹੈ। ਇਕ ਹੋਰ ਬਜ਼ੁਰਗ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਦਿਲ ਦੇ ਰੋਗਾਂ ਤੋਂ ਪੀੜਤ ਮਰੀਜ਼ ਹੈ ਤੇ ਉਸਦੀ ਦਵਾਈ ਚੱਲ ਰਹੀ ਹੈ। ਉਹ ਪੂਰੀ ਤਰ੍ਹਾਂ ਪੈਨਸ਼ਨ ’ਤੇ ਨਿਰਭਰ ਹੈ, ਪਰ ਇਸ ਵਾਰ ਪੈਨਸ਼ਨ ਨਹੀਂ ਆਈ ਜਿਸ ਕਾਰਨ ਉਸਦੀ ਦਵਾਈ ਲੇਟ ਹੋ ਰਹੀ ਹੈ। ਬਜ਼ੁਰਗ ਅਨੁਸਾਰ ਉਸ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਹਨ, ਜਿਹੜੇ ਪੈਨਸ਼ਨ ਦੇ ਪੈਸਿਆਂ ਨਾਲ ਗਜ਼ਾਰਾ ਕਰ ਰਹੇ ਹਨ ਪਰ ਪੈਨਸ਼ਨ ਲੇਟ ਹੋਣ ਕਾਰਨ ਪਰੇਸ਼ਾਨ ਹਨ।