ਸਾਬਕਾ ਫ਼ੌਜੀ ਦੇ ਘਰੋਂ ਸਿਲੰਡਰ ਤੇ ਕਣਕ ਚੋਰੀ
ਸਾਬਕਾ ਫੌਜੀ ਦੇ ਘਰੋਂ ਗੈਸ ਸਿਲੰਡਰ ਤੇ ਕਣਕ ਚੋਰੀ
Publish Date: Sat, 25 Apr 2026 04:27 PM (IST)
Updated Date: Sun, 26 Apr 2026 04:04 AM (IST)

ਜਸਪਾਲ ਪਾਲੀ, ਪੰਜਾਬੀ ਜਾਗਰਣ, ਮਹਿਰਾਜ : ਇਲਾਕੇ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਦਰਮਿਆਨ ਪਿੰਡ ਮਹਿਰਾਜ ’ਚ ਇਕ ਬੇਹੱਦ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰਾਂ ਨੇ ਚੋਰੀ ਤਾਂ ਕੀਤੀ, ਪਰ ਜਾਂਦੇ-ਜਾਂਦੇ ਇਕ ਅਜਿਹੀ ਦਰਿਆਦਿਲੀ ਦਿਖਾ ਗਏ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮਹਿਰਾਜ ਪੱਤੀ ਕਰਮਚੰਦ ਦੇ ਨਿਵਾਸੀ ਹਾਕਮ ਸਿੰਘ (ਸਾਬਕਾ ਫੌਜੀ) ਦੇ ਘਰ ਬੀਤੀ ਰਾਤ ਅਣਪਛਾਤੇ ਚੋਰ ਗਲੀ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ। ਚੋਰਾਂ ਨੇ ਰਸੋਈ ਦੀ ਬਾਰੀ ਦੀ ਜਾਲੀ ਤੋੜ ਕੇ ਇਕ ਭਰਿਆ ਹੋਇਆ ਗੈਸ ਸਿਲੰਡਰ ਚੋਰੀ ਕਰ ਲਿਆ। ਇਸ ਤੋਂ ਬਾਅਦ ਚੋਰਾਂ ਨੇ ਕਮਰੇ ਦੀ ਲੋਹੇ ਦੀ ਜਾਲੀ ਤੋੜੀ ਤੇ ਅੰਦਰ ਪਏ ਢੋਲ ਵਿੱਚੋਂ ਕਣਕ ਕੱਢ ਕੇ ਗੱਟਿਆਂ ਵਿੱਚ ਭਰਨੀ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰਾਂ ਨੇ 4-5 ਗੱਟੇ ਤਾਂ ਚੋਰੀ ਕਰ ਲਏ, ਪਰ 2 ਗੱਟਿਆਂ ਦੇ ਮੂੰਹ ਬੰਨ੍ਹ ਕੇ ਉਨ੍ਹਾਂ ਨੂੰ ਮੌਕੇ ’ਤੇ ਹੀ ਛੱਡ ਗਏ। ਚੋਰਾਂ ਦੀ ਇਸ ਅਜੀਬ ਹਰਕਤ ਨੇ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਨਗਰ ਨਿਵਾਸੀ ਗੁਰਚੇਤ ਸਿੰਘ, ਪਵਨਦੀਪ ਸਿੰਘ, ਸੁੱਖਾ ਸਿੰਘ ਅਤੇ ਕਾਕਾ ਸਿੰਘ ਨੇ ਇਸ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਚੋਰ ਬੇਖ਼ੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਉੱਥੇ ਹੀ ਸੁਰੱਖਿਆ ਪ੍ਰਬੰਧਾਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਪੀੜਤ ਪਰਿਵਾਰ ਵੱਲੋਂ ਥਾਣਾ ਸਿਟੀ ਰਾਮਪੁਰਾ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।