ਅਧਿਆਪਕ ਘਰਾਂ ’ਚ ਜਾ ਕੇ ਸਰਕਾਰ ਦੀ ਅਸਲੀਅਤ ਦੱਸਣ : ਡੀਟੀਐੱਫ ਆਗੂ
ਡਰੱਗ ਜਨਗਣਨਾ ਦੇ ਬਹਾਨੇ ਅਧਿਆਪਕਾਂ ਤੋਂ ਪਾਰਟੀ ਦਾ ਪ੍ਰਚਾਰ ਕਰਵਾ ਰਹੀਂ ਹੈ ਸਰਕਾਰ
Publish Date: Wed, 27 May 2026 06:08 PM (IST)
Updated Date: Thu, 28 May 2026 04:04 AM (IST)
-ਡਰੱਗ ਜਨਗਣਨਾ ਬਹਾਨੇ ਅਧਿਆਪਕਾਂ ਤੋਂ ਪਾਰਟੀ ਦਾ ਪ੍ਰਚਾਰ ਕਰਵਾ ਰਹੀ ਸਰਕਾਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਡਰੱਗ ਜਨਗਣਨਾ ਕਰਵਾਉਣ ਦੇ ਬਹਾਨੇ ਘਰ ਘਰ ਵਿੱਚ ਅਧਿਆਪਕਾਂ ਨੂੰ ਭੇਜ ਕੇ ਆਪਣੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਵਾ ਰਹੀ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ, ਸਕੱਤਰ ਜਸਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਡਰੱਗ ਜਨਗਣਨਾ ਅਸਲ ਵਿੱਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੇਤੁਕੀਆਂ ਸਕੀਮਾਂ ਦਾ ਘਰਾਂ ਵਿੱਚ ਪ੍ਰਚਾਰ ਕਰਨਾ ਹੈ। ਜ਼ਿਲ੍ਹੇ ਦੇ ਮੀਤ ਪ੍ਰਧਾਨ ਵਿਕਾਸ ਗਰਗ, ਵਿੱਤ ਸਕੱਤਰ ਅਨਿਲ ਭੱਟ, ਸਹਿ ਸਕੱਤਰ ਕੁਲਵਿੰਦਰ ਵਿਰਕ, ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਕਿਹਾ ਕਿ ਇਸ ਡਰੱਗ ਜਨਗਣਨਾ ਵਿਚ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਿਆ ਜਾ ਰਿਹਾ।
ਆਗੂਆਂ ਨੇ ਕਿਹਾ ਕਿ ਇਸ ਡਰੱਗ ਜਨਗਣਨਾ ਕਰਨ ਬਦਲੇ ਇਕ ਮੁਲਾਜ਼ਮ ਨੂੰ 62500 ਦੇਣ ਦਾ ਵਾਅਦਾ ਕੀਤਾ ਹੈ ਪਰ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਪਿਛਲੇ ਚਾਰ ਸਾਲ ਦਾ ਵਤੀਰਾ ਦੇਖ ਕੇ ਲੱਗਦਾ ਨਹੀਂ ਕਿ ਸਰਕਾਰ ਮੁਲਾਜ਼ਮਾਂ ਨੂੰ ਇਹ ਪੈਸਾ ਦੇ ਸਕੇਗੀ ਕਿਉ ਕਿ ਹਾਈਕੋਰਟ ਵਿੱਚ ਡੀਏ ਦੇਣ ਦੇ ਕੇਸ ਵਿੱਚ ਭਗਵੰਤ ਮਾਨ ਦੀ ਸਰਕਾਰ ਲੇਲੜੀਆਂ ਕੱਢ ਰਹੀਂ ਹੈ। ਜਥੇਬੰਦੀ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਈਸਰਖਾਨਾ, ਭੋਲਾ ਰਾਮ ਤਲਵੰਡੀ, ਰਾਜਵਿੰਦਰ ਸਿੰਘ ਜਲਾਲ ਅਤੇ ਬਲਕਰਨ ਸਿੰਘ ਕੋਟਸ਼ਮੀਰ ਨੇ ਡਰੱਗ ਜਨਗਣਨਾ ਕਰ ਰਹੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਸਰਕਾਰ ਦੀ ਅਸਲੀਅਤ ਦੱਸਣ ਕਿ ਕਿਵੇਂ ਸਰਕਾਰ ਪੰਜਾਬ ਦੇ ਮੁਲਜ਼ਮਾਂ ਦੀ ਪੁਰਾਣੀ ਪੈਨਸ਼ਨ ਦੇ ਬਹਾਲ ਕਰਨ, ਡੀਏ ਦੇਣ, ਪੁਰਾਣੇ ਪੰਜਾਬ ਪੇ ਸਕੇਲ ਲਾਗੂ ਕਰਨ, ਕੱਚੇ ਅਧਿਆਪਕ, ਕੰਪਿਊਟਰ ਅਧਿਆਪਕ, ਐੱਨਐੱਸਕਿਉਐਫ਼ ਅਧਿਆਪਕ ਅਤੇ ਮੈਰੀਟੋਰੀਅਸ ਅਧਿਆਪਕਾਂ ਨੂੰ ਪੱਕੇ ਕਰਨ ਦੇ ਕੀਤੇ ਵਾਅਦੇ ਤੋਂ ਭੱਜ ਚੁੱਕੀ ਹੈ।
ਜ਼ਿਲ੍ਹਾ ਕਮੇਟੀ ਮੈਂਬਰ ਦਰਸ਼ਨ ਸਿੰਘ ਭਗਤਾ, ਜਗਦੀਪ ਸਿੰਘ ਮਾਨ, ਬਲਜਿੰਦਰ ਕੌਰ ਤੇ ਰਣਦੀਪ ਕੌਰ ਖਾਲਸਾ ਨੇ ਕਿਹਾ ਕਿ ਸਰਕਾਰ ਡਰੱਗ ਜਨਗਣਨਾ ਉਸ ਸਮੇਂ ਕਰਵਾ ਰਹੀਂ ਹੈ ਜਦੋਂ ਅਧਿਆਪਕ ਮਰਦਮਸ਼ੁਮਾਰੀ, ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣ ਡਿਊਟੀਆਂ ਅਤੇ ਐੱਸਆਈਆਰ. ਵਿੱਚ ਉਲਝੇ ਹੋਏ ਹਨ ਅਤੇ ਬਾਕੀ ਰਹਿੰਦੇ ਅਧਿਆਪਕਾਂ ਨੂੰ ਡਰੱਗ ਜਨਗਣਨਾ ਵਿੱਚ ਉਲਝਾ ਦਿੱਤਾ ਹੈ। ਇਸ ਨਾਲ ਸਰਕਾਰੀ ਸਕੂਲਾਂ ਵਿੱਚ ਪੜਦੇ ਗਰੀਬ ਅਤੇ ਆਮ ਲੋਕਾਂ ਦੇ ਬੇਟੇ ਬੇਟੀਆਂ ਦੀ ਪੜਾਈ ਬਿਲਕੁਲ ਅਸਥ ਵਿਅਸਥ ਹੋ ਗਈ ਹੈ |