ਸੁਪਰਵਾਈਜ਼ਰ ਸੰਦੀਪ ਸਿੰਘ, ਠੇਕੇਦਾਰ ਤੇ ਜੇਈ ਖ਼ਿਲਾਫ਼ ਕੇਸ ਦਰਜ
9 ਸਾਲਾਂ ਬੱਚੇ ਦੀ ਮੌਤ ਦਾ ਮਾਮਲਾ
Publish Date: Sat, 09 May 2026 05:27 PM (IST)
Updated Date: Sun, 10 May 2026 04:06 AM (IST)
-ਗੰਗਾ ਅਬਲੂ ’ਚ ਪਾਈਪਲਾਈਨ ਪਾਉਣ ਸਮੇਂ ਕੰਧ ਡਿੱਗਣ ਨਾਲ 9 ਸਾਲਾ ਬੱਚੇ ਦੀ ਮੌਤ ਦਾ ਮਾਮਲਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂ ਵਿਚ ਪਾਈਪਲਾਈਨ ਪਾਉਣ ਸਮੇਂ ਕੰਧ ਡਿੱਗਣ ਕਾਰਨ 9 ਸਾਲਾਂ ਬੱਚੇ ਦੀ ਹੋਈ ਦਰਦਨਾਕ ਮੌਤ ਦਾ ਕਾਰਨ ਭੂਮੀ ਰੱਖਿਆ ਵਿਭਾਗ ਦੇ ਜੂਨੀਅਰ ਇੰਜਨੀਅਰ, ਸੁਖਰਵਾਈਜ਼ਰ ਤੇ ਠੇਕੇਦਾਰ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ। ਇਨ੍ਹਾਂ ਨੇ ਪਾਈਪਲਾਈਨ ਪਾਉਣ ਲਈ ਘਰਾਂ ਦੇ ਨਾਲ 8 ਫੁੱਟ ਡੂੰਘੀ ਖਾਈ ਪੁੱਟ ਦਿੱਤੀ, ਜਿਸ ਕਾਰਨ ਚਮਕੌਰ ਸਿੰਘ ਦਾ ਪੂਰਾ ਮਕਾਨ ਡਿੱਗ ਪਿਆ ਅਤੇ ਮਲਬੇ ਹੇਠਾਂ ਦਬ ਕੇ ਉਕਤ ਮਾਸੂਮ ਬੱਚੇ ਦੀ ਮੌਤ ਹੋ ਗਈ, ਜਦਕਿ ਇਕ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ।
ਇਸ ਮਾਮਲੇ ਵਿਚ ਪੁਲਿਸ ਨੇ ਸੁਪਰਵਾਈਜ਼ਰ, ਠੇਕੇਦਾਰ ਅਤੇ ਸਬੰਧਤ ਜੇਈ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਬੱਚੇ ਦੇ ਪਿਤਾ ਬਿਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਇਕ ਬੈਂਕ ਵਿਚ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਅਨੁਸਾਰ 7 ਮਈ ਦੀ ਸ਼ਾਮ ਕਰੀਬ 5 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਘਰ ਨੇੜੇ ਖੇਤਾਂ ’ਚ ਬਣੇ ਚਮਕੌਰ ਸਿੰਘ ਦੇ ਮਕਾਨ ਦੀ ਕੰਧ ਡਿੱਗ ਗਈ ਹੈ, ਜਿਸ ਹੇਠਾਂ ਉਨ੍ਹਾਂ ਦਾ 9 ਸਾਲਾ ਪੁੱਤਰ ਵਤਨਦੀਪ ਸਿੰਘ ਦੱਬ ਗਿਆ। ਪਰਿਵਾਰਕ ਮੈਂਬਰ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਗੋਨਿਆਣਾ ਮੰਡੀ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਹਾਦਸੇ ਵਿਚ ਵੀਰਪਾਲ ਕੌਰ ਪਤਨੀ ਜਗਸੀਰ ਸਿੰਘ ਵੀ ਜ਼ਖਮੀ ਹੋਈ ਹੈ, ਜਿਸ ਨੂੰ ਇਲਾਜ ਲਈ ਮਿਲਟਰੀ ਹਸਪਤਾਲ ਬਠਿੰਡਾ ਵਿਚ ਦਾਖ਼ਲ ਕਰਵਾਇਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪਿੰਡ ਵਿਚ ਨਹਿਰੀ ਪਾਣੀ ਨਿਕਾਸ ਲਈ ਪਾਈਪਲਾਈਨ ਪਾਉਣ ਦਾ ਕੰਮ ਚੱਲ ਰਿਹਾ ਸੀ।
ਇਸ ਦੌਰਾਨ ਸੁਪਰਵਾਈਜ਼ਰ ਸੰਦੀਪ ਸਿੰਘ, ਠੇਕੇਦਾਰ ਭੂਪਿੰਦਰ ਸਿੰਘ ਤੇ ਜੇਈ ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਜੇਸੀਬੀ ਨਾਲ ਕਰੀਬ 8 ਫੁੱਟ ਡੂੰਘੀ ਅਤੇ ਲਗਭਗ 2 ਕਿਲੋਮੀਟਰ ਲੰਬੀ ਖੁਦਾਈ ਕੀਤੀ ਜਾ ਰਹੀ ਸੀ। ਦੋਸ਼ ਹੈ ਕਿ ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਤੇ ਬਿਨਾਂ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤੇ ਖੁਦਾਈ ਕੀਤੀ, ਜਿਸ ਕਾਰਨ ਮਕਾਨਾਂ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਮਕਾਨ ਦੇ ਚਾਰ ਕਮਰੇ, ਪਸ਼ੂਆਂ ਵਾਲਾ ਵਰਾਂਡਾ ਤੇ ਬਾਥਰੂਮ ਢਹਿ ਗਿਆ। ਥਾਣਾ ਨੇਹੀਆਂਵਾਲਾ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਸੁਪਰਵਾਈਜ਼ਰ ਸੰਦੀਪ ਸਿੰਘ, ਠੇਕੇਦਾਰ ਭੁਪਿੰਦਰ ਸਿੰਘ ਵਾਸੀ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਜੇਈ ਲਖਵਿੰਦਰ ਸਿੰਘ ਖ਼ਿਲਾਫ਼ ਲਾਪਰਵਾਹੀ ਅਤੇ ਗੈਰ-ਜ਼ਿੰਮੇਵਾਰਾਨਾ ਕਾਰਗੁਜ਼ਾਰੀ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਅਗਲੀ ਕਾਰਵਾਈ ਮੈਡੀਕਲ ਰਿਪੋਰਟ ਤੇ ਜਾਂਚ ਦੇ ਆਧਾਰ 'ਤੇ ਕੀਤੀ ਜਾਵੇਗੀ।