ਗਰਮੀ ’ਚ ਪੰਛੀਆਂ ਲਈ ਪਾਣੀ ਰੱਖਣਾ ਮਨੁੱਖਤਾ ਦੀ ਸੇਵਾ : ਸਮਾਜ ਸੇਵੀ
ਅੱਤ ਦੀ ਗਰਮੀ ਵਿੱਚ ਪੰਛੀਆਂ ਲਈ ਪਾਣੀ ਰੱਖਣਾ ਮਨੁੱਖਤਾ ਦੀ ਸੇਵਾ : ਸਮਾਜ ਸੇਵੀ
Publish Date: Wed, 27 May 2026 06:23 PM (IST)
Updated Date: Thu, 28 May 2026 04:05 AM (IST)

-ਲੋਕਾਂ ਨੂੰ ਘਰਾਂ ਦੀਆਂ ਛੱਤਾਂ ਤੇ ਹੋਰਨਾਂ ਥਾਵਾਂ ’ਤੇ ਪਾਣੀ ਦੇ ਕਟੋਰੇ ਰੱਖਣ ਦੀ ਅਪੀਲ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਜ਼ਿਲ੍ਹੇ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਮਨੁੱਖਾਂ ਦੇ ਨਾਲ-ਨਾਲ ਬੇਜ਼ੁਬਾਨ ਪੰਛੀਆਂ ਦੀ ਜ਼ਿੰਦਗੀ ਵੀ ਮੁਸ਼ਕਿਲ ਬਣਾ ਦਿੱਤੀ ਹੈ। ਵਧੇ ਤਾਪਮਾਨ ਕਾਰਨ ਪੰਛੀ ਪਾਣੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੇ ਨਜ਼ਰ ਆ ਰਹੇ ਹਨ। ਸਮਾਜ ਸੇਵੀਆਂ, ਵਾਤਾਵਰਣ ਪ੍ਰੇਮੀਆਂ ਅਤੇ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਦੀਆਂ ਛੱਤਾਂ, ਬਾਲਕਨੀਆਂ ਅਤੇ ਹੋਰ ਖੁੱਲ੍ਹੀਆਂ ਥਾਵਾਂ ’ਤੇ ਪਾਣੀ ਨਾਲ ਭਰੇ ਕਟੋਰੇ ਅਤੇ ਦਾਣਾ ਰੱਖਣ ਤਾਂ ਜੋ ਪੰਛੀ ਆਪਣੀ ਪਿਆਸ ਬੁਝਾ ਸਕਣ। ਸਮਾਜ ਸੇਵੀ ਆਗੂਆਂ ਦੇ ਵੱਖ-ਵੱਖ ਪੇਸ਼ ਹਨ ਵਿਚਾਰ–। -ਬਾਕਸ- ਸਮਾਜ-ਸੇਵੀ ਤੇ ਕਿਸਾਨ ਆਗੂ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਪੰਛੀਆਂ ਨੂੰ ਸਭ ਤੋਂ ਵੱਧ ਪਾਣੀ ਦੀ ਲੋੜ ਹੁੰਦੀ ਹੈ। ਰੁੱਖਾਂ ਤੇ ਕੁਦਰਤੀ ਸਰੋਤਾਂ ਦੀ ਘਾਟ ਕਾਰਨ ਹੁਣ ਪੰਛੀਆਂ ਨੂੰ ਪਾਣੀ ਲੱਭਣ ਵਿੱਚ ਕਾਫ਼ੀ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਹਰ ਪਰਿਵਾਰ ਆਪਣੇ ਘਰ ਦੀ ਛੱਤ ’ਤੇ ਇਕ ਕਟੋਰਾ ਪਾਣੀ ਰੱਖ ਦੇਵੇ ਤਾਂ ਬੇਸ਼ੁਮਾਰ ਪੰਛੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਲਾਪਰਵਾਹੀ ਅਤੇ ਵਧਦੇ ਪ੍ਰਦੂਸ਼ਣ ਕਾਰਨ ਕੁਦਰਤੀ ਸੰਤੁਲਨ ਲਗਾਤਾਰ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਬਹੁਤ ਸਾਰੇ ਰੁੱਖ ਹੁੰਦੇ ਸਨ, ਜਿੱਥੇ ਪੰਛੀਆਂ ਨੂੰ ਆਸਰਾ ਅਤੇ ਪਾਣੀ ਮਿਲ ਜਾਂਦਾ ਸੀ, ਪਰ ਹੁਣ ਕੰਕਰੀਟ ਦੇ ਜੰਗਲ ਵਧਣ ਨਾਲ ਪੰਛੀਆਂ ਲਈ ਹਾਲਾਤ ਬਹੁਤ ਮੁਸ਼ਕਲ ਹੋ ਗਏ ਹਨ। -ਬਾਕਸ- ਸਮਾਜ-ਸੇਵੀ ਗੁਰਚਰਨ ਸਿੰਘ ਜੰਡਾਵਾਲਾ ਅਧਿਆਪਕ ਆਗੂ ਨੇ ਕਿਹਾ ਕਿ ਗਰਮੀ ਦੇ ਦਿਨਾਂ ਵਿੱਚ ਪੰਛੀਆਂ ਲਈ ਪਾਣੀ ਰੱਖਣਾ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਵੀ ਇਸ ਮੁਹਿੰਮ ਨਾਲ ਜੋੜਿਆ ਜਾਵੇ, ਤਾਂ ਜੋ ਉਨ੍ਹਾਂ ਵਿਚ ਜੀਵ-ਜੰਤੂਆਂ ਪ੍ਰਤੀ ਦਇਆ ਤੇ ਸੇਵਾ ਦੀ ਭਾਵਨਾ ਪੈਦਾ ਹੋ ਸਕੇ। ਬੇਜ਼ੁਬਾਨ ਪੰਛੀ ਆਪਣੀ ਪਿਆਸ ਬਾਰੇ ਕਿਸੇ ਨੂੰ ਦੱਸ ਨਹੀਂ ਸਕਦੇ। ਅਜਿਹੇ ਵਿਚ ਮਨੁੱਖਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਕਈ ਵਾਰ ਪਾਣੀ ਨਾ ਮਿਲਣ ਕਾਰਨ ਪੰਛੀ ਬੇਹੋਸ਼ ਹੋ ਕੇ ਡਿੱਗ ਜਾਂਦੇ ਹਨ ਜਾਂ ਮਰ ਜਾਂਦੇ ਹਨ। -ਬਾਕਸ- ਅਧਿਆਪਕ ਆਗੂ ਗੁਰਸੇਵਕ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਹਰ ਮਨੁੱਖ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਰੋਜ਼ਾਨਾ ਪਾਣੀ ਦੇ ਕਟੋਰੇ ਸਾਫ਼ ਕਰਕੇ ਤਾਜ਼ਾ ਪਾਣੀ ਭਰਨਾ ਚਾਹੀਦਾ ਹੈ, ਤਾਂ ਜੋ ਪੰਛੀਆਂ ਨੂੰ ਸਾਫ਼ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਇਸ ਮੁਹਿੰਮ ਨਾਲ ਜੋੜੇ ਤਾਂ ਇਹ ਵੱਡਾ ਜਨ ਅੰਦੋਲਨ ਬਣ ਸਕਦਾ ਹੈ। ਤਿੱਖੀ ਗਰਮੀ ਕਾਰਨ ਸਿਰਫ਼ ਮਨੁੱਖ ਹੀ ਨਹੀਂ, ਸਗੋਂ ਪਸ਼ੂ ਤੇ ਪੰਛੀ ਵੀ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਘਾਟ ਕਾਰਨ ਪੰਛੀਆਂ ਦੀ ਕਈ ਵਾਰ ਮੌਤ ਵੀ ਹੋ ਜਾਂਦੀ ਹੈ। -ਬਾਕਸ- ਸਰਿੰਦਰ ਕੁਮਾਰ ਸੰਗਤ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਨੁੱਖ ਆਪਣੀ ਸਹੂਲਤ ਲਈ ਕੁਦਰਤ ਨਾਲ ਲਗਾਤਾਰ ਛੇੜਛਾੜ ਕਰ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਨੁਕਸਾਨ ਪੰਛੀਆਂ ਤੇ ਬੇਜ਼ੁਬਾਨ ਜੀਵਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਿਆਨਕ ਗਰਮੀ ਕਾਰਨ ਪੰਛੀ ਪਾਣੀ ਦੀ ਇਕ-ਇਕ ਬੂੰਦ ਲਈ ਭਟਕ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੀਆਂ ਛੱਤਾਂ, ਪਾਰਕਾਂ, ਸਕੂਲਾਂ ਤੇ ਦੁਕਾਨਾਂ ਦੇ ਬਾਹਰ ਪਾਣੀ ਦੇ ਕਟੋਰੇ ਰੱਖੇ ਜਾਣ। ਉਨ੍ਹਾਂ ਕਿਹਾ ਕਿ ਜੇ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਛੋਟਾ ਜਿਹਾ ਉਪਰਾਲਾ ਕਰੇ ਤਾਂ ਹਜ਼ਾਰਾਂ ਬੇਜ਼ੁਬਾਨ ਪੰਛੀਆਂ ਦੀ ਜਾਨ ਬਚਾਈ ਜਾ ਸਕਦੀ ਹੈ।