ਗਰਮੀ ਵਿੱਚ ਪੰਛੀਆਂ ਦੀ ਸੰਭਾਲ – ਵਿਚਾਰ ਚਰਚਾ

-ਕਿਹਾ, ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਹਰ ਮਨੁੱਖ ਨੂੰ ਆਉਣਾ ਚਾਹੀਦੈ ਅੱਗੇ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਅੱਜਕੱਲ੍ਹ ਗਰਮੀ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਤਾਪਮਾਨ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਮਨੁੱਖਾਂ ਦੇ ਨਾਲ-ਨਾਲ ਪਸ਼ੂ ਅਤੇ ਪੰਛੀ ਵੀ ਇਸ ਨਾਲ ਬਹੁਤ ਪ੍ਰਭਾਵਿਤ ਹੋ ਰਹੇ ਹਨ। ਗਰਮੀ ਦੇ ਦਿਨਾਂ ਵਿੱਚ ਪੰਛੀਆਂ ਲਈ ਜੀਵਨ ਬਿਤਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਉਨ੍ਹਾਂ ਨੂੰ ਪਾਣੀ ਅਤੇ ਛਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਪਦੀ ਧੁੱਪ ਅਤੇ ਗਰਮ ਹਵਾਵਾਂ ਕਾਰਨ ਪੰਛੀਆਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਲਈ ਸਾਨੂੰ ਮਨੁੱਖਤਾ ਦੇ ਨਾਤੇ ਪੰਛੀਆਂ ਦੀ ਸੁਰੱਖਿਆ ਲਈ ਉਚਿਤ ਉਪਾਅ ਕਰਨੇ ਚਾਹੀਦੇ ਹਨ। ਇਸ ਉੱਪਰ ਵੱਖ ਵੱਖ ਸ਼ਖਸੀਅਤਾਂ ਦੇ ਵਿਚਾਰ ਇਸ ਤਰ੍ਹਾਂ ਹਨ:
-ਬਾਕਸ-
-ਮਨੁੱਖ ਵੱਲੋਂ ਕੀਤਾ ਛੋਟਾ ਜਿਹਾ ਉਪਰਾਲਾ ਬਚਾਅ ਸਕਦੈ ਪੰਛੀਆਂ ਦੀ ਜਾਨ : ਭੋਲਾ ਸਿੰਘ ਮਾਨ
ਸਮਾਜ ਸੇਵੀ ਭੋਲਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਗਰਮੀ ਵਿੱਚ ਤਲਾਬ, ਛੱਪੜ ਅਤੇ ਹੋਰ ਜਲ ਸਰੋਤ ਸੁੱਕ ਜਾਂਦੇ ਹਨ, ਜਿਸ ਕਾਰਨ ਪੰਛੀਆਂ ਨੂੰ ਪਾਣੀ ਲੱਭਣ ਵਿੱਚ ਬਹੁਤ ਦਿੱਕਤ ਆਉਂਦੀ ਹੈ। ਅਸੀਂ ਆਪਣੇ ਘਰਾਂ ਦੀ ਛੱਤ, ਬਾਲਕਨੀ ਜਾਂ ਘਰਾਂ ਵਿੱਚ ਮਿੱਟੀ ਦੇ ਭਾਂਡਿਆਂ ’ਚ ਸਾਫ਼ ਪਾਣੀ ਰੱਖ ਸਕਦੇ ਹਾਂ। ਇਹ ਛੋਟਾ ਜਿਹਾ ਉਪਰਾਲਾ ਕਈ ਪੰਛੀਆਂ ਦੀ ਜਾਨ ਬਚਾਅ ਸਕਦਾ ਹੈ। ਪਾਣੀ ਨੂੰ ਹਰ ਰੋਜ਼ ਬਦਲਣਾ ਵੀ ਜ਼ਰੂਰੀ ਹੈ ਤਾਂ ਜੋ ਉਹ ਸਾਫ਼ ਅਤੇ ਠੰਢਾ ਰਹੇ। ਦੂਜਾ ਮਹੱਤਵਪੂਰਨ ਉਪਾਅ ਪੰਛੀਆਂ ਲਈ ਦਾਣੇ ਦਾ ਪ੍ਰਬੰਧ ਕਰਨਾ ਹੈ। ਗਰਮੀ ਕਾਰਨ ਕਈ ਵਾਰ ਪੰਛੀਆਂ ਨੂੰ ਖੁਰਾਕ ਵੀ ਢੰਗ ਨਾਲ ਨਹੀਂ ਮਿਲਦੀ। ਜੇ ਅਸੀਂ ਛੱਤ ਜਾਂ ਦਰੱਖਤਾਂ ਦੇ ਨੇੜੇ ਦਾਣਾ ਰੱਖੀਏ ਤਾਂ ਪੰਛੀਆਂ ਨੂੰ ਬਹੁਤ ਸਹੂਲਤ ਮਿਲ ਸਕਦੀ ਹੈ। ਚਿੜੀਆਂ, ਕਬੂਤਰਾਂ ਅਤੇ ਹੋਰ ਛੋਟੇ ਪੰਛੀਆਂ ਲਈ ਅਨਾਜ ਦੇ ਦਾਣੇ ਰੱਖਣਾ ਇੱਕ ਚੰਗੀ ਆਦਤ ਹੈ। ਇਸਦੇ ਨਾਲ ਪਾਣੀ ਦੇ ਕਟੋਰੇ ਰੱਖਣਾ ਵੀ ਜਰੂਰੀ ਹੈ।
-ਬਾਕਸ-
-ਪੰਛੀਆਂ ਲਈ ਸਰਕਾਰੀ ਪੱਧਰ ’ਤੇ ਪਾਣੀ ਦੇ ਟੈਂਕ ਬਣਾਉਣ ਦੀ ਲੋੜ : ਪ੍ਰਿੰਸੀਪਲ ਸਾਧੂ ਸਿੰਘ
ਸੇਵਾਮੁਕਤ ਪ੍ਰਿੰਸੀਪਲ ਸਾਧੂ ਸਿੰਘ ਨੇ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਇਸ ਕੰਮ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਕੂਲਾਂ ਵਿੱਚ ਪੰਛੀਆਂ ਦੀ ਸੰਭਾਲ ਸਬੰਧੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਜੀਵ-ਜੰਤੂਆਂ ਨਾਲ ਪਿਆਰ ਕਰਨਾ ਸਿਖਾਇਆ ਜਾਵੇ ਤਾਂ ਉਹ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣ ਸਕਣਗੇ। ਸਮਾਜਿਕ ਸੰਸਥਾਵਾਂ ਅਤੇ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ। ਸਰਕਾਰੀ ਪੱਧਰ 'ਤੇ ਪਾਣੀ ਦੇ ਟੈਂਕ, ਪੰਛੀ ਘਰ ਅਤੇ ਵੱਧ ਤੋਂ ਵੱਧ ਰੁੱਖ-ਬੂਟੇ ਲਗਾਉਣ ਦੀਆਂ ਯੋਜਨਾਵਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਦਰੱਖਤਾਂ ਦੀ ਮਹੱਤਤਾ ਵੀ ਬਹੁਤ ਵੱਧ ਹੈ। ਦਰੱਖਤ ਪੰਛੀਆਂ ਨੂੰ ਛਾਂ, ਆਸਰਾ ਅਤੇ ਖੁਰਾਕ ਪ੍ਰਦਾਨ ਕਰਦੇ ਹਨ। ਅੱਜ ਕੱਲ੍ਹ ਸ਼ਹਿਰੀਕਰਨ ਅਤੇ ਵਿਕਾਸ ਦੇ ਨਾਮ 'ਤੇ ਬੇਹਿਸਾਬ ਦਰੱਖਤ ਕੱਟੇ ਜਾ ਰਹੇ ਹਨ। ਇਸ ਕਾਰਨ ਪੰਛੀਆਂ ਦੇ ਆਸ਼ਿਆਨੇ ਨਸ਼ਟ ਹੋ ਰਹੇ ਹਨ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਮੌਜੂਦਾ ਦਰੱਖਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਹਰ ਮਨੁੱਖ ਜੇ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਵੀ ਲਗਾਏ ਤਾਂ ਵਾਤਾਵਰਣ ਨੂੰ ਬਹੁਤ ਲਾਭ ਹੋ ਸਕਦਾ ਹੈ।
-ਬਾਕਸ-
-ਘਰਾਂ, ਸਕੂਲਾਂ ਤੇ ਦਫ਼ਤਰਾਂ ’ਚ ਮਿੱਟੀ ਦੇ ਭਾਂਡਿਆਂ ’ਚ ਰੱਖਣਾ ਚਾਹੀਦੈ ਪਾਣੀ : ਸੁਖਪਾਲ ਸਿੰਘ ਸਿੱਧੂ
ਅਧਿਆਪਕ ਆਗੂ ਸੁਖਪਾਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ “ਅੱਜਕੱਲ੍ਹ ਗਰਮੀ ਬਹੁਤ ਵੱਧ ਰਹੀ ਹੈ। ਇਸ ਦਾ ਅਸਰ ਕੇਵਲ ਮਨੁੱਖਾਂ ‘ਤੇ ਹੀ ਨਹੀਂ, ਸਗੋਂ ਪਸ਼ੂਆਂ ਅਤੇ ਪੰਛੀਆਂ ‘ਤੇ ਵੀ ਪੈ ਰਿਹਾ ਹੈ। ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਸਮਝਦਾ ਹਾਂ ਕਿ ਸਾਨੂੰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪ੍ਰਕਿਰਤੀ ਅਤੇ ਜੀਵ-ਜੰਤੂਆਂ ਨਾਲ ਪਿਆਰ ਕਰਨਾ ਸਿਖਾਉਣਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਘਰਾਂ, ਸਕੂਲਾਂ ਅਤੇ ਦਫ਼ਤਰਾਂ ਵਿੱਚ ਮਿੱਟੀ ਦੇ ਭਾਂਡਿਆਂ ਵਿਚ ਪਾਣੀ ਰੱਖੀਏ ਤਾਂ ਕਈ ਪੰਛੀਆਂ ਦੀ ਜਾਨ ਬਚ ਸਕਦੀ ਹੈ। ਬੱਚਿਆਂ ਨੂੰ ਇਹ ਵੀ ਸਿਖਾਉਣਾ ਚਾਹੀਦਾ ਹੈ ਕਿ ਉਹ ਪੰਛੀਆਂ ਲਈ ਦਾਣਾ ਰੱਖਣ ਅਤੇ ਦਰੱਖਤਾਂ ਦੀ ਕਟਾਈ ਤੋਂ ਬਚਣ। ਸਕੂਲਾਂ ਵਿੱਚ ‘ਪੰਛੀ ਬਚਾਓ’ ਮੁਹਿੰਮ ਚਲਾਈ ਜਾ ਸਕਦੀ ਹੈ ਜਿਸ ਨਾਲ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਹੋਵੇਗੀ। ਜੇ ਹਰ ਵਿਦਿਆਰਥੀ ਆਪਣੇ ਘਰ ਵਿੱਚ ਇੱਕ ਪਾਣੀ ਦਾ ਬਰਤਨ ਰੱਖੇ ਤਾਂ ਸਮਾਜ ਵਿੱਚ ਵੱਡਾ ਬਦਲਾਅ ਆ ਸਕਦਾ ਹੈ।
-ਬਾਕਸ-
-ਪੰਛੀਆਂ ਲਈ ਖੇਤਾਂ ’ਚ ਛੋਟੇ ਪਾਣੀ ਦੇ ਟੋਏ ਜਾਂ ਭਾਂਡੇ ਰੱਖਣੇ ਚਾਹੀਦੇ ਹਨ : ਰਛਪਾਲ ਸਿੰਘ ਸਿੱਧੂ
ਰਛਪਾਲ ਸਿੰਘ ਸਿੱਧੂ ਦਾ ਕਹਿਣਾ ਸੀ ਕਿ “ਮੈਂ ਇੱਕ ਕਿਸਾਨ ਹਾਂ ਅਤੇ ਮੇਰਾ ਜੀਵਨ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ। ਗਰਮੀ ਦੇ ਦਿਨਾਂ ਵਿੱਚ ਮੈਂ ਵੇਖਦਾ ਹਾਂ ਕਿ ਪੰਛੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤਾਂ ਵਿੱਚ ਪਾਣੀ ਦੀ ਘਾਟ ਕਾਰਨ ਉਹ ਦੂਰ-ਦੂਰ ਤਕ ਭਟਕਦੇ ਹਨ। ਪਹਿਲਾਂ ਪਿੰਡਾਂ ਵਿੱਚ ਬਹੁਤ ਦਰੱਖਤ ਹੁੰਦੇ ਸਨ ਜਿੱਥੇ ਪੰਛੀ ਆਰਾਮ ਕਰਦੇ ਤੇ ਆਪਣੇ ਆਲ੍ਹਣੇ ਬਣਾਉਂਦੇ ਸਨ, ਪਰ ਹੁਣ ਰੁੱਖਾਂ ਦੀ ਕਟਾਈ ਵੱਧ ਗਈ ਹੈ। ਇਸ ਕਾਰਨ ਪੰਛੀਆਂ ਦੇ ਆਸ਼ਿਆਨੇ ਖਤਮ ਹੋ ਰਹੇ ਹਨ। ਮੇਰੇ ਵਿਚਾਰ ’ਚ ਹਰ ਕਿਸਾਨ ਨੂੰ ਖੇਤਾਂ ਨੇੜੇ ਰੁੱਖ-ਬੂਟੇ ਲਾਉਣੇ ਚਾਹੀਦੇ ਹਨ। ਰੁੱਖ ਪੰਛੀਆਂ ਨੂੰ ਛਾਂ ਤੇ ਠੰਢਕ ਦਿੰਦੇ ਹਨ। ਖੇਤਾਂ ਵਿਚ ਛੋਟੇ ਪਾਣੀ ਦੇ ਟੋਏ ਜਾਂ ਭਾਂਡੇ ਰੱਖਣੇ ਚਾਹੀਦੇ ਹਨ। ਜ਼ਹਿਰੀਲੀ ਦਵਾਈਆਂ ਦਾ ਘੱਟ ਇਸਤੇਮਾਲ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਇਹ ਪੰਛੀਆਂ ਲਈ ਨੁਕਸਾਨਦਾਇਕ ਹੁੰਦੀਆਂ ਹਨ। ਜੇਕਰ ਪੰਛੀ ਨਹੀਂ ਰਹਿਣਗੇ ਤਾਂ ਵਾਤਾਵਰਣ ਦਾ ਸੰਤੁਲਨ ਵੀ ਖਰਾਬ ਹੋ ਜਾਵੇਗਾ। ਇਸ ਲਈ ਸਾਨੂੰ ਖੇਤੀ ਦੇ ਨਾਲ-ਨਾਲ ਪ੍ਰਕਿਰਤੀ ਦੀ ਰੱਖਿਆ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।”
-ਬਾਕਸ-
-ਗਰਮੀ ਦੇ ਦਿਨਾਂ ’ਚ ਪੰਛੀਆਂ ਦੀ ਸੰਭਾਲ ਵੱਲ ਦੇਣਾ ਚਾਹੀਦੈ ਧਿਆਨ : ਡਾ. ਜਗਸੀਰ ਸਿੰਘ
ਡਾ. ਜਗਸੀਰ ਸਿੰਘ ਮਰਾੜ ਦਾ ਕਹਿਣਾ ਸੀ ਕਿ “ਇੱਕ ਡਾਕਟਰ ਹੋਣ ਦੇ ਨਾਤੇ ਮੈਂ ਜਾਣਦਾ ਹਾਂ ਕਿ ਬਹੁਤ ਜ਼ਿਆਦਾ ਗਰਮੀ ਮਨੁੱਖਾਂ ਦੇ ਨਾਲ-ਨਾਲ ਪੰਛੀਆਂ ਲਈ ਵੀ ਖ਼ਤਰਨਾਕ ਹੁੰਦੀ ਹੈ। ਤਾਪਮਾਨ ਵੱਧਣ ਕਾਰਨ ਪੰਛੀਆਂ ਨੂੰ ਹੀਟ ਸਟਰੋਕ, ਪਾਣੀ ਦੀ ਘਾਟ ਤੇ ਥਕਾਵਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਪਾਣੀ ਨਾ ਮਿਲਣ ਕਾਰਨ ਉਹ ਬੇਹੋਸ਼ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ। ਇਸ ਲਈ ਸਾਨੂੰ ਗਰਮੀ ਦੇ ਦਿਨਾਂ ਵਿੱਚ ਪੰਛੀਆਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਘਰਾਂ ਦੀ ਛੱਤ ਜਾਂ ਬਾਲਕਨੀ ਵਿੱਚ ਸਾਫ਼ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਵਾਲੇ ਭਾਂਡੇ ਛਾਂ ਵਾਲੀ ਜਗ੍ਹਾ ਵਿੱਚ ਰੱਖੇ ਜਾਣ ਤਾਂ ਜੋ ਪਾਣੀ ਜ਼ਿਆਦਾ ਗਰਮ ਨਾ ਹੋਵੇ। ਇਸ ਦੇ ਨਾਲ ਦਾਣਾ ਰੱਖਣਾ ਵੀ ਲਾਭਦਾਇਕ ਹੈ। ਜੇ ਕੋਈ ਪੰਛੀ ਬੇਹਾਲ ਹਾਲਤ ਵਿੱਚ ਮਿਲੇ ਤਾਂ ਉਸਨੂੰ ਪਾਣੀ ਪਿਲਾ ਕੇ ਠੰਢੀ ਥਾਂ ’ਤੇ ਰੱਖਣਾ ਚਾਹੀਦਾ ਹੈ। ਲੋਕਾਂ ਵਿੱਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਕਿ ਪੰਛੀ ਵੀ ਜੀਵ ਹਨ ਅਤੇ ਉਨ੍ਹਾਂ ਨੂੰ ਵੀ ਜੀਣ ਦਾ ਹੱਕ ਹੈ। ਮਨੁੱਖਤਾ ਦਾ ਅਸਲੀ ਅਰਥ ਇਹੀ ਹੈ ਕਿ ਅਸੀਂ ਕਮਜ਼ੋਰ ਜੀਵਾਂ ਦੀ ਰੱਖਿਆ ਕਰੀਏ।”