ਤੇਜ਼ ਗਰਮੀ ਨੇ ਉਮੀਦਵਾਰਾਂ ਅਤੇ ਵੋਟਰਾਂ ਦੇ ਛੁਡਾਏ ਪਸੀਨੇ, ਬਠਿੰਡਾ ਲਗਾਤਾਰ ਚੌਥੇ ਦਿਨ ਰਿਹਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ

-ਬਠਿੰਡਾ ਵਿਖੇ ਮੰਗਲਵਾਰ ਨੂੰ ਤਾਪਮਾਨ 44.9 ਡਿਗਰੀ ਸੈਲਸੀਅਸ ਤਕ ਪੁੱਜਿਆ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਦੌਰਾਨ ਜਿੱਥੇ ਸਿਆਸੀ ਮਾਹੌਲ ਗਰਮਾਇਆ ਹੋਇਆ ਸੀ, ਉੱਥੇ ਮੌਸਮ ਦੀ ਤਪਸ਼ ਨੇ ਵੀ ਲੋਕਾਂ ਨੂੰ ਬੇਹਾਲ ਕਰ ਦਿੱਤਾ। ਮੰਗਲਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 44.9 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜਿਸ ਕਾਰਨ ਸ਼ਹਿਰ ਇਕ ਵਾਰ ਫਿਰ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਦਰਜ ਕੀਤਾ ਗਿਆ। ਲਗਾਤਾਰ ਚੌਥੇ ਦਿਨ ਬਠਿੰਡਾ ਵਿੱਚ ਪਾਰਾ 44 ਡਿਗਰੀ ਤੋਂ ਉੱਪਰ ਦਰਜ ਹੋਣ ਨਾਲ ਆਮ ਲੋਕਾਂ ਦੇ ਨਾਲ-ਨਾਲ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰ ਤੇ ਵੋਟਰ ਵੀ ਗਰਮੀ ਨਾਲ ਪਰੇਸ਼ਾਨ ਨਜ਼ਰ ਆਏ। ਚੋਣਾਵੀ ਮਾਹੌਲ ਵਿੱਚ ਪਹਿਲਾਂ ਹੀ ਆਪਣੀ ਜਿੱਤ ਤੇ ਹਾਰ ਨੂੰ ਲੈ ਕੇ ਚਿੰਤਤ ਉਮੀਦਵਾਰ ਪਸੀਨੋ-ਪਸੀਨੀ ਹੋਏ ਪਏ ਸਨ, ਪਰ ਮੰਗਲਵਾਰ ਦੀ ਤਿੱਖੀ ਧੁੱਪ ਤੇ ਗਰਮ ਹਵਾਵਾਂ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ। ਦੂਜੇ ਪਾਸੇ ਵੋਟਰਾਂ ਨੂੰ ਵੀ ਵੋਟ ਪਾਉਣ ਲਈ ਕੜੀ ਧੁੱਪ ਵਿੱਚ ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਰਹਿਣਾ ਪਿਆ। ਦੁਪਹਿਰ ਸਮੇਂ ਹਾਲਾਤ ਇਨ੍ਹੇ ਗੰਭੀਰ ਹੋ ਗਏ ਕਿ ਕਈ ਲੋਕ ਰੁੱਖਾਂ ਦੀ ਛਾਂ ਅਤੇ ਨੇੜਲੇ ਠੰਢੇ ਸਥਾਨਾਂ ਵਿੱਚ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਬਠਿੰਡਾ ’ਚ ਪਿਛਲੇ ਚਾਰ ਦਿਨਾਂ ਤੋਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਸ਼ਨਿੱਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਸੀ। ਇਸ ਤੋਂ ਬਾਅਦ ਐਤਵਾਰ ਨੂੰ ਇਹ ਵਧ ਕੇ 44.6 ਡਿਗਰੀ ਅਤੇ ਸੋਮਵਾਰ ਨੂੰ 44.7 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਮੰਗਲਵਾਰ ਨੂੰ ਪਾਰਾ ਹੋਰ ਚੜ੍ਹਦਿਆਂ 44.9 ਡਿਗਰੀ ਸੈਲਸੀਅਸ ’ਤੇ ਦਰਜ ਹੋਇਆ। ਗਰਮੀ ਦੇ ਇਸ ਲਗਾਤਾਰ ਵਧ ਰਹੇ ਪ੍ਰਕੋਪ ਨੇ ਮਨੁੱਖ ਹੀ ਨਹੀਂ, ਸਗੋਂ ਪਸ਼ੂ ਪੰਛੀਆਂ ਨੂੰ ਪ੍ਰਭਾਵਿਤ ਕੀਤਾ ਹੈ। ਚੋਣਾਂ ਦੇ ਮੱਦੇਨਜ਼ਰ ਸਵੇਰੇ ਤੋਂ ਹੀ ਵੋਟਰ ਪੋਲਿੰਗ ਬੂਥਾਂ ਵੱਲ ਰੁਖ ਕਰਨ ਲੱਗ ਪਏ ਸਨ ਤਾਂ ਜੋ ਦੁਪਹਿਰ ਦੀ ਭਿਆਨਕ ਗਰਮੀ ਤੋਂ ਪਹਿਲਾਂ ਵੋਟ ਪਾਈ ਜਾ ਸਕੇ। ਸਵੇਰੇ 8 ਵਜੇ ਤੋਂ ਹੀ ਕਈ ਪੋਲਿੰਗ ਬੂਥਾਂ ’ਤੇ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਹਾਲਾਂਕਿ ਦੁਪਹਿਰ ਬਾਅਦ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ। ਦੁਪਹਿਰ ਸਮੇਂ ਇਕ ਵਾਰ ਪੋਲਿੰਗ ਬੂਥ ਅਤੇ ਪੋਲਿੰਗ ਸਟੇਸ਼ਨਾਂ ਤੇ ਸੁੰਨਸਾ ਪਸਰ ਗਈ ਪਰ ਦੁਪਹਿਰ ਬਾਅਦ ਫ਼ਿਰ ਕੇਂਦਰਾਂ ’ਤੇ ਰੌਣਕ ਪਰਤੀ। ਬਜ਼ੁਰਗਾਂ, ਮਹਿਲਾਵਾਂ ਤੇ ਬੱਚਿਆਂ ਨਾਲ ਆਏ ਪਰਿਵਾਰਾਂ ਨੂੰ ਸਭ ਤੋਂ ਵੱਧ ਦਿੱਕਤਾਂ ਝੱਲਣੀਆਂ ਪਈਆਂ। ਕਈ ਲੋਕ ਹੱਥਾਂ ਵਿੱਚ ਪੱਖੇ, ਤੌਲੀਆ ਅਤੇ ਪਾਣੀ ਦੀਆਂ ਬੋਤਲਾਂ ਲੈ ਕੇ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। ਕੁਝ ਥਾਵਾਂ ’ਤੇ ਸਮਾਜ ਸੇਵੀ ਸੰਸਥਾਵਾਂ ਅਤੇ ਸਥਾਨਕ ਲੋਕਾਂ ਵੱਲੋਂ ਠੰਢੇ ਪਾਣੀ ਅਤੇ ਸ਼ਰਬਤ ਦੀ ਸੇਵਾ ਵੀ ਕੀਤੀ, ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ। ਚੋਣ ਲੜ ਰਹੇ ਉਮੀਦਵਾਰ ਵੀ ਗਰਮੀ ਕਾਰਨ ਪਰੇਸ਼ਾਨ ਨਜ਼ਰ ਆਏ।
ਵੱਖ-ਵੱਖ ਵਾਰਡਾਂ ਵਿਚ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਸਵੇਰੇ ਤੋਂ ਹੀ ਘਰ-ਘਰ ਜਾ ਕੇ ਵੋਟਰਾਂ ਨੂੰ ਬੂਥਾਂ ਤਕ ਲਿਆਉਣ ’ਚ ਰੁੱਝੇ ਰਹੇ। ਪਰ ਤਿੱਖੀ ਧੁੱਪ ਅਤੇ ਗਰਮ ਹਵਾਵਾਂ ਕਾਰਨ ਕਈ ਥਾਵਾਂ ’ਤੇ ਵੋਟਰਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਡਾਕਟਰਾਂ ਨੇ ਵੀ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਸਿਹਤ ਮਾਹਿਰਾਂ ਮੁਤਾਬਕ ਇਸ ਤਰ੍ਹਾਂ ਦੀ ਭਿਆਨਕ ਗਰਮੀ ਵਿੱਚ ਧੁੱਪ ਤੋਂ ਬਚਣਾ, ਵੱਧ ਤੋਂ ਵੱਧ ਪਾਣੀ ਪੀਣਾ ਤੇ ਬਿਨਾਂ ਲੋੜ ਘਰ ਤੋਂ ਬਾਹਰ ਨਾ ਨਿਕਲਣਾ ਜ਼ਰੂਰੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਤੋਂ ਤੁਰੰਤ ਰਾਹਤ ਮਿਲਣ ਦੀ ਸੰਭਾਵਨਾ ਘੱਟ ਦੱਸੀ ਹੈ। ਇਸ ਕਾਰਨ ਲੋਕਾਂ ਨੂੰ ਅਜੇ ਹੋਰ ਕੁਝ ਦਿਨ ਤਪਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।