ਵਿਦਿਆਰਥੀਆਂ ਨੇ ਅਥਲੈਟਿਕਸ ਦਿਵਸ ਸਬੰਧੀ ਕੀਤੀ ਵਿਚਾਰ-ਚਰਚਾ
ਅਥਲੈਟਿਕਸ ਦਿਵਸ ਸਬੰਧੀ ਬੱਚਿਆਂ ਨੇ ਕੀਤੀ ਵਿਚਾਰ ਚਰਚਾ
Publish Date: Sun, 10 May 2026 06:22 PM (IST)
Updated Date: Mon, 11 May 2026 04:06 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਵਿਦਿਆਰਥੀਆਂ ਵੱਲੋਂ “ਵਿਸ਼ਵ ਐਥਲੈਟਿਕਸ ਦਿਵਸ” ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਖੇਡਾਂ ਦੀ ਮਹੱਤਤਾ, ਐਥਲੈਟਿਕਸ ’ਚ ਔਰਤਾਂ ਦੇ ਯੋਗਦਾਨ, ਖੇਡਾਂ ਨਾਲ ਅਨੁਸ਼ਾਸਨ ’ਤੇ ਆਪਣੇ ਵਿਚਾਰ ਸਾਂਝੇ ਕੀਤੇ। -ਬਾਕਸ- ਦਸਵੀਂ ਦੀ ਵਿਦਿਆਰਥਣ ਅਵਨੀਤ ਕੌਰ ਨੇ ਦੱਸਿਆ ਕਿ ਵਿਸ਼ਵ ਅਥਲੈਟਿਕਸ ਦਿਵਸ ਹਰ ਸਾਲ 7 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸਾਲ 1996 ਵਿੱਚ ਇੰਟਰਨੈਸ਼ਨਲ ਐਮੇਚਰ ਐਥਲੈਟਿਕਸ ਫੈਡਰੇਸ਼ਨ (ਆਈਏਏਐੱਫ) ਵੱਲੋਂ ਕੀਤੀ ਗਈ ਸੀ। ਉਸਨੇ ਕਿਹਾ ਕਿ ਇਸ ਦਿਨ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਐਥਲੈਟਿਕਸ ਪ੍ਰਤੀ ਰੁਚੀ ਪੈਦਾ ਕਰਨਾ ਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਹੈ। ਇਸ ਮੌਕੇ ਸਕੂਲਾਂ ਅਤੇ ਕਾਲਜਾਂ ਵਿੱਚ ਵੱਖ-ਵੱਖ ਐਥਲੈਟਿਕਸ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਨੌਜਵਾਨਾਂ ਨੂੰ ਤੰਦਰੁਸਤ ਜੀਵਨ ਸ਼ੈਲੀ ਲਈ ਪ੍ਰੇਰਿਤ ਕੀਤਾ ਜਾ ਸਕੇ। -ਬਾਕਸ- ਨੌਵੀਂ ਦੀ ਵਿਦਿਆਰਥਣ ਜਸਮੀਤ ਕੌਰ ਨੇ ਕਿਹਾ ਕਿ ਵਿਸ਼ਵ ਐਥਲੈਟਿਕਸ ਦਿਵਸ ਦੀ ਮਹੱਤਤਾ ਅੱਜ ਦੇ ਸਮੇਂ ’ਚ ਹੋਰ ਵੀ ਵੱਧ ਗਈ ਹੈ। ਇਸ ਦਿਨ ਨੌਜਵਾਨਾਂ ਨੂੰ ਸਿਹਤ ਅਤੇ ਖੇਡਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਉਸਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਪ੍ਰਸਿੱਧ ਨੇਤਾ ਤੇ ਖੇਡ ਜਗਤ ਦੀਆਂ ਹਸਤੀਆਂ ਨੌਜਵਾਨਾਂ ਨੂੰ ਖੇਡਾਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੇ ਹਨ ਤਾਂ ਜੋ ਉਹ ਤੰਦਰੁਸਤ ਅਤੇ ਅਨੁਸ਼ਾਸਿਤ ਜੀਵਨ ਜੀ ਸਕਣ। -ਬਾਕਸ- ਨੌਵੀਂ ਦੀ ਵਿਦਿਆਰਥਣ ਇੰਦਰਜੀਤ ਕੌਰ ਨੇ ਅਥਲੈਟਿਕਸ ਵਿੱਚ ਔਰਤਾਂ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਸਮਾਜ ਵਿੱਚ ਔਰਤਾਂ ਨੂੰ ਖੇਡਾਂ ਵਿੱਚ ਵੱਧ ਮੌਕੇ ਨਹੀਂ ਮਿਲਦੇ ਸਨ, ਪਰ ਹੁਣ ਉਹ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾ ਰਹੀਆਂ ਹਨ। ਉਸਨੇ ਕਿਹਾ ਕਿ ਪੀਟੀ ਊਸ਼ਾ, ਹੇਮਾ ਦਾਸ, ਮੈਰੀ ਕੋਮ ਅਤੇ ਹੋਰ ਕਈ ਖਿਡਾਰਨਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਨ੍ਹਾਂ ਖਿਡਾਰਨਾਂ ਨੇ ਸਾਬਤ ਕੀਤਾ ਹੈ ਕਿ ਮਿਹਨਤ ਅਤੇ ਹੌਂਸਲੇ ਨਾਲ ਹਰ ਮੁਸ਼ਕਲ ਨੂੰ ਹਰਾਇਆ ਜਾ ਸਕਦਾ ਹੈ। -ਬਾਕਸ- ਨੌਵੀਂ ਜਮਾਤ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਕਿਹਾ ਕਿ ਅੱਜ ਵੀ ਖੇਡ ਜਗਤ ਵਿੱਚ ਔਰਤਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਸਮਾਜਿਕ ਸੋਚ ਤੇ ਸਹੂਲਤਾਂ ਦੀ ਕਮੀ ਉਨ੍ਹਾਂ ਦੀ ਪ੍ਰਗਤੀ ਵਿੱਚ ਰੁਕਾਵਟ ਬਣਦੀ ਹੈ। ਉਸਨੇ ਕਿਹਾ ਕਿ ਮੈਦਾਨ, ਕੋਚਿੰਗ ਅਤੇ ਸੁਰੱਖਿਆ ਦੀ ਕਮੀ ਕਾਰਨ ਕਈ ਲੜਕੀਆਂ ਆਪਣੀ ਪੂਰੀ ਯੋਗਤਾ ਨਹੀਂ ਦਿਖਾ ਸਕਦੀਆਂ। ਫਿਰ ਵੀ ਮੈਰੀ ਕੋਮ ਅਤੇ ਪਵਾਰ ਭੈਣਾਂ ਵਰਗੀਆਂ ਖਿਡਾਰਨਾਂ ਨੇ ਸਮਾਜਿਕ ਰੁਕਾਵਟਾਂ ਨੂੰ ਤੋੜ ਕੇ ਹੋਰ ਔਰਤਾਂ ਲਈ ਪ੍ਰੇਰਣਾ ਬਣਨ ਦਾ ਕੰਮ ਕੀਤਾ ਹੈ। -ਬਾਕਸ- ਅੱਠਵੀਂ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਕਿਹਾ ਕਿ ਖੇਡਾਂ ਅਤੇ ਅਨੁਸ਼ਾਸਨ ਦਾ ਡੂੰਘਾ ਸਬੰਧ ਹੈ। ਖੇਡਾਂ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਇਮਾਨਦਾਰੀ, ਸਹਿਯੋਗ ਤੇ ਮਾਨਸਿਕ ਸੰਤੁਲਨ ਪੈਦਾ ਕਰਦੀਆਂ ਹਨ। ਉਸਨੇ ਕਿਹਾ ਕਿ ਅਨੁਸ਼ਾਸਨ ਤੋਂ ਬਿਨਾਂ ਜੀਵਨ ਵਿੱਚ ਸਫਲਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਤੇ ਖੇਡਾਂ ਬੱਚਿਆਂ ਨੂੰ ਜ਼ਿੰਮੇਵਾਰ ਤੇ ਯੋਗ ਨਾਗਰਿਕ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। -ਬਾਕਸ- ਅੱਠਵੀਂ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚੇ ਖੇਡਾਂ ਤੋਂ ਦੂਰ ਹੋ ਕੇ ਮੋਬਾਈਲ ਫੋਨਾਂ ਵੱਲ ਵੱਧ ਆਕਰਸ਼ਿਤ ਹੋ ਰਹੇ ਹਨ, ਜਿਸ ਨਾਲ ਉਹ ਸਰੀਰਕ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਹੋ ਰਹੇ ਹਨ। ਉਸਨੇ ਕਿਹਾ ਕਿ ਐਥਲੈਟਿਕਸ ਦਿਵਸ ਵਰਗੇ ਮੌਕੇ ਬੱਚਿਆਂ ਨੂੰ ਖੇਡਾਂ ਤੇ ਸਰੀਰਕ ਕਸਰਤ ਲਈ ਪ੍ਰੇਰਿਤ ਕਰਦੇ ਹਨ। ਵਿਦਿਆਰਥੀਆਂ ਨੇ ਅੰਤ ਵਿੱਚ ਸਾਰੇ ਖਿਡਾਰੀਆਂ ਦੀ ਚੰਗੀ ਸਿਹਤ ਤੇ ਸੁਰੱਖਿਆ ਦੀ ਕਾਮਨਾ ਕਰਦਿਆਂ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਮਾਧਿਅਮ ਹਨ ਜੋ ਸਮਾਜ ਵਿੱਚ ਏਕਤਾ, ਸਮਾਨਤਾ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ ਹਨ।