ਹੜਤਾਲ 15ਵੇਂ ਦਿਨ ਜਾਰੀ, ਕੂੜੇ ਦੇ ਢੇਰ ਤੇ ਸੀਵਰੇਜ ਲੀਕ ਹੋਣ ਤੋਂ ਲੋਕ ਪਰੇਸ਼ਾਨ
ਹੜਤਾਲ 15ਵੇਂ ਦਿਨ ਜਾਰੀ, ਕੂੜੇ ਦੇ ਲੱਗੇ ਢੇਰ, ਸੀਵਰੇਜ ਲੀਕ, ਬਦਬੂ ਤੇ ਗੰਦੇ ਪਾਣੀ ਤੋਂ ਪ੍ਰੇਸ਼ਾਨੀ
Publish Date: Wed, 20 May 2026 05:35 PM (IST)
Updated Date: Thu, 21 May 2026 04:04 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਸਫਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਆਪਣੀਆਂ ਮੰਗਾਂ ਸਬੰਧੀ ਪੂਰੇ ਪੰਜਾਬ ਅੰਦਰ 6 ਮਈ ਤੋਂ ਲਗਾਤਾਰ 15ਵੇਂ ਦਿਨ ਕੰਮ ਛੋਡ ਹੜਤਾਲ ਜਾਰੀ ਹੈ। ਭੁੱਚੋ ਮੰਡੀ ਵਿਖੇ ਮਿਊਸਪਲ ਕਮੇਟੀ ਅੱਗੇ ਧਰਨੇ ਤੇ ਬੈਠੇ ਸਫਾਈ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਕਮੇਟੀ ਅਹੁਦੇਦਾਰ ਵਾਈਸ ਪ੍ਰਧਾਨ ਕੁਲਦੀਪ ਸਿੰਘ, ਸਕੱਤਰ ਪ੍ਰਵੀਨ ਕੁਮਾਰ ਤੇ ਹੋਰ ਆਗੂਆਂ ਵੱਲੋਂ ਧਰਨੇ ਨੂੰ ਹੋਰ ਮਜਬੂਤ ਬਨਾਉਣ ਲਈ ਸਾਥੀਆਂ ਨੂੰ ਮੰਗਾਂ ਮੰਨੇ ਜਾਣ ਤਕ ਇਸੇ ਤਰ੍ਹਾਂ ਡਟੇ ਰਹਿ ਲਈ ਕਿਹਾ। ਉਨ੍ਹਾਂ ਕਿਹਾ ਕਿ ਜਦੋ ਤੱਕ ਪੰਜਾਬ ਕਮੇਟੀ ਦਾ ਕੋਈ ਫੈਸਲਾ ਨਹੀ ਆਉਦਾ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇ। ਹਰ ਕੋਈ ਮਿਊਂਸਪਲ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਮਗਨ ਹੈ। ਲੋਕਾਂ ਨੂੰ ਹਰ ਉਮੀਦਵਾਰ ਵੱਖਰੇ-ਵੱਖਰੇ ਸਫਾਈ ਅਤੇ ਸ਼ਹਿਰ ਨੂੰ ਮਾਡਲ ਬਨਾਉਣ ਦੇ ਵਾਅਦੇ ਕਰ ਰਿਹਾ ਹੈ, ਪਰ ਜਿਨ੍ਹਾਂ ਸ਼ਹਿਰ ਨੂੰ ਮਾਡਲ ਬਨਾਉਣਾ ਹੈ, ਉਨ੍ਹਾਂ ਕਾਮਿਆਂ ਨਾਲ ਕੋਈ ਵੀ ਗੱਲ ਨਹੀ ਕਰ ਰਿਹਾ। ਉਨ੍ਹਾਂ ਕਿਹਾ ਕਿ ਇਸੇ ਤਰਾਂ ਆਪਾਂ ਹੱਕਾਂ ਲਈ ਡਟੇ ਰਹੋ, ਜਿੱਤ ਆਪਣੀ ਹੀ ਹੋਵੇਗੀ। ਇਸ ਮੌਕੇ ਸਥਾਨਕ ਆਗੂ ਪ੍ਰਧਾਨ ਪੱਪੂ ਰਾਮ, ਸੈਕਟਰੀ ਦਿਲਬਾਗ,ਚੇਅਰਮੈਨ ਰਮੇਸ਼ ਕੁਮਾਰ ਪ੍ਰਬੂ ਅਤੇ ਰਮੇਸ਼ ਸੰਜੂ ਨੇ ਭਰੋਸਾ ਦਿਵਾਇਆ ਕਿ ਉਹ ਸੂਬਾ ਕਮੇਟੀ ਨਾਲ ਖੜ੍ਹੇ ਹਨ, ਉਪਰੋ ਫੈਸਲਾ ਆਉਣ ’ਤੇ ਹੀ ਕੰਮ ਸੁਰੂ ਕੀਤਾ ਜਾਵੇਗਾ। ਉੱਧਰ ਸ਼ਹਿਰ ਵਿੱਚ 15 ਦਿਨਾਂ ਤੋਂ ਸਫਾਈ ਨਾ ਹੋਣ ਕਾਰਨ ਹਰ ਪਾਸੇ ਕੂੜੇ ਦੇ ਢੇਰ ਲੱਗ ਚੁੱਕੇ ਹਨ ਤੇ ਸੀਵਰੇਜ ਦੇ ਗੰਦੇ ਪਾਣੀ ਓਵਰਫਲੋ ਹੋ ਕੇ ਗਲੀਆਂ ਵਿਚ ਆ ਗਿਆ ਹੈ। ਬੱਸ ਸਟੈਡ ਕੋਲ ਸ਼ਹਿਰ ਦੇ ਮੇਨ ਬਜਾਰ ਵਿੱਚ ਝੰਡੂਕੇ ਭਾਡਿਆਂ ਵਾਲੇ ਦੀਆਂ ਦੁਕਾਨਾਂ ਕੋਲ ਸੀਵਰੇਜ ਦਾ ਗੰਦ ਪਾਣੀ ਜਮਾਂ ਹੋ ਗਿਆ। ਇਕ ਪਾਸੇ ਕੂੜੇ ਦੇ ਢੇਰਾਂ ਵਿੱਚੋ ਬਦਬੂ ਉਠ ਰਹੀ ਹੈ, ਉਪਰੋ ਹੁਣ ਸੀਵਰੇਜ ਜਾਮ ਹੋ ਗਿਆ ਹੈ। ਇਸ ਨਾਲ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਤੇ ਮੰਡੀ ਵਿਚ ਭਿਆਨਕ ਬਿਮਾਰੀਆ ਫੈਲਣ ਦਾ ਖਤਰਾ ਬਣਿਆ ਹੋਇਆ ਹੈ।