ਦਸ਼ਮੇਸ਼ ਸਕੂਲ ਦੀ ਵਿਦਿਆਰਥਣ ਲੀਨੇਸ਼ਾ ਬਾਂਸਲ ਨੇ ਸੂਬਾ ਮੈਰਿਟ ਸੂਚੀ ਵਿੱਚ ਬਣਾਈ ਥਾਂ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਲੀਨੇਸ਼ਾ ਬਾਂਸਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬਾ ਪੱਧਰੀ ਮੈਰਿਟ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਲੀਨੇਸ਼ਾ ਬਾਂਸਲ ਨੇ ਪੰਜਾਬ ਭਰ ਵਿੱਚੋਂ 17ਵਾਂ ਅਤੇ ਬਠਿੰਡਾ ਜ਼ਿਲ੍ਹੇ ਵਿੱਚੋਂ 12ਵਾਂ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥਣ ਦੀ ਇਸ ਉਪਲਬਧੀ ਤੋਂ ਬਾਅਦ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਸਕੂਲ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਲੀਨੇਸ਼ਾ ਬਾਂਸਲ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸਕੂਲ ਦੇ ਐਮਡੀ ਤਸਵਿੰਦਰ ਸਿੰਘ ਮਾਨ ਸਮੇਤ ਸਮੂਹ ਸਟਾਫ ਵੱਲੋਂ ਵਿਦਿਆਰਥਣ ਦਾ ਸਨਮਾਨਿਤ ਕੀਤਾ ਤੇ ਉਸਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਗਈ। ਸਨਮਾਨ ਸਮਾਗਮ ਦੌਰਾਨ ਲੀਨੇਸ਼ਾ ਬਾਂਸਲ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰੇ ਤਾਂ ਉਸਦੀ ਮਿਹਨਤ ਜ਼ਰੂਰ ਰੰਗ ਲਿਆਉਂਦੀ ਹੈ। ਉਸਨੇ ਕਿਹਾ ਕਿ ਨਿਯਮਿਤ ਪੜ੍ਹਾਈ, ਸਮੇਂ ਦੀ ਸਹੀ ਯੋਜਨਾ ਅਤੇ ਅਧਿਆਪਕਾਂ ਦੀ ਰਹਿਨੁਮਾਈ ਨੇ ਉਸ ਨੂੰ ਇਹ ਉਪਲੱਬਧੀ ਹਾਸਲ ਕਰਨ ਵਿੱਚ ਮਦਦ ਕੀਤੀ। ਉਸ ਨੇ ਹੋਰ ਵਿਦਿਆਰਥੀਆਂ ਨੂੰ ਵੀ ਮਨ ਲਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਆ। ਸਕੂਲ ਦੇ ਐੱਮਡੀ ਤਸਵਿੰਦਰ ਸਿੰਘ ਮਾਨ ਨੇ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੀਨੇਸ਼ਾ ਦੀ ਇਹ ਉਪਲੱਬਧੀ ਸਾਰੇ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆ ਦੇਣ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਰਹਿੰਦਾ ਹੈ।
ਉਨ੍ਹਾਂ ਕਿਹਾ, “ਲੀਨੇਸ਼ਾ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਵਿਦਿਆਰਥੀ ਲਕਸ਼ ਤੈਅ ਕਰਕੇ ਮਿਹਨਤ ਕਰਨ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਸਾਨੂੰ ਆਪਣੀ ਵਿਦਿਆਰਥਣ ’ਤੇ ਮਾਣ ਹੈ। ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਬਣੇਗੀ। ਸਕੂਲ ਵੱਲੋਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਉਹ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਛੂਹ ਸਕਣ।” ਉਨ੍ਹਾਂ ਨੇ ਅਧਿਆਪਕਾਂ ਦੀ ਮਿਹਨਤ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਦੇ ਸਟਾਫ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਅਤੇ ਅਨੁਸ਼ਾਸਨ ਪ੍ਰਤੀ ਵੀ ਪ੍ਰੇਰਿਤ ਕੀਤਾ ਹੈ, ਜਿਸ ਦਾ ਨਤੀਜਾ ਅੱਜ ਸ਼ਾਨਦਾਰ ਪ੍ਰਦਰਸ਼ਨ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਕੂਲ ਦੇ ਐੱਮਡੀ ਤਸ਼ਵਿੰਦਰ ਸਿੰਘ ਮਾਨ, ਰੇਨੂੰ ਉੱਪਲ ਅਤੇ ਰੁਚੀ ਸਰਾਂ ਅਤੇ ਵਿਦਿਆਰਥੀਆਂ ਵੱਲੋਂ ਲੀਨੇਸ਼ਾ ਬਾਂਸਲ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਸਦੀ ਸਫਲਤਾ ‘ਤੇ ਖੁਸ਼ੀ ਪ੍ਰਗਟਾਈ ਗਈ। ਇਸ ਮੌਕੇ ਵਿਦਿਆਰਥਣ ਦੇ ਪਿਤਾ ਡਾ. ਅਸ਼ਵਨੀ ਨੇ ਬੇਟੀ ਦੀ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕੀਤੀ ਜਾਵੇ ਤਾਂ ਮੰਜਲ ਸਰ ਕੀਤੀ ਜਾ ਸਕਦੀ ਹੈ।