ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਰਵਨੀਤ ਬਿੱਟੂ ਤੇ ਸੁਖਬੀਰ ਬਾਦਲ ਦੀਆਂ ਰੈਲੀਆਂ

-ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਰਵਨੀਤ ਬਿੱਟੂ ਤੇ ਸੁਖਬੀਰ ਬਾਦਲ ਦੀਆਂ ਹੋਈਆਂ ਰੈਲੀਆਂ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਸੁਖਬੀਰ ਬਾਦਲ ਨੇ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਮੀਦਵਾਰਾਂ ਦੇ ਹੱਕ ਵਿੱਚ ਵੱਡੀਆਂ ਰੈਲੀਆਂ ਕੀਤੀਆਂ। ਚੋਣ ਪ੍ਰਚਾਰ ਦੇ ਆਖਰੀ ਦਿਨ ਵੱਡੇ ਲੀਡਰਾਂ ਦੀ ਸ਼ਮੂਲੀਅਤ ਨੇ ਸਿਆਸੀ ਮਾਹੌਲ ਨੂੰ ਹੋਰ ਭਖਾ ਦਿੱਤਾ। ਹਾਲਾਂਕਿ ਦੋਵੇਂ ਵੱਡੇ ਲੀਡਰਾਂ ਨੇ ਆਪੋ-ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਉੱਥੇ ਹੀ ਦੋਵੇਂ ਆਗੂਆਂ ਦੇ ਭਾਸ਼ਣ ਦੂਜੀਆਂ ਪਾਰਟੀਆਂ ਤੇ ਦੂਸ਼ਣਬਾਜ਼ੀ ਅਤੇ ਧਮਕੀਆਂ ਤਕ ਹੀ ਸੀਮਤ ਰਹੇ। ਭਾਵੇਂ ਭਾਰਤੀ ਜਨਤਾ ਪਾਰਟੀ ਨੇ ਰਵਨੀਤ ਬਿੱਟੂ ਦੀਆਂ ਰੈਲੀਆਂ ਤੋਂ ਪਹਿਲਾਂ ਚੋਣ ਮੈਨੀਫੈਸਟੋ ਦੇ ਰੂਪ ਵਿੱਚ ਆਪਣਾ ਸੰਕਲਪ ਪੱਤਰ ਜਾਰੀ ਕਰ ਦਿੱਤਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪੁਰਾਣੇ ਲਹਿਜ਼ੇ ਵਿੱਚ ਹੀ ਵੱਖ-ਵੱਖ ਥਾਵਾਂ ’ਤੇ ਰੈਲੀਆਂ ਨੂੰ ਸੰਬੋਧਨ ਕੀਤਾ। ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਆਉਣ ਵਾਲੇ ਸਮੇਂ ਵਿਚ ਵਿਕਾਸ ਦੇ ਏਜੰਡੇ ਦੀ ਤਸਵੀਰ ਲੋਕਾਂ ਸਾਹਮਣੇ ਨਹੀਂ ਰੱਖੀ। ਜਦੋਂ ਇਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਸਾਬਕਾ ਮੇਅਰ ਅਤੇ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵਿਕਾਸ ਦਾ ਰੋਡ ਮੈਪ ਲੋਕਾਂ ਸਾਹਮਣੇ ਰੱਖ ਰਹੇ ਹਨ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਈਏਐਸ ਆਈਪੀਐੱਸ ਸਮੇਤ ਹੋਰਨਾ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵੋਟਾਂ ਵਿੱਚ ਧੱਕੇਸ਼ਾਹੀ ਕਰਨੀ ਚਾਹੀ ਤਾਂ ਉਹ ਇਸ ਦੀ ਸ਼ਿਕਾਇਤ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰਵਾਉਣਗੇ। ਕੇਂਦਰੀ ਰਾਜ ਮੰਤਰੀ ਬਿੱਟੂ ਦਾ ਭਾਸ਼ਣ ਵੀ ਸਿਰਫ ਧਮਕੀਆਂ ਤੱਕ ਹੀ ਸੀਮਤ ਰਿਹਾ। ਤਲਵੰਡੀ ਸਾਬੋ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਅੱਜ ਤਕ ਕਿਸੇ ਵੀ ਸਰਕਾਰ ਨੇ ਰੇਲ ਲਿੰਕ ਨਾਲ ਜੋੜਨ ਲਈ ਕੁੱਝ ਨਹੀਂ ਕੀਤਾ, ਪਰ ਭਾਜਪਾ ਦੀ ਸਰਕਾਰ ਨੇ ਸਤਿਕਾਰ ਤੇ ਸ਼ਰਧਾ ਤਹਿਤ ਤਖਤ ਸਾਹਿਬ ਨੂੰ ਰੇਲ ਲਿੰਕ ਨਾਲ ਜੋੜ ਕੇ ਸਿੱਖ ਸੰਗਤਾਂ ਦੀ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕੇਂਦਰੀ ਮੰਤਰੀ ਰਹੇ ਹਰਸਿਮਰਤ ਕੌਰ ਬਾਦਲ ’ਤੇ ਇਸ ਮਸਲੇ ਨੂੰ ਲੈ ਕੇ ਸਿਆਸੀ ਤਨਜ ਕੱਸੇ।
ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਜਿੱਥੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗਰਮ ਲਹਿਜੇ ਵਿੱਚ ਚੇਤਾਵਨੀਆਂ ਦਿੰਦੇ ਨਜ਼ਰ ਆਏ ਉੱਥੇ ਹੀ ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਅਮਰਜੀਤ ਸਿੰਘ ਮਹਿਤਾ ਖਿਲਾਫ ਵੀ ਗਰਮ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਦੇ ਆਗੂ ਅਮਰਜੀਤ ਸਿੰਘ ਮਹਿਤਾ ਹੀ ਰਹੇ। ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਖ-ਵੱਖ ਥਾਵਾਂ ’ਤੇ ਰੈਲੀਆਂ ਕਰਕੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ ਗਈਆਂ। ਦੋਵਾਂ ਆਗੂਆਂ ਦੇ ਭਾਸ਼ਣਾਂ ਦੌਰਾਨ ਸਿਆਸੀ ਮੁੱਦਿਆਂ ਨਾਲੋਂ ਵਿਰੋਧੀਆਂ ’ਤੇ ਤਿੱਖੇ ਹਮਲੇ ਅਤੇ ਦੋਸ਼ਾਰੋਪਣ ਵੱਧ ਹਾਵੀ ਰਹੇ। ਰੈਲੀਆਂ ਵਿੱਚ ਇੱਕ-ਦੂਜੇ ਦੀਆਂ ਪਾਰਟੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਭ੍ਰਿਸ਼ਟਾਚਾਰ, ਗਲਤ ਨੀਤੀਆਂ ਅਤੇ ਲੋਕਾਂ ਨਾਲ ਧੋਖੇਬਾਜ਼ੀ ਦੇ ਦੋਸ਼ ਲਗਾਏ ਗਏ। ਇਸ ਦੌਰਾਨ ਕਈ ਵਾਰ ਭਾਸ਼ਣਾਂ ਵਿੱਚ ਤਿੱਖੀ ਬੋਲਚਾਲ ਅਤੇ ਸਿਆਸੀ ਚੇਤਾਵਨੀਆਂ ਵੀ ਸੁਣਨ ਨੂੰ ਮਿਲੀਆਂ। ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਦੋਵਾਂ ਆਗੂਆਂ ਦੀਆਂ ਰੈਲੀਆਂ ਨੇ ਸਿਆਸੀ ਪਾਰਾ ਹੋਰ ਚੜ੍ਹਾ ਦਿੱਤਾ ਹੈ।