ਆਸਮਾਨ ’ਤੇ ਛਾਏ ਬੱਦਲ, ਅਗਲੇ ਦੋ ਦਿਨ ਮੀਂਹ ਤੇ ਹਨੇਰੀ ਦੀ ਸੰਭਾਵਨਾ
ਆਸਮਾਨ ’ਤੇ ਛਾਈ ਰਹੀ ਬੱਦਲਵਾਈ, ਅਗਲੇ ਦੋ ਦਿਨ ਮੀਂਹ ਦੀ ਸੰਭਾਵਨਾ, ਤੇਜ਼ ਝੱਖੜ ਚੱਲਣ ਦੇ ਆਸਾਰ
Publish Date: Tue, 28 Apr 2026 04:50 PM (IST)
Updated Date: Wed, 29 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਮੰਗਲਵਾਰ ਨੂੰ ਸਵੇਰ ਤੋਂ ਹੀ ਆਸਮਾਨ ’ਤੇ ਬੱਦਲਵਾਈ ਛਾਈ ਰਹੀ, ਜਿਸ ਕਾਰਨ ਤਾਪਮਾਨ ਵਿਚ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ। ਹਾਲਾਂਕਿ ਮੰਗਲਵਾਰ ਨੂੰ ਦਿਨ ਦਾ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ ਦਿਨਾਂ ਦੌਰਾਨ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ, ਜਦਕਿ ਕੁਝ ਥਾਵਾਂ ’ਤੇ ਤੇਜ਼ ਹਨੇਰੀ ਵੀ ਚੱਲ ਸਕਦੀ ਹੈ। ਸਵੇਰੇ ਤੋਂ ਹੀ ਆਸਮਾਨ ’ਚ ਬੱਦਲ ਛਾਏ ਰਹਿਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਪਿਛਲੇ ਕੁਝ ਦਿਨਾਂ ਤੋਂ ਵਧ ਰਹੇ ਤਾਪਮਾਨ ਅਤੇ ਤਿੱਖੀ ਧੁੱਪ ਕਾਰਨ ਲੋਕ ਪ੍ਰੇਸ਼ਾਨ ਸਨ, ਪਰ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਨਾਲ ਤਾਪਮਾਨ ਹੇਠਾਂ ਆਇਆ ਹੈ। ਮੌਸਮ ਮਾਹਿਰਾਂ ਨੇ ਕਿਹਾ ਕਿ ਪੱਛਮੀ ਵਿਗਾੜ ਸਰਗਰਮ ਹੋਣ ਕਾਰਨ ਪੰਜਾਬ ਦੇ ਕਈ ਹਿੱਸਿਆਂ ’ਚ ਮੌਸਮ ਬਦਲਿਆ ਹੈ। ਇਸ ਦੇ ਪ੍ਰਭਾਵ ਹੇਠ ਆਉਣ ਵਾਲੇ 48 ਘੰਟਿਆਂ ਵਿੱਚ ਬੱਦਲਵਾਈ ਜਾਰੀ ਰਹਿ ਸਕਦੀ ਹੈ ਤੇ ਕਈ ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ’ਚ ਤੇਜ਼ ਹਵਾਵਾਂ ਜਾਂ ਝੱਖੜ ਚੱਲਣ ਦੀ ਵੀ ਚਿਤਾਵਨੀ ਦਿੱਤੀ ਹੈ। ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਕਣਕ ਦੀ ਕਟਾਈ ਤੇ ਮੰਡੀਆਂ ਵਿੱਚ ਫਸਲ ਦੀ ਆਮਦ ਜਾਰੀ ਹੋਣ ਕਰਕੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੂੰ ਕਿਹਾ ਕਿ ਕੱਟੀ ਹੋਈ ਫਸਲ ਨੂੰ ਸੁਰੱਖਿਅਤ ਥਾਵਾਂ ’ਤੇ ਰੱਖਿਆ ਜਾਵੇ ਤੇ ਮੰਡੀਆਂ ਵਿੱਚ ਪਈ ਫਸਲ ਨੂੰ ਤਿਰਪਾਲ ਨਾਲ ਢੱਕਿਆ ਜਾਵੇ। ਮੌਸਮ ਵਿਭਾਗ ਅਨੁਸਾਰ 29 ਅਤੇ 30 ਅਪ੍ਰੈਲ ਨੂੰ ਜ਼ਿਲ੍ਹੇ ਅੰਦਰ ਚਾਰ ਮਿਲੀਮੀਟਰ ਮੀਂਹ ਪੈ ਸਕਦਾ ਹੈ। ਵਿਭਾਗ ਅਨੁਸਾਰ 3 ਮਈ ਤਕ ਵੱਧ ਤੋਂ ਵੱਧ ਤਾਪਮਾਨ 38 ਤੋਂ 41 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 23 ਤੋਂ 25 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। 6 ਤੋਂ 16 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ ਹਵਾ ਚੱਲ ਸਕਦੀ ਹੈ।