— ਸੈਸ਼ਨ ਸ਼ੁਰੂ ਹੋਣ ਦੇ ਬਾਵਜ਼ੂਦ ਅਜੇ ਤਕ ਸਕੂਲਾਂ ਵਿੱਚ ਨਹੀਂ ਪਹੁੰਚੀਆਂ ਪੂਰੀਆਂ ਕਿਤਾਬਾਂ

-ਕਈ ਵਿਸ਼ਿਆਂ ਦੀਆਂ ਕਿਤਾਬਾਂ ਨਾ ਮਿਲਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋ ਸਕਦੈ ਨੁਕਸਾਨ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੂਬਾ ਸਰਕਾਰ ਭਾਵੇਂ ਸਰਕਾਰੀ ਸਕੂਲਾਂ ਨੂੰ ਸੁਧਾਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਅਤੇ ਸਕੂਲਾਂ ਵਿਚ ਸਿੱਖਿਆ ਕ੍ਰਾਂਤੀ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਸਿੱਖਿਆ ਵਿਭਾਗ ਅਜੇ ਤਕ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੂਰੀਆਂ ਕਿਤਾਬਾਂ ਤਕ ਮੁਹੱਈਆ ਨਹੀਂ ਕਰਵਾ ਸਕਿਆ। ਇਕ ਅਪ੍ਰੈਲ ਤੋਂ ਸਰਕਾਰੀ ਸਕੂਲਾਂ ਵਿਚ ਜਮਾਤਾਂ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਇਕ ਹਫ਼ਤਾ ਬੀਤ ਚੁੱਕਿਆ ਹੈ, ਪਰ ਅਜੇ ਵੀ ਸਕੂਲਾਂ ਵਿੱਚ ਕੇਵਲ 90 ਫੀਸਦੀ ਕਿਤਾਬਾਂ ਹੀ ਪਹੁੰਚ ਸਕੀਆਂ ਹਨ। ਇਹ ਕਿਤਾਬਾਂ ਵੀ ਕੁਝ ਦਿਨ ਪਹਿਲਾਂ ਹੀ ਸਕੂਲਾਂ ਤਕ ਪਹੁੰਚੀਆਂ ਹਨ।
ਜਾਣਕਾਰੀ ਅਨੁਸਾਰ ਅੱਠਵੀਂ ਦੇ ਵਿਦਿਆਰਥੀਆਂ ਨੂੰ ਗਣਿਤ ਦੀ ਕਿਤਾਬ ਨਹੀਂ ਮਿਲੀ, ਜਦੋਂ ਕਿ ਬਾਰਵੀਂ ਤੇ ਨੌਵੀਂ ਜਮਾਤ ਦੇ ਵਿਦਿਆਰਥੀ ਅਜੇ ਕੰਪਿਊਟਰ ਦੀ ਕਿਤਾਬ ਤੋਂ ਵਾਂਝੇ ਹਨ। ਇਸ ਤਰ੍ਹਾਂ ਹੀ ਬਾਰਵੀਂ ਜਮਾਤ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਦੀ ਕਿਤਾਬ ਵੀ ਨਹੀਂ ਮਿਲੀ ਹੈ। ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦਾ ਨਿੱਜੀ ਸਕੂਲਾਂ ਨਾਲ ਮੁਕਾਬਲਾ ਕਰਨ ਦੀ ਗੱਲ ਆਖ ਰਹੀ ਹੈ, ਪਰ ਵਿਦਿਆਰਥੀਆਂ ਨੂੰ ਸਮੇਂ ‘ਤੇ ਕਿਤਾਬਾਂ ਨਾ ਦੇਣ ਕਾਰਨ ਉਨ੍ਹਾਂ ਦੀ ਪੜ੍ਹਾਈ ’ਤੇ ਅਸਰ ਪੈ ਰਿਹਾ ਹੈ, ਜਿੱਥੇ ਨਿੱਜੀ ਸਕੂਲਾਂ ਦੇ ਵਿਦਿਆਰਥੀ ਇਨ੍ਹਾਂ ਸੱਤ ਦਿਨਾਂ ਵਿੱਚ 15 ਫੀਸਦੀ ਤੋਂ ਵੱਧ ਸਿਲੇਬਸ ਪੂਰਾ ਕਰ ਚੁੱਕੇ ਹਨ, ਉੱਥੇ ਹੀ ਸਰਕਾਰੀ ਸਕੂਲਾਂ ਦੇ ਬੱਚੇ ਕਈ ਵਿਸ਼ਿਆਂ ਦੀ ਪੜਾਈ ਸ਼ੁਰੂ ਵੀ ਨਹੀਂ ਕਰ ਸਕੇ। ਜੇਕਰ ਜਲਦੀ ਕਿਤਾਬਾਂ ਨਾ ਮਿਲੀਆਂ ਤਾਂ ਵਿਦਿਆਰਥੀਆਂ ਨੂੰ ਮਜਬੂਰਨ ਨਿੱਜੀ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਖਰੀਦਣੀਆਂ ਪੈਣਗੀਆਂ, ਜਿਸ ਨਾਲ ਵਿਦਿਆਰਥੀਆਂ ਦੇ ਮਾਤਾ ਪਿਤਾ ਦੀ ਜੇਬ ’ਤੇ ਵਾਧੂ ਬੋਝ ਪਵੇਗਾ। ਹਾਲਾਕਿ ਨਿੱਜੀ ਦੁਕਾਨਾਂ ’ਤੇ ਇਹ ਕਿਤਾਬਾਂ ਉਪਲਬਧ ਹਨ। ਜਿਹੜੇ ਵਿਦਿਆਰਥੀ ਕਿਤਾਬਾਂ ਨਹੀਂ ਖਰੀਦ ਸਕਦੇ, ਉਹ ਘੱਟ ਕਿਤਾਬਾਂ ਨਾਲ ਹੀ ਪੜਾਈ ਕਰਨ ਲਈ ਮਜਬੂਰ ਹਨ। ਜੇਕਰ ਸਮੇਂ ‘ਤੇ ਕਿਤਾਬਾਂ ਨਹੀਂ ਪਹੁੰਚੀਆਂ ਤਾਂ ਬੱਚਿਆਂ ਦੀ ਪੜਾਈ ਹੋਰ ਪ੍ਰਭਾਵਿਤ ਹੋ ਸਕਦੀ ਹੈ ਤੇ ਜੇਕਰ ਗਰਮੀ ਦੀਆਂ ਛੁੱਟੀਆਂ ਤਕ ਕਿਤਾਬਾਂ ਮੁਹੱਈਆ ਨਾ ਹੋਈਆਂ ਤਾਂ ਵਿਦਿਆਰਥੀ ਬਿਨਾਂ ਕਿਤਾਬਾਂ ਦੇ ਪੜਨ ਲਈ ਮਜਬੂਰ ਹੋਣਗੇ। ਕਿਤਾਬਾਂ ਦੀ ਘਾਟ ਕਾਰਨ ਅਧਿਆਪਕਾਂ ਨੂੰ ਵੀ ਪੜਾਉਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਦਾ ਹੈ ਕਿ ਵੱਡੇ ਪੱਧਰ ’ਤੇ ਕਿਤਾਬਾਂ ਬੱਚਿਆਂ ਤਕ ਪਹੁੰਚਾਈਆਂ ਜਾ ਚੁੱਕੀਆਂ ਹਨ, ਪਰ ਸਾਰੇ ਵਿਦਿਆਰਥੀਆਂ ਤਕ ਪਹੁੰਚਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਤਾਬਾਂ ਸਕੂਲਾਂ ਤਕ ਭੇਜਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਅਤੇ ਜਿਵੇਂ-ਜਿਵੇਂ ਕਿਤਾਬਾਂ ਆ ਰਹੀਆਂ ਹਨ, ਉਨ੍ਹਾਂ ਨੂੰ ਬਲਾਕ ਪੱਧਰ ‘ਤੇ ਸਕੂਲਾਂ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਸਾਰੀਆਂ ਕਿਤਾਬਾਂ ਵਿਦਿਆਰਥੀਆਂ ਤਕ ਪਹੁੰਚਾ ਦਿੱਤੀਆਂ ਜਾਣਗੀਆਂ।
-ਬਾਕਸ-
ਇਨ੍ਹਾਂ ਕਲਾਸਾਂ ਦੀਆਂ ਇਹ ਕਿਤਾਬਾਂ ਅਜੇ ਨਹੀਂ ਪਹੁੰਚੀਆਂ:
ਅੱਠਵੀਂ : ਮੈਥ
ਨੌਵੀਂ : ਕੰਪਿਊਟਰ
ਬਾਰ੍ਹਵੀਂ : ਕੰਪਿਊਟਰ
ਬਾਰ੍ਹਵੀਂ : ਪੰਜਾਬੀ