ਗਰਮੀ ਤੋਂ ਬਚਾਉਣ ਲਈ ਚਿੜੀਆਘਰ ਦੇ ਜਾਨਵਰਾਂ ਨੂੰ ਹਰ ਰੋਜ਼ ਦਿੱਤਾ ਜਾ ਰਿਹਾ 1 ਕਿਲੋ ਗਲੂਕੋਨ-ਡੀ

-ਜਾਨਵਰਾਂ ਦੇ ਪਿੰਜਰਿਆਂ ’ਚ ਲਾਏ ਕੂਲਰ, ਦਿਨ ’ਚ ਕਈ ਵਾਰ ਕੀਤਾ ਜਾ ਰਿਹੈ ਪਾਣੀ ਦਾ ਛਿੜਕਾਅ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਤੇਜ਼ ਗਰਮੀ ਪੈ ਰਹੀ ਹੈ। ਦਿਨ ਦਾ ਤਾਪਮਾਨ 43 ਡਿਗਰੀ ਤਕ ਪਹੁੰਚ ਗਿਆ ਹੈ। ਗਰਮੀ ਦੇ ਪ੍ਰਕੋਪ ਵਿਚ ਨਾਲ ਮਨੁੱਖ ਹੀ ਨਹੀਂ ਸਗੋਂ ਪਸ਼ੂ ਤੇ ਪੰਛੀ ਵਿਚ ਪ੍ਰਭਾਵਿਤ ਹੋ ਰਹੇ ਹਨ। ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਵਿੱਚ ਸਥਿਤ ਮਿੰਨੀ ਚਿੜੀਆ ਘਰ ਕਮ ਡੀਅਰ ਸਫਾਰੀ ਵਿੱਚ ਜੰਗਲੀ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਚਿੜੀਆਘਰ ਵਿਚ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਤੇ ਪਸ਼ੂ ਪੰਛੀ ਰੱਖੇ ਗਏ ਹਨ। ਗਰਮੀ ਦੌਰਾਨ ਚਿੜੀਆਘਰ ਦੇ ਪ੍ਰਬੰਧਕਾਂ ਵੱਲੋਂ ਜਾਨਵਰਾਂ ਦਾ ਵਿਸ਼ੇਸ਼ ਇਲਾਜ ਕੀਤਾ ਜਾ ਰਿਹਾ ਹੈ। ਗਰਮੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਹਰ ਰੋਜ਼ 1 ਕਿਲੋ ਗਲੂਕੋਨ-ਡੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਛੀਆਂ ਅਤੇ ਜਾਨਵਰਾਂ ਦੇ ਪਿੰਜਰਿਆਂ ਵਿੱਚ ਕੂਲਰ ਲਗਾਏ ਗਏ ਹਨ ਅਤੇ ਦਿਨ ਵਿੱਚ ਕਈ ਵਾਰ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇੱਥੇ ਚੀਤੇ ਦੇ ਪਿੰਜਰੇ ਵਿੱਚ ਲਗਾਤਾਰ ਪਾਣੀ ਛਿੜਕਣ ਲਈ ਇਕ ਫੁਹਾਰਾ ਲਗਾਇਆ ਗਿਆ ਹੈ, ਅਤੇ ਉਨ੍ਹਾਂ ਦੇ ਪਿੰਜਰਿਆਂ ਵਿੱਚ ਕੂਲਰ ਲਗਾਏ ਗਏ ਹਨ। ਇਹ ਫੁਹਾਰਾ ਲਗਾਤਾਰ ਥੋੜਾ ਥੋੜਾ ਪਾਣੀ ਦੇ ਰਿਹਾ ਹੈ, ਜਿਸ ਕਾਰਨ ਚੀਤੇ ਨੂੰ ਗਰਮੀ ਮਹਿਸੂਸ ਲਹੀਂ ਹੁੰਦੀ।
ਇਸੇ ਤਰ੍ਹਾਂ ਮੋਰਾਂ ਕੋਲ ਵੀ ਕੂਲਰ ਲਗਾਇਆ ਗਿਆ ਹੈ। ਇਮੂਆਂ ਨੂੰ ਗਰਮੀ ਤੋਂ ਬਚਾਉਣ ਲਈ ਮਿੱਟੀ ਦੇ ਟੋਏ ਪੁੱਟ ਕੇ ਪਾਣੀ ਨਾਲ ਭਰੇ ਗਏ ਹਨ, ਅਤੇ ਦਿਨ ਵਿੱਚ ਕਈ ਵਾਰ ਪਾਣੀ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੋਰ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਪਾਣੀ ਦੇ ਛਿੜਕਾਅ ਦੇ ਪ੍ਰਬੰਧ ਕੀਤੇ ਗਏ ਹਨ। ਪੰਛੀਆਂ ਦੇ ਪਿੰਜਰਿਆਂ ਵਿਚ ਵੀ ਲਗਾਤਾਰ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ, ਜਿਸ ਨਾਲ ਅਜਿਹਾ ਲੱਗਦਾ ਹੈ ਜਿਵੇਂ ਮੀਂਹ ਪੈ ਰਿਹਾ ਹੋਵੇ। ਜਾਨਵਰਾਂ ਲਈ ਪਾਣੀ ਦੇ ਇਲਾਜ ਤੋਂ ਇਲਾਵਾ, ਡੀਹਾਈਡਰੇਸ਼ਨ ਨੂੰ ਰੋਕਣ ਲਈ ਤਰਬੂਜ, ਕੇਲੇ, ਖੀਰੇ, ਗਲੂਕੋਜ਼ ਅਤੇ ਪਾਣੀ ਨੂੰ ਉਨ੍ਹਾਂ ਦੀ ਖੁਰਾਕ ਵਿੱਚ ਸ਼ਾਮਲ ਕੀਤਾ ਗਿਆ ਹੈ। ਵਰਤਮਾਨ ਵਿੱਚ ਡੀਅਰ ਸਫਾਰੀ ਵਿੱਚ ਹਿਰਨ ਤੋਂ ਇਲਾਵਾ, ਇੰਮੂ, ਉੱਲੂ, ਬੱਜਰੀਗਰ, ਮੋਰ, ਬਾਂਦਰ, ਤੋਤੇ ਅਤੇ ਕਬੂਤਰ ਵਰਗੇ ਪੰਛੀ ਸ਼ਾਮਲ ਹਨ। ਇਕ ਵੱਖਰੀ ਡੀਅਰ ਸਫਾਰੀ ਬਣਾਈ ਗਈ ਹੈ, ਜਿਸ ਵਿੱਚ ਵੱਖ-ਵੱਖ ਨਸਲਾਂ ਦੇ ਹਿਰਨ ਰੱਖੇ ਗਏ ਹਨ। ਇਨ੍ਹਾਂ ਨੂੰ ਸਫਾਰੀ ਦੇ ਅੰਦਰ ਖੁੱਲ੍ਹਾ ਛੱਡਿਆ ਗਿਆ, ਜੇਕਰ ਕਿਸੇ ਨੇ ਡੀਅਰ ਸਫਾਰੀ ਦੇਖਣੀ ਹੈ ਤਾਂ ਇਸ ਲਈ ਵੱਖਰੀਆਂ ਟਿਕਟਾਂ ਦੀ ਲੋੜ ਹੁੰਦੀ ਹੈ। ਸੈਲਾਨੀਆਂ ਨੂੰ ਡੀਅਰ ਸਫਾਰੀ ਦਿਖਾਉਣ ਛੋਟੀ ਟ੍ਰੇਨ ਦੀ ਸਵਾਰੀ ਪ੍ਰਦਾਨ ਕੀਤੀ ਜਾਂਦੀ ਹੈ। ਹਰੇਕ ਜਾਨਵਰ ਦੀ ਖੁਰਾਕ ਵੀ ਅਲੱਗ ਅਲੱਗ ਹੈ, ਇਕੱਲੇ ਤੇਂਦੁਏ ਨੂੰ ਵਿਭਾਗ ਦੇ ਅਧਿਕਾਰੀ ਰੋਜ਼ਾਨਾਂ ਲਗਭਗ 20 ਕਿਲੋਗ੍ਰਾਮ ਮਾਸ ਦਿੰਦੇ ਹਨ। ਇਨ੍ਹਾਂ ਪ੍ਰਬੰਧਾਂ ਬਾਰੇ ਚਿੜੀਆਘਰ ਵਿਚ ਤੈਨਾਤ ਰੇਂਜ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਜੰਗਲੀ ਜਾਨਵਰਾਂ ਤੇ ਪਸ਼ੂ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਅਸੀਂ ਸਾਰੇ ਪਿੰਜਰਿਆਂ ਨੂੰ ਹਰੇ-ਨੈੱਟ ਸ਼ੈੱਡਾਂ ਨਾਲ ਢੱਕਿਆ ਹੈ ਅਤੇ ਬਾਂਸ ਦੀਆਂ ਛੱਤਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਮੁਲਾਜ਼ਮ ਚਿੜੀਆ ਘਰ ਵਿਚ ਰੋਜ਼ਾਨਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਲਗਾਤਾਰ ਪਾਣੀ ਛਿੜਕ ਕਰਦੇ ਹਨ। ਉਨ੍ਹਾਂ ਦੱਸਿਆ ਕਿ ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਜਾਨਵਰਾਂ, ਪਸ਼ੂ ਪੰਛੀਆਂ ਦੀ ਖੁਰਾਕ ਵਿਚ ਵੀ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੈ ਰਹੀ ਤੇਜ ਗਰਮੀ ਦੇ ਮੱਦੇਨਜ਼ਰ ਜਾਨਵਰਾਂ ਨੂੰ ਗਲੂਕੋਨ-ਡੀ ਵੀ ਦਿੱਤਾ ਜਾ ਰਿਹਾ ਹੈ।