ਸੰਗਤ ਤੋਂ ਗੁਰਥੜੀ ਲਿੰਕ ਸੜਕ ਬਣਾਉਣਾ ਭੁੱਲੀ ਸਰਕਾਰ, 2 ਸਾਲ ਪਹਿਲਾਂ ਸੜਕ ਲਈ ਪਾਇਆ ਸੀ ਮੋਟਾ ਪੱਥਰ

-ਦੋ ਸਾਲ ਪਹਿਲਾਂ ਸੜਕ ’ਤੇ ਪਾਏ ਪੱਥਰ ਰਾਹਗੀਰਾਂ ਲਈ ਮੁਸੀਬਤ ਬਣਨ ’ਤੇ ਕੀਤੀ ਨਾਅਰੇਬਾਜ਼ੀ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪਿੰਡ ਸੰਗਤ ਕਲਾਂ ਤੋਂ ਬਠਿੰਡਾ-ਡੱਬਵਾਲੀ ਮੁੱਖ ਮਾਰਗ ਨੂੰ ਜੋੜਨ ਵਾਲੀ ਗੁਰਥੜੀ ਦੀ ਸੰਪਰਕ ਸੜਕ ਪਿਛਲੇ ਕਰੀਬ ਦੋ ਸਾਲਾਂ ਤੋਂ ਅਧੂਰੀ ਪਈ ਹੋਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਸਰਕਾਰ ਅਤੇ ਸਬੰਧਤ ਵਿਭਾਗ ਖ਼ਿਲਾਫ਼ ਰੋਸ਼ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਸੰਗਤ ਕਲਾਂ ਵਾਸੀਆਂ ਵੱਲੋ ਮੌਜੂਦਾ ਸਰਕਾਰ ਤੇ ਸਬੰਧਤ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਨੇ ਐਲਾਨ ਕੀਤਾ ਕੇ ਇਕ ਹਫਤੇ ਦੇ ਅੰਦਰ-ਅੰਦਰ ਜੇਕਰ ਸੜਕ 'ਤੇ ਲੁੱਕ ਨਾ ਪਾਈ ਤਾਂ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਸੜਕ ਨੂੰ ਬਣਾਉਣ ਲਈ ਲਗਭਗ ਦੋ ਸਾਲ ਪਹਿਲਾਂ ਮੋਟਾ ਬੱਜਰ ਪਾ ਕੇ ਕੰਮ ਦੀ ਸ਼ੁਰੂਆਤ ਤਾਂ ਕਰ ਦਿੱਤੀ ਗਈ ਸੀ, ਪਰ ਕੁਝ ਹੀ ਸਮੇਂ ਬਾਅਦ ਕੰਮ ਅਧ ਵਿਚਕਾਰ ਛੱਡ ਦਿੱਤਾ ਗਿਆ, ਜਿਸ ਨਾਲ ਲੋਕਾਂ ਦੀਆਂ ਉਮੀਦਾਂ ਟੁੱਟ ਗਈਆਂ। ਇਹ ਸੜਕ ਇਲਾਕੇ ਦੇ ਕਈ ਪਿੰਡਾਂ ਨੂੰ ਸੰਗਤ ਮੰਡੀ ਅਤੇ ਮੁੱਖ ਸੜਕ ਨਾਲ ਜੋੜਦੀ ਹੈ, ਜਿਸ ਕਾਰਨ ਰੋਜ਼ਾਨਾ ਸੈਂਕੜਿਆਂ ਵਾਹਨਾਂ ਦੀ ਆਵਾਜਾਈ ਇਸ ਰਾਹੀਂ ਹੁੰਦੀ ਹੈ। ਪਰ ਸੜਕ ’ਤੇ ਪਿਆ ਮੋਟਾ ਬੱਜਰ ਹੁਣ ਰਾਹਗੀਰਾਂ ਲਈ ਸਹੂਲਤ ਦੀ ਬਜਾਏ ਵੱਡੀ ਮੁਸੀਬਤ ਬਣ ਚੁੱਕਾ ਹੈ। ਦੋ ਪਹੀਆ ਵਾਹਨਾਂ ਲਈ ਤਾਂ ਇਹ ਸੜਕ ਹੋਰ ਵੀ ਮੁਸਕਲਾਂ ਖੜੀਆਂ ਕਰ ਰਹੀ ਹੈ, ਕਿਉਂਕਿ ਮੋਟੇ ਤੇ ਤਿੱਖੇ ਬੱਜਰ ਕਾਰਨ ਟਾਇਰ ਫਟ ਰਹੇ ਹਨ। ਪਿੰਡ ਸੰਗਤ ਕਲਾਂ ਵਾਸੀ ਪੰਚ ਰੇਸ਼ਮ ਸਿੰਘ ਬਰਾੜ ਤੇ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੜਕ ਦੇ ਨਿਰਮਾਣ ਦੀ ਸ਼ੁਰੂਆਤ ਵੇਲੇ ਵਿਭਾਗ ਵੱਲੋਂ ਬੜੀ ਤੇਜ਼ੀ ਨਾਲ ਕੰਮ ਕੀਤਾ ਗਿਆ ਸੀ ਅਤੇ ਕੁੱਝ ਹੀ ਦਿਨਾਂ ਵਿੱਚ ਮੋਟਾ ਬੱਜਰ ਪਾ ਦਿੱਤੀ ਗਈ ਸੀ। ਉਸ ਸਮੇਂ ਪਿੰਡ ਵਾਸੀਆਂ ਨੂੰ ਪੂਰਾ ਯਕੀਨ ਸੀ ਕਿ ਜਲਦ ਹੀ ਪੱਕੀ ਸੜਕ ਤਿਆਰ ਹੋ ਜਾਵੇਗੀ, ਪਰ ਅਚਾਨਕ ਕੰਮ ਰੁਕ ਜਾਣ ਨਾਲ ਲੋਕਾਂ ਨੂੰ ਨਿਰਾਸ਼ਾ ਹੋਈ ਹੈ। ਉਨ੍ਹਾਂ ਕਿਹਾ ਕੇ ਇਸ ਸੜਕ ਤੇ ਸਕੂਲ ਤੇ ਕਾਲਜ ਵੀ ਪੈਂਦਾ ਹੈ, ਜਿੱਥੇ ਹਰ ਰੋਜ ਬੱਚਿਆਂ ਨੂੰ ਲੈ ਕੇ ਵੈਨਾਂ ਜਾਂਦੀਆਂ ਹਨ, ਜੇਕਰ ਉਨ੍ਹਾਂ ਨੂੰ ਹਾਦਸਾ ਪੇਸ਼ ਆਉਂਦਾ ਹੈ ਤਾਂ ਉਸ ਦਾ ਕੌਣ ਜਿੰਮੇਵਾਰ ਹੈ। ਉਨ੍ਹਾਂ ਦੱਸਿਆ ਕੇ ਜਦ ਮਾਪੇ ਆਪਣੇ ਮੋਟਰਸਾਈਕਲ ’ਤੇ ਖੁੱਦ ਬੱਚਿਆਂ ਨੂੰ ਸਕੂਲ ਛੱਡਣ ਤੇ ਛੁੱਟੀ ਤੋਂ ਬਾਅਦ ਲੈਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਅਤੇ ਲਿਖਤੀ ਤੇ ਮੌਖਿਕ ਅਪੀਲਾਂ ਵੀ ਕੀਤੀਆਂ ਗਈਆਂ, ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਨੇ ਇਸ ਮਾਮਲੇ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੜਕ ਕਿਸਾਨਾਂ ਲਈ ਬਹੁਤ ਅਹਿਮ ਹੈ, ਕਿਉਂਕਿ ਇਸ ਰਾਹੀਂ ਉਹ ਆਪਣੀ ਫ਼ਸਲ ਮੰਡੀ ਤਕ ਲੈ ਕੇ ਜਾਂਦੇ ਹਨ। ਖ਼ਰਾਬ ਸੜਕ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਉਲਟ ਹੈ। ਦੋ ਸਾਲਾਂ ਤੋਂ ਅਧੂਰੀ ਪਈ ਇਹ ਸੜਕ ਸਰਕਾਰੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰਦੀ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਸੜਕ ਦਾ ਕੰਮ ਤੁਰੰਤ ਸ਼ੁਰੂ ਕਰਕੇ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਇਕੱਠੇ ਹੋ ਕੇ ਸਰਕਾਰ ਵਿਰੁੱਧ ਸੰਘਰਸ਼ ਛੇੜਣ ਲਈ ਮਜਬੂਰ ਹੋਣਗੇ। ਇਸ ਮੌਕੇ ਪੰਚ ਰੇਸ਼ਮ ਸਿੰਘ ਬਰਾੜ, ਜਸਵੀਰ ਸਿੰਘ, ਕਾਲੂ ਸਿੰਘ ਤੇ ਰਾਜਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ।