ਸੰਗਤ 'ਚ ਗੈਸ ਸਪਲਾਈ ਸੰਕਟ ਖ਼ਿਲਾਫ਼ 4 ਮਈ ਨੂੰ ਧਰਨਾ,

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇੰਡੇਨ ਗੈਸ ਏਜੰਸੀ ਸੰਗਤ ਅੱਗੇ 4 ਮਈ ਨੂੰ ਵੱਡੇ ਪੱਧਰ 'ਤੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਲੰਮੇ ਸਮੇਂ ਤੋਂ ਚੱਲ ਰਹੀ ਗੈਸ ਸਿਲੰਡਰਾਂ ਦੀ ਕਮੀ ਅਤੇ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਸਬੰਧਤ ਪਿੰਡਾਂ ਅਤੇ ਮੰਡੀ ਵਾਸੀਆਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਪਹਿਲਾਂ ਗੈਸ ਏਜੰਸੀ ਵੱਲੋਂ ਮਾਲਕਾਂ ਤੇ ਸਟਾਫ ਦੇ ਬਦਲਾਅ, ਕੇਵਾਈਸੀ ਕਾਰਵਾਈ ਅਤੇ ਅੰਤਰਰਾਸ਼ਟਰੀ ਹਾਲਾਤ ਨੂੰ ਇਸ ਸਮੱਸਿਆ ਦੇ ਕਾਰਨ ਵਜੋਂ ਦੱਸਿਆ ਗਿਆ, ਪਰ ਹੁਣ ਜਦੋਂ ਸਰਕਾਰਾਂ ਵੱਲੋਂ ਸਪਲਾਈ ਨਿਰਵਿਘਨ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਤਦ ਵੀ ਲੋਕਾਂ ਨੂੰ ਗੈਸ ਨਹੀਂ ਮਿਲ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਗੈਸ ਏਜੰਸੀ ਦਾ ਮਾਲਕ ਜਾਣ-ਬੁੱਝ ਕੇ ਲੋਕਾਂ ਨੂੰ ਤੰਗ ਕਰ ਰਿਹਾ ਹੈ। ਹਰ ਰੋਜ਼ ਏਜੰਸੀ ਬਾਹਰ ਲੰਮੀਆਂ ਲਾਈਨਾਂ ਲਗਦੀਆਂ ਹਨ, ਪਰ ਬਹੁਤ ਸਾਰੇ ਲੋਕਾਂ ਨੂੰ ਬੁਕਿੰਗ ਨੰਬਰ ਵੀ ਨਹੀਂ ਮਿਲਦਾ। ਜਿਨ੍ਹਾਂ ਨੂੰ ਮਿਲ ਜਾਂਦਾ ਹੈ, ਉਨ੍ਹਾਂ ਦੇ ਸਿਲੰਡਰ ਹੋਰ ਲੋਕਾਂ ਨੂੰ ਦੇਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਲਾਈਨਾਂ ਵਿੱਚ ਖੜ੍ਹੇ ਲੋਕਾਂ ਲਈ ਨਾ ਛਾਂ ਦਾ ਪ੍ਰਬੰਧ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸੁਵਿਧਾ। ਸਵੇਰ ਤੋਂ ਸ਼ਾਮ ਤੱਕ ਇੰਤਜ਼ਾਰ ਕਰਨ ਦੇ ਬਾਵਜੂਦ ਕਈ ਲੋਕ ਖਾਲੀ ਹੱਥ ਵਾਪਸ ਘਰ ਜਾਣ ਲਈ ਮਜਬੂਰ ਹਨ। ਆਗੂਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਮੀਟਿੰਗਾਂ ਹੋਈਆਂ, ਜਿਨ੍ਹਾਂ ’ਚ ਮੰਗਾਂ ਮੰਨੀਆਂ ਗਈਆਂ ਸਨ, ਪਰ ਬਾਅਦ ਵਿੱਚ ਏਜੰਸੀ ਮਾਲਕ ਵੱਲੋਂ ਉਹਨਾਂ ਤੋਂ ਮੁਕਰ ਗਿਆ।
ਇਸ ਹਾਲਤ ਦੇ ਚਲਦਿਆਂ ਬਲਾਕ ਸੰਗਤ ਦੇ ਪਿੰਡਾਂ ਦੇ ਲੋਕਾਂ ਨਾਲ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ ਕਿ 4 ਮਈ ਨੂੰ ਗੈਸ ਏਜੰਸੀ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਰਾਇ ਅਨੁਸਾਰ ਅੱਗੇ ਦਾ ਤਿੱਖਾ ਸੰਘਰਸ਼ ਵੀ ਕੀਤਾ ਜਾਵੇਗਾ। ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਗੈਸ ਸਿਲੰਡਰਾਂ ਦੀ ਸਪਲਾਈ ਤੁਰੰਤ ਯਕੀਨੀ ਬਣਾਈ ਜਾਵੇ, ਗ਼ੈਰਵਾਜਬ ਸ਼ਰਤਾਂ ਨੂੰ ਖਤਮ ਕੀਤਾ ਜਾਵੇ, ਕਾਲਾਬਾਜ਼ਾਰੀ 'ਤੇ ਰੋਕ ਲੱਗੇ ਅਤੇ ਹਰ ਰੋਜ਼ ਗੈਸ ਸਟਾਕ ਬੋਰਡ ਲਗਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਰਾਮ ਸਿੰਘ ਕੋਟਗੁਰੂ, ਧਰਮਪਾਲ ਸਿੰਘ ਜੰਡੀਆਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਵਿੰਦਰ ਸਿੰਘ ਕੋਟਗੁਰੂ, ਗੁਰਮੀਤ ਸਿੰਘ ਕੋਟਗੁਰੂ ਨੇ ਲੋਕਾਂ ਨੂੰ ਧਰਨੇ ਵਿੱਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।