ਨਗਰ ਕੌਂਸਲ ਚੋਣਾਂ ਵਿੱਚ ਹੰਗਾਮਾ: ਬੂਥ ਕੈਪਚਰਿੰਗ ਅਤੇ ਜਾਅਲੀ ਵੋਟਿੰਗ ਦੇ ਦੋਸ਼ਾਂ ਕਾਰਨ ਗਰਮਾਇਆ ਮਾਹੌਲ

-ਬੂਥ ਕੈਪਚਰਿੰਗ ਤੇ ਜਾਅਲੀ ਵੋਟਿੰਗ ਦੇ ਦੋਸ਼ਾਂ ਕਾਰਨ ਭਖਿਆ ਮਾਹੌਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਾਂ ਮੰਡੀ : ਮੰਗਲਵਾਰ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਕਈ ਥਾਵਾਂ 'ਤੇ ਤਣਾਅਪੂਰਨ ਹਾਲਾਤ ਦੇਖੇ ਗਏ। ਬੂਥ ਕੈਪਚਰਿੰਗ ਅਤੇ ਜਾਅਲੀ ਵੋਟਿੰਗ ਦੇ ਦੋਸ਼ਾਂ ਨੂੰ ਲੈ ਕੇ ਰਾਮਾਂ ਮੰਡੀ ਅਤੇ ਮੌੜ ਮੰਡੀ ਦੇ ਪੋਲਿੰਗ ਸਟੇਸ਼ਨਾਂ 'ਤੇ ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿਚਕਾਰ ਗਰਮਾ-ਗਰਮੀ ਬਹਿਸਬਾਜੀ ਹੋੲਂ। ਜਿਵੇਂ-ਜਿਵੇਂ ਸਥਿਤੀ ਵਿਗੜਦੀ ਗਈ, ਉਵੇਂ ਉਵੇਂ ਪੁਲਿਸ ਨੇ ਦਖਲ ਦੇ ਕੇ ਮਾਹੌਲ ਨੂੰ ਸ਼ਾਂਤ ਕੀਤਾ। ਮੰਗਲਵਾਰ ਨੂੰ ਰਾਮਾਂ ਮੰਡੀ ਨਗਰ ਕੌਂਸਲ ਦੇ 13 ਵਾਰਡਾਂ ’ਚ ਵੋਟਿੰਗ ਸ਼ਾਂਤੀਪੂਰਵਕ ਸ਼ੁਰੂ ਹੋਈ। ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲਾਂ ਹੀ ਦੋ ਵਾਰਡਾਂ ਵਿੱਚ ਬਿਨਾਂ ਵਿਰੋਧ ਚੁਣੇ ਜਾ ਚੁੱਕੇ ਸਨ, ਦੁਪਹਿਰ ਤਕ ਵੋਟਿੰਗ ਆਮ ਵਾਂਗ ਰਹੀ, ਪਰ ਗਰਲਜ਼ ਹਾਈ ਸਕੂਲ ਸਥਿਤ ਪੋਲਿੰਗ ਸਟੇਸ਼ਨ 'ਤੇ ਅਚਾਨਕ ਮਾਹੌਲ ਤਣਾਅਪੂਰਨ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਪੋਲਿੰਗ ਸਟੇਸ਼ਨ ਵਿਚ ਦਾਖ਼ਲ ਹੋਏ ਅਤੇ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਵਿਰੋਧੀ ਉਮੀਦਵਾਰਾਂ ਦੀ ਚੌਕਸੀ ਕਾਰਨ ਕਥਿਤ ਬੂਥ-ਕਬਜ਼ੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਵਾਰਡ ਨੰਬਰ 15 ਤੋਂ ਅਕਾਲੀ ਦਲ ਦੀ ਉਮੀਦਵਾਰ ਇੰਦਰਜੀਤ ਕੌਰ ਨੇ ਦੋਸ਼ ਲਗਾਇਆ ਕਿ ਸਥਾਨਕ ਵਿਧਾਇਕ ਦੇ ਭਰਾ ਦੀ ਅਗਵਾਈ ਹੇਠ ਦਰਜਨਾਂ 'ਆਪ' ਸਮਰਥਕ ਪੋਲਿੰਗ ਸਟੇਸ਼ਨ ਵਿੱਚ ਦਾਖਲ ਹੋਏ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਅਤੇ ਕਾਂਗਰਸੀ ਉਮੀਦਵਾਰ ਨੇ ਪੋਲਿੰਗ ਸਟੇਸ਼ਨ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ, ਜਿਸ ਨਾਲ ਕਥਿਤ ਬੂਥ-ਕਬਜ਼ੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਵਾਰਡ ਨੰਬਰ 12 ਤੋਂ ਕਾਂਗਰਸੀ ਉਮੀਦਵਾਰ ਸੰਤੋਸ਼ ਬਿੰਦਲ ਦੇ ਪਤੀ ਅਤੇ ਇਕ ਸਾਬਕਾ ਕੌਂਸਲਰ ਮਨੋਜ ਨੇ ਦੋਸ਼ ਲਗਾਇਆ ਕਿ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕ ਬਾਹਰੀ ਲੋਕਾਂ ਨੂੰ ਲਿਆ ਕੇ ਵੋਟਿੰਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ 'ਆਪ' ਵਰਕਰਾਂ ਨੇ ਪੋਲਿੰਗ ਸਟੇਸ਼ਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮਿਲਣ 'ਤੇ ਬਠਿੰਡਾ ਦੇ ਐਸਪੀ ਜਸਮੀਤ ਸਿੰਘ ਸਾਹੀਵਾਲ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਪੋਲਿੰਗ ਸਟੇਸ਼ਨ ਦੇ ਅੰਦਰੋਂ ਬਾਹਰੀ ਲੋਕਾਂ ਨੂੰ ਹਟਾ ਦਿੱਤਾ। ਬਾਅਦ ਵਿੱਚ ਸਥਿਤੀ ਨੂੰ ਕਾਬੂ ਵਿੱਚ ਲਿਆਦਾ ਗਿਆ। ਵਿਰੋਧ ’ਚ ਕਾਂਗਰਸੀ ਵਰਕਰਾਂ ਨੇ ਪੋਲਿੰਗ ਸਟੇਸ਼ਨ ਦੇ ਬਾਹਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਮਰਹੂਮ ਨੇਤਾ ਖੁਸ਼ਬਾਜ਼ ਸਿੰਘ ਜਟਾਣਾ ਦੀ ਟੀਮ ਦੇ ਮੈਂਬਰ ਰਣਜੀਤ ਸੰਧੂ ਨੇ ਐਸਐਚਓ ਕੌਰ ਸਿੰਘ 'ਤੇ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। ਰਣਜੀਤ ਸੰਧੂ ਨੇ ਦੋਸ਼ ਲਗਾਇਆ ਕਿ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜ ਦਿੱਤੇ ਗਏ ਅਤੇ ਕਈ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ‘ਆਪ’ ਸੰਭਾਵਿਤ ਹਾਰ ਦੇ ਡਰੋਂ ਲੋਕਤੰਤਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।