ਲੜਾਈ-ਝਗੜੇ ਦੇ ਮਾਮਲਿਆਂ ’ਚ ਛੇ ਖ਼ਿਲਾਫ਼ ਪਰਚਾ
ਲੜਾਈ ਝਗੜੇ ਦੇ ਮਾਮਲਿਆਂ ਵਿੱਚ ਛੇ ਜਣਿਆਂ ’ਤੇ ਪਰਚਾ ਦਰਜ
Publish Date: Mon, 11 May 2026 04:22 PM (IST)
Updated Date: Tue, 12 May 2026 04:03 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਹੋਈਆਂ ਕੁੱਟਮਾਰ ਦੀਆਂ ਦੋ ਘਟਨਾਵਾਂ ਵਿੱਚ ਪੁਲਿਸ ਨੇ ਛੇ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਉਕਤ ਮਾਮਲਿਆਂ ਵਿੱਚ ਅੱਠ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਬਾਲਿਆਂਵਾਲੀ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਲੰਘੀ 9 ਮਈ ਨੂੰ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਭਗਵਾਨ ਸਿੰਘ, ਹਰਭਜਨ ਸਿੰਘ ਅਤੇ ਮੇਜਰ ਸਿੰਘ ਨੇ ਉਸ ਦੀ ਤੇ ਉਸ ਦੇ ਪਿਤਾ ਨਾਲ ਕੁੱਟਮਾਰ ਕੀਤੀ। ਪੀੜਤ ਅਨੁਸਾਰ ਉਕਤ ਵਿਅਕਤੀਆਂ ਨੇ ਜਮੀਨੀ ਝਗੜੇ ਦੀ ਰੰਜਿਸ਼ ਰੱਖਦਿਆਂ ਹੋਇਆਂ ਉਸਦੇ ਤੇ ਉਸ ਦੇ ਪਿਤਾ ਦੇ ਸੱਟਾਂ ਮਾਰੀਆਂ ਹਨ। ਥਾਣਾ ਬਾਲਿਆਂਵਾਲੀ ਦੇ ਸਹਾਇਕ ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਕ ਹੋਰ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਅਮਰਪੁਰਾ ਬਸਤੀ ਦੀ ਸ਼ਿਕਾਇਤ ’ਤੇ ਮੋਹਿਤ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਬਠਿੰਡਾ ਅਤੇ 8 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮੁਤਾਬਕ ਉਕਤ ਵਿਅਕਤੀਆਂ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਲੰਘੀ ਸੱਤ ਮਈ ਨੂੰ ਸਥਾਨਕ ਮੈਕਸ ਹਸਪਤਾਲ ਦੇ ਨੇੜੇ ਹਾਜੀ ਰਤਨ ਪਾਰਕ ਦੇ ਕੋਲ ਉਕਤ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ ਹਨ। ਥਾਣਾ ਕੋਤਵਾਲੀ ਦੇ ਹੌਲਦਾਰ ਗੁਰਮੀਤ ਸਿੰਘ ਅਨੁਸਾਰ ਸ਼ਿਕਾਇਤ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਉਕਤ ਵਿਅਕਤੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।