ਸੂਬੇ ’ਚ ਬਠਿੰਡਾ ਦਾ ਰੈਂਕ ਘਟਿਆ, ਵਿਦਿਆਰਥੀਆਂ ਦੀ ਗਿਣਤੀ ਵਧੀ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਬਠਿੰਡਾ ਜ਼ਿਲ੍ਹੇ ਨੇ ਸੂਬਾ ਪੱਧਰ ’ਤੇ 20ਵਾਂ ਰੈਂਕ ਹਾਸਲ ਕੀਤਾ ਹੈ। ਹਾਲਾਂਕਿ ਜ਼ਿਲ੍ਹੇ ਦੀ ਰੈਂਕਿੰਗ ਪਿਛਲੇ ਸਾਲਾਂ ਦੇ ਮੁਕਾਬਲੇ ਘਟਿਆ ਹੈ, ਪਰ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਸ ਵਾਰ ਖਾਸ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਜਿੱਥੇ ਕੇਵਲ ਛੇ ਵਿਦਿਆਰਥੀ ਹੀ ਮੈਰਿਟ ਸੂਚੀ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਏ ਸਨ, ਉੱਥੇ ਇਸ ਵਾਰ ਇਹ ਗਿਣਤੀ ਵੱਧ ਕੇ 13 ਹੋ ਗਈ ਹੈ। ਦਿਲਚਸਪ ਤੇ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਮੈਰਿਟ ਸੂਚੀ ’ਚ ਨਾਮ ਦਰਜ ਕਰਵਾਉਣ ਵਾਲੇ ਸਾਰੇ ਵਿਦਿਆਰਥੀ ਪੇਂਡੂ ਖੇਤਰਾਂ ਦੇ ਸਕੂਲਾਂ ਨਾਲ ਸਬੰਧਤ ਹਨ। ਸ਼ਹਿਰ ਦੇ ਕਿਸੇ ਵੀ ਸਕੂਲ ਦਾ ਇਕ ਵੀ ਵਿਦਿਆਰਥੀ ਮੈਰਿਟ ਲਿਸਟ ਵਿੱਚ ਆਪਣੀ ਥਾਂ ਨਹੀਂ ਬਣਾ ਸਕਿਆ। ਨਤੀਜੇ ਨੇ ਸ਼ਹਿਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਤੇ ਅਕਾਦਮਿਕ ਪ੍ਰਦਰਸ਼ਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਸ਼ਹਿਰੀ ਸਕੂਲਾਂ ’ਚ ਵਧੀਆ ਸਹੂਲਤਾਂ, ਕੋਚਿੰਗ ਤੇ ਸਿੱਖਿਆ ਦਾ ਮਾਹੌਲ ਹੁੰਦਾ ਹੈ, ਪਰ ਪੇਂਡੂ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮੈਰਿਟ ਸੂਚੀ ’ਚ ਨਾਮ ਦਰਜ ਕਰਵਾਉਣ ਵਾਲੇ 13 ਵਿਦਿਆਰਥੀਆਂ ਵਿੱਚੋਂ 11 ਕੁੜੀਆਂ ਹਨ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਪੇਂਡੂ ਖੇਤਰਾਂ ਦੀਆਂ ਧੀਆਂ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਰਹੀਆਂ ਹਨ। ਕੁੜੀਆਂ ਦੀ ਇਹ ਕਾਮਯਾਬੀ ਨਾ ਸਿਰਫ਼ ਮਾਪਿਆਂ ਲਈ ਮਾਣ ਦੀ ਗੱਲ ਹੈ, ਸਗੋਂ ਸਮਾਜ ਲਈ ਵੀ ਇਕ ਸਕਾਰਾਤਮਕ ਸੰਦੇਸ਼ ਹੈ ਕਿ ਹੁਣ ਪੇਂਡੂ ਇਲਾਕਿਆਂ ਵਿੱਚ ਵੀ ਧੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਲਈ ਪੂਰਾ ਉਤਸ਼ਾਹ ਮਿਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ “ਸਕੂਲ ਆਫ ਐਮੀਨੈਂਸ” ਨੂੰ ਲੈ ਕੇ ਕਾਫੀ ਪ੍ਰਚਾਰ ਕੀਤਾ ਸੀ ਤੇ ਇਨ੍ਹਾਂ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਨ ਦੇ ਦਾਅਵੇ ਕੀਤੇ ਸਨ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਨ੍ਹਾਂ ਸਕੂਲਾਂ ਵਿੱਚੋਂ ਸਿਰਫ਼ ਇਕ ਸਕੂਲ ਦਾ ਹੀ ਵਿਦਿਆਰਥੀ ਮੈਰਿਟ ਲਿਸਟ ’ਚ ਆਪਣਾ ਨਾਮ ਦਰਜ ਕਰਵਾ ਸਕਿਆ। ਹੁਣ ਇਹ ਸਵਾਲ ਉੱਠ ਰਹੇ ਹਨ ਕਿ ਜਿਨ੍ਹਾਂ ਸਕੂਲਾਂ ਨੂੰ ਸਰਕਾਰ ਵੱਲੋਂ ਮਾਡਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਨਤੀਜਾ ਉਮੀਦਾਂ ਅਨੁਸਾਰ ਕਿਉਂ ਨਹੀਂ ਆ ਰਿਹਾ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਅਧਿਆਪਕਾਂ ਦੀ ਰਹਿਨੁਮਾਈ ਕਾਰਨ ਇਹ ਨਤੀਜੇ ਸੰਭਵ ਹੋਏ ਹਨ। ਦੂਜੇ ਪਾਸੇ ਮਾਪਿਆਂ ਤੇ ਸਿੱਖਿਆ ਮਾਹਿਰਾਂ ਅਨੁਸਾਰ ਪੇਂਡੂ ਸਕੂਲਾਂ ਦੇ ਅਧਿਆਪਕਾਂ ਦੀ ਲਗਨ ਤੇ ਵਿਦਿਆਰਥੀਆਂ ਦੀ ਮਿਹਨਤ ਨੇ ਇਹ ਸਫਲਤਾ ਦਿਵਾਈ ਹੈ। ਕੁੱਲ ਮਿਲਾ ਕੇ ਬਠਿੰਡਾ ਜ਼ਿਲ੍ਹੇ ਲਈ ਇਹ ਨਤੀਜੇ ਮਿਲੇ-ਜੁਲੇ ਰਹੇ ਹਨ, ਜਿੱਥੇ ਇਕ ਪਾਸੇ ਮੈਰਿਟ ਵਿੱਚ ਵਾਧਾ ਖੁਸ਼ੀ ਦੀ ਗੱਲ ਹੈ, ਉੱਥੇ ਸ਼ਹਿਰੀ ਸਕੂਲਾਂ ਤੇ ਸਕੂਲ ਆਫ ਐਮੀਨੈਂਸ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
-ਬਾਕਸ-
-13 ਵਿਦਿਆਰਥੀਆਂ ’ਚੋਂ 7 ਵਿਦਿਆਰਥੀ ਹਨ ਸਰਕਾਰੀ ਸਕੂਲਾਂ ਦੇ
ਦਸਵੀਂ ਦੇ ਨਤੀਜਿਆਂ ’ਚ ਜ਼ਿਲ੍ਹੇ ਦੇ ਕੁੱਲ 13 ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਜਗ੍ਹਾ ਬਣਾਈ ਹੈ, ਜਿਨ੍ਹਾਂ ਵਿੱਚੋਂ 7 ਵਿਦਿਆਰਥੀ ਸਰਕਾਰੀ ਸਕੂਲਾਂ ਤੇ 6 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨਾਲ ਸਬੰਧਤ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਮੈਰਿਟ ਸੂਚੀ ’ਚ ਸਥਾਨ ਬਣਾਉਣਾ ਸਿੱਖਿਆ ਵਿਭਾਗ ਲਈ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਦਾ ਪ੍ਰਭਾਵ ਹੁਣ ਨਤੀਜਿਆਂ ’ਚ ਵੀ ਨਜ਼ਰ ਆਉਣ ਲੱਗਾ ਹੈ।