ਪੀਐਸਈਬੀ ਦਸਵੀਂ ਦਾ ਨਤੀਜਾ: ਮੈਰਿਟ ਸੂਚੀ ’ਚ ਬਠਿੰਡਾ ਦੀਆਂ ਧੀਆਂ ਦਾ ਦਬਦਬਾ, ਕੁੱਲ 13 ਵਿਦਿਆਰਥੀਆਂ ’ਚੋਂ 11 ਕੁੜੀਆਂ

-ਪੀਐੱਸਈਬੀ ਨਤੀਜਾ : ਜ਼ਿਲ੍ਹੇ ਦੇ ਪਹਿਲੇ ਤਿੰਨ ਥਾਵਾਂ ’ਤੇ ਕੁੜੀਆਂ ਦਾ ਕਬਜ਼ਾ, ਸ਼ਹਿਰ ਦੇ ਕਿਸੇ ਸਕੂਲ ਦਾ ਵਿਦਿਆਰਥੀ ਨਹੀਂ ਮੈਰਿਟ ’ਚ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਦੀ ਮੈਰਿਟ ਸੂਚੀ ਵਿੱਚ ਇਸ ਵਾਰ ਬਠਿੰਡਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਹੈ। ਜ਼ਿਲ੍ਹੇ ਦੇ ਕੁੱਲ 13 ਵਿਦਿਆਰਥੀਆਂ ਨੇ ਸੂਬਾ ਪੱਧਰੀ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕੀਤਾ, ਜਿਨ੍ਹਾਂ ’ਚ ਸਭ ਤੋਂ ਖਾਸ ਗੱਲ ਇਹ ਰਹੀ ਕਿ 11 ਵਿਦਿਆਰਥਣਾਂ ਸ਼ਾਮਲ ਹਨ। ਇੰਨਾ ਹੀ ਨਹੀਂ, ਜ਼ਿਲ੍ਹੇ ਵਿੱਚੋਂ ਪਹਿਲੇ ਤਿੰਨ ਸਥਾਨ ਵੀ ਕੁੜੀਆਂ ਨੇ ਹਾਸਲ ਕੀਤੇ ਹਨ। ਪੇਂਡੂ ਖੇਤਰਾਂ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਇਹ ਸਾਬਤ ਕਰ ਦਿੱਤਾ ਕਿ ਮਿਹਨਤ ਤੇ ਲਗਨ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਹਾਲਾਂਕਿ ਜ਼ਿਲ੍ਹੇ ਲਈ ਚਿੰਤਾ ਦੀ ਗੱਲ ਇਹ ਵੀ ਰਹੀ ਕਿ ਬਠਿੰਡਾ ਸ਼ਹਿਰ ਦੇ ਕਿਸੇ ਵੀ ਸਕੂਲ ਦਾ ਵਿਦਿਆਰਥੀ ਮੈਰਿਟ ਸੂਚੀ ’ਚ ਆਪਣੀ ਜਗ੍ਹਾ ਨਹੀਂ ਬਣਾ ਸਕਿਆ। ਜ਼ਿਲ੍ਹੇ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਸ੍ਰਿਸ਼ਟੀ ਨੇ ਕੀਤਾ। ਉਸ ਨੇ 636 ਅੰਕ ਹਾਸਲ ਕਰਕੇ ਪੰਜਾਬ ਮੈਰਿਟ ’ਚ 9ਵਾਂ ਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸ੍ਰਿਸ਼ਟੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਦੀ ਵਿਦਿਆਰਥਣ ਹੈ ਅਤੇ ਉਸ ਨੇ 97.85 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਤੋਂ ਬਾਅਦ ਰਵਨੀਤ ਕੌਰ ਨੇ 635 ਅੰਕ ਹਾਸਲ ਕਰਕੇ ਸੂਬਾ ਮੈਰਿਟ ਵਿੱਚ 10ਵਾਂ ਅਤੇ ਜ਼ਿਲ੍ਹੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਉਹ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਦੀ ਵਿਦਿਆਰਥਣ ਹੈ ਅਤੇ ਉਸ ਨੇ 97.69 ਫ਼ੀਸਦੀ ਅੰਕ ਹਾਸਲ ਕੀਤੇ। ਉੱਥੇ ਹੀ ਸਵਰੀਤ ਕੌਰ ਸਿੱਧੂ ਨੇ 632 ਅੰਕ ਹਾਸਲ ਕਰਕੇ ਪੰਜਾਬ ਮੈਰਿਟ ਵਿੱਚ 13ਵਾਂ ਅਤੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਉਹ ਸੈਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ ਦੀ ਵਿਦਿਆਰਥਣ ਹੈ ਤੇ ਉਸ ਨੇ 97.23 ਫੀਸਦੀ ਅੰਕ ਪ੍ਰਾਪਤ ਕੀਤੇ। ਸਰਕਾਰੀ ਕੰਨਿਆ ਸਕੂਲ ਕੋਠਾਗੁਰੂ ਦੀਆਂ ਦੇ ਦੋ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾਇਆ ਹੈ।
-ਬਾਕਸ-
-ਸ਼ਹਿਰ ਦੇ ਵਿਦਿਆਰਥੀ ਪੱਛੜੇ
ਇਸ ਵਾਰ ਦੀ ਮੈਰਿਟ ਸੂਚੀ ਵਿੱਚ ਇਕ ਹੋਰ ਖਾਸ ਗੱਲ ਇਹ ਰਹੀ ਕਿ ਪੇਂਡੂ ਖੇਤਰਾਂ ਦੇ ਸਕੂਲਾਂ ਨੇ ਸ਼ਹਿਰੀ ਸਕੂਲਾਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ। ਬਠਿੰਡਾ ਸ਼ਹਿਰ ਦੇ ਕਿਸੇ ਵੀ ਸਕੂਲ ਦਾ ਵਿਦਿਆਰਥੀ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਨਹੀਂ ਕਰ ਸਕਿਆ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਪੇਂਡੂ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਪੜ੍ਹਾਈ ਪ੍ਰਤੀ ਵਧਦਾ ਰੁਝਾਨ ਤੇ ਅਧਿਆਪਕਾਂ ਦੀ ਮਿਹਨਤ ਇਸ ਦੇ ਮੁੱਖ ਕਾਰਨ ਹਨ। ਜ਼ਿਲ੍ਹੇ ਦੀ ਮੈਰਿਟ ਸੂਚੀ ਵਿੱਚ ਲੜਕੀਆਂ ਦਾ ਦਬਦਬਾ ਵੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕੁੱਲ 13 ਵਿੱਚੋਂ 11 ਵਿਦਿਆਰਥਣਾਂ ਦਾ ਮੈਰਿਟ ਵਿੱਚ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਧੀਆਂ ਹੁਣ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਅੱਗੇ ਵੱਧ ਰਹੀਆਂ ਹਨ। ਮਾਪਿਆਂ ਤੇ ਅਧਿਆਪਕਾਂ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਨੂੰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਦੱਸਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਦਾ ਕਹਿਣਾ ਸੀ ਕਿ ਸਿੱਖਿਆ ਦੇ ਖੇਤਰ ਵਿਚ ਸਰਕਾਰੀ ਸਕੂਲ ਹੁਣ ਪ੍ਰਾਈਵੇਟ ਸਕੂਲਾਂ ਨਾਲੋ ਅੱਗੇ ਹਨ।
-ਬਾਕਸ-
-ਇਨ੍ਹਾਂ ਵਿਦਿਆਰਥੀਆਂ ਨੇ ਮੈਰਿਟ ’ਚ ਬਣਾਈ ਥਾਂ
ਵਿਦਿਆਰਥੀ ਮੈਰਿਟ ਅੰਕ ਫੀਸਦੀ ਸਕੂਲ
ਸ੍ਰਿਸ਼ਟੀ 9 636 97.85 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮੰਡੀ ਕਲਾਂ
ਰਵਨੀਤ ਕੌਰ 10 635 97.69 ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੋਗੇਵਾਲਾ
ਸਵਰੀਤ ਕੌਰ 13 632 97.23 ਸੈਕਰਡ ਹਾਰਟ ਕਾਨਵੈਂਟ ਸਕੂਲ, ਸੰਗਤ ਮੰਡੀ
ਕਾਜਲ ਅਰੋੜਾ 14 631 97.08 ਸਰਕਾਰੀ ਕੰਨਿਆ ਹਾਈ ਸਕੂਲ, ਕੋਠਾਗੁਰੂ
ਹਰਮਨਪ੍ਰੀਤ ਕੌਰ 15 630 96.92 ਸਰਕਾਰੀ ਕੰਨਿਆ ਹਾਈ ਸਕੂਲ, ਕੋਠਾਗੁਰੂ
ਨਵਨੀਤ ਕੌਰ 17 628 96.62 ਸਰਕਾਰੀ ਹਾਈ ਸਕੂਲ, ਖਿਆਲੀਵਾਲਾ
ਨਿਤਿਨ 17 628 96.62 ਸਕੂਲ ਆਫ ਐਮੀਨੈਂਸ, ਮੰਡੀ ਕਲਾਂ
ਸਿਮਰਨਪ੍ਰੀਤ ਕੌਰ 17 628 96.62 ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਸਾਬੋ
ਵਰਿੰਦਰ ਸ਼ਰਮਾ 18 627 96.46 ਸਰਕਾਰੀ ਹਾਈ ਸਕੂਲ, ਨੇਹੀਆਂਵਾਲਾ
ਪ੍ਰਣੀਤ ਕੌਰ 19 626 96.31 ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਜੋਗੇਵਾਲਾ
ਸੁਹਾਨਾ ਵਰਮਾ 19 626 96.31 ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਸਾਬੋ
ਸੁਖਮਨੀ ਕੌਰ 19 626 96.31 ਸਰਕਾਰੀ ਕੰਨਿਆ ਹਾਈ ਸਕੂਲ, ਭੁੱਚੋ ਮੰਡੀ
ਹਰਮਨਪ੍ਰੀਤ ਕੌਰ 21 624 96.00 ਸ਼ਹੀਦ ਜੋਰਾਵਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੋਧਪੁਰ ਪਾਖਰ।