ਪੀਆਰਟੀਸੀ ਕਰਮਚਾਰੀਆਂ ਦੀ ਹੜਤਾਲ ਤੀਸਰੇ ਦਿਨ ’

-ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਬੱਸਾਂ ਰਹੀਆਂ ਬੰਦ, 7.5 ਮਿਲੀਅਨ ਰੁਪਏ ਤੋਂ ਵੱਧ ਦਾ ਹੋਇਆ ਨੁਕਸਾਨ
ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ
ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਆਰਜ਼ੀ ਕਰਮਚਾਰੀਆਂ ਵੱਲੋਂ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦੇ ਟੈਂਡਰ ਰੱਦ ਕਰਨ ਲਈ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ ਤੀਸਰੇ ਦਿਨ ’ਚ ਦਾਖਲ ਹੋ ਗਈ ਹੈ। ਹੜਤਾਲ ਦਾ ਪ੍ਰਭਾਵ ਬਠਿੰਡਾ ਵਿਚ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ।ਪੀਆਰਟੀਸੀ ਵਿਭਾਗ ਨੂੰ ਤਿੰਨ ਦਿਨਾਂ ਤਕ 7.5 ਮਿਲੀਅਨ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਹੋ ਚੁੱਕਾ ਹੈ। ਸਰਕਾਰੀ ਬੱਸ ਸੇਵਾ, ਜੋ ਕਿ ਰੋਜ਼ਾਨਾ ਲਗਭਗ 3.5 ਮਿਲੀਅਨ ਰੁਪਏ ਕਮਾਉਂਦੀ ਹੈ। ਹੜਤਾਲ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਡਿਪੂ ਦੇ ਲਗਭਗ 80 ਫੀਸਦੀ ਕਰਮਚਾਰੀ ਕੱਚੇ ਹਨ ਅਤੇ ਬੱਸਾਂ ਚਲਾਉਣਾ ਉਨ੍ਹਾਂ ’ਤੇ ਨਿਰਭਰ ਕਰਦਾ ਹੈ। ਇਨ੍ਹਾਂ ਮੁਲਾਜ਼ਮਾਂ ਨੇ ਲਗਾਤਾਰ ਤੀਜੇ ਦਿਨ ਵੀ ਕਿਲੋਮੀਟਰ ਸਕੀਮ ਵਿਰੁੱਧ ਆਪਣਾ ਵਿਰੋਧ ਜਾਰੀ ਰੱਖਿਆ, ਜਿਸ ਨਾਲ ਬੱਸਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਬਠਿੰਡਾ ਡਿਪੂ ਤੋਂ ਰੋਜ਼ਾਨਾ ਚੱਲਣ ਵਾਲੀਆਂ ਲਗਭਗ 600 ਬੱਸਾਂ ਵਿੱਚੋਂ ਤੀਜੇ ਦਿਨ ਸਿਰਫ਼ 80 ਬੱਸਾਂ ਹੀ ਵੱਖ-ਵੱਖ ਰੂਟਾਂ ’ਤੇ ਚੱਲ ਸਕੀਆਂ। ਚੰਡੀਗੜ੍ਹ ਜਾਣ ਵਾਲੀਆਂ ਤਿੰਨ ਬੱਸਾਂ ਨੂੰ ਛੱਡ ਕੇ ਦਿੱਲੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਜਾਣ ਵਾਲੀਆਂ ਸਾਰੀਆਂ ਬੱਸਾਂ ਤੀਜੇ ਦਿਨ ਵੀ ਪੂਰੀ ਤਰ੍ਹਾਂ ਬੰਦ ਰਹੀਆਂ। ਇਸ ਨਾਲ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਇਆ।
ਇਸ ਦੇ ਬਾਵਜੂਦ ਪ੍ਰਾਈਵੇਟ ਆਪ੍ਰੇਟਰਾਂ ਦੀ ਮਨਮਾਨੀ ਵਧ ਗਈ। ਅੱਜ ਬੱਸਾਂ ਨਾ ਚੱਲਣ ਕਾਰਨ ਬੱਸ ਅੱਡੇ ’ਚ ਸਵੇਰ ਤੋਂ ਹੀ ਭੀੜ–ਭੜੱਕਾ ਰਿਹਾ। ਘੰਟਿਆਂ ਤਕ ਇੰਤਜ਼ਾਰ ਕਰਨ ਤੋਂ ਬਾਅਦ ਵੀ ਔਰਤਾਂ ਸਰਕਾਰੀ ਬੱਸਾਂ ’ਚ ਚੜ੍ਹਨ ਤੋਂ ਅਸਮਰੱਥ ਸਨ। ਸਰਕਾਰੀ ਬੱਸਾਂ ਦੇ ਨਾਂ ਚੱਲਣ ਕਾਰਨ ਪ੍ਰਾਈਵੇਟ ਬੱਸਾਂ ’ਚ ਬਹੁਤ ਜਿਆਦਾ ਭੀੜ ਸੀ। ਲੋਕ ਆਪਣੀ ਮੰਜ਼ਿਲ ’ਤੇ ਜਾਣ ਲਈ ਬੱਸ ਦੀਆਂ ਬਾਰੀਆਂ ’ਚ ਲਟਕਦੇ ਹੋਏ ਸ਼ਫਰ ਕਰਦੇ ਵੇਖੇ ਗਏੇ। ਇਸ ਦੌਰਾਨ ਬੱਸ ਸਟੈਂਡ ’ਤੇ ਬੈਠੀ ਗੁਰਮੇਲ ਕੌਰ ਨੇ ਕਿਹਾ ਕਿ ਉਹ ਬੁਢਲਾਡਾ ਜਾਣ ਲਈ ਬੱਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਹੈ ਪਰ ਕੋਈ ਸਰਕਾਰੀ ਬੱਸ ਨਹੀਂ ਆਈ। ਇਸ ਦੌਰਾਨ ਇਕ ਬਜ਼ੁਰਗ ਯਾਤਰੀ ਅਮਰੀਕ ਸਿੰਘ ਨੇ ਕਿਹਾ ਕਿ ਸਰਕਾਰੀ ਬੱਸਾਂ ਦੀ ਆਵਾਜਾਈ ਘੱਟ ਹੋਣ ਕਾਰਨ ਆਮ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਅਬੋਹਰ ਤੋਂ ਬਠਿੰਡਾ ਜਾਣ ਵਾਲੇ ਅਮਨ ਨੇ ਕਿਹਾ ਕਿ ਉਹ ਪਿਛਲੇ ਦੋ ਦਿਨਾਂ ਤੋਂ ਆਪਣੇ ਮੋਟਰਸਾਈਕਲ ’ਤੇ ਕੰਮ ’ਤੇ ਆ ਰਿਹਾ ਹੈ ਕਿਉਂਕਿ ਬੱਸਾਂ ਸਮੇਂ ਸਿਰ ਨਹੀਂ ਮਿਲਦੀਆਂ। ਹੜਤਾਲ ਦੇ ਤੀਜੇ ਦਿਨ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਸਖ਼ਤ ਵਿਰੋਧ ਪ੍ਰਦਰਸ਼ਨ ਕੀਤਾ। ਸ਼ੁੱਕਰਵਾਰ ਨੂੰ ਕੁੱਝ ਕਰਮਚਾਰੀ ਆਪਣੇ ਹੱਥਾਂ ’ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਸਨ। ਉਨ੍ਹਾਂ ਦੀ ਮੰਗ ਸੀ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਗ੍ਰਿਫ਼ਤਾਰ ਕੀਤੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ। ਦੇਰ ਸ਼ਾਮ ਸਾਥੀਆਂ ਦੇ ਰਿਹਾਅ ਹੋਣ ਤੋਂ ਬਾਅਦ ਹੀ ਉਹ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰੇ। ਪੀਆਰਟੀਸੀ ਯੂਨੀਅਨ ਦੇ ਆਗੂ ਅੰਗਰੇਜ਼ ਸਿੰਘ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਪੰਜ ਸਾਥੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਸ ਉਸ ਸਮੇਂ ਤਕ ਬੰਦ ਰਹਿਣਗੀਆਂ ਜਦੋਂ ਤਕ ਸਰਕਾਰ ਕਿਲੋਮੀਟਰ ਸਕੀਮ ਵਾਪਸ ਨਹੀਂ ਲੈਂਦੀ, ਨਵੀਆਂ ਬੱਸਾਂ ਨਹੀਂ ਖ਼ਰੀਦਦੀ ਅਤੇ ਗ੍ਰਿਫ਼ਤਾਰ ਮੁਲਾਜ਼ਮਾਂ ਨੂੰ ਰਿਹਾਅ ਨਹੀਂ ਕਰਦੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।