ਪ੍ਰੋ. ਰੂਬੀ ਨੇ ਬਠਿੰਡਾ ਦਿਹਾਤੀ ਹਲਕੇ ’ਚ ਵਧਾਈ ਸਰਗਰਮੀ,

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਾਬਕਾ ਵਿਧਾਇਕ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਇਕ ਵਾਰ ਫਿਰ ਆਪਣੇ ਪੁਰਾਣੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ’ਚ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਰੂਬੀ ਹੁਣ ਮਲੋਟ ਦੀ ਬਜਾਏ ਬਠਿੰਡਾ ਦਿਹਾਤੀ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਪੰਜਾਬ ਵਿਧਾਨ ਸਭਾ ਚੋਣਾਂ 2027 ਲੜਨ ਲਈ ਪੂਰੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਉਹ ਲਗਾਤਾਰ ਪਿੰਡਾਂ ਦੇ ਦੌਰੇ ਕਰ ਰਹੀ ਹੈ ਅਤੇ ਲੋਕਾਂ ਨਾਲ ਰਾਬਤਾ ਵਧਾ ਰਹੀ ਹੈ। ਉਨ੍ਹਾਂ ਦਾ ਬਠਿੰਡਾ ਦਿਹਾਤੀ ਹਲਕੇ ਨਾਲ ਪੁਰਾਣਾ ਅਤੇ ਮਜ਼ਬੂਤ ਸਿਆਸੀ ਨਾਤਾ ਰਿਹਾ ਹੈ। ਸਾਲ 2017 ਦੀ ਪੰਜਾਬ ਵਿਧਾਨ ਸਭਾ ਚੋਣ ਦੌਰਾਨ ਉਹ ‘ਆਪ’ ਦੀ ਟਿਕਟ ’ਤੇ ਇਸ ਹਲਕੇ ਤੋਂ ਮੈਦਾਨ ਵਿੱਚ ਉਤਰੀ ਸੀ। ਉਸ ਵੇਲੇ ਉਨ੍ਹਾਂ ਨੇ 51 ਹਜ਼ਾਰ 572 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਿਤ ਰਤਨ ਨੂੰ 40 ਹਜ਼ਾਰ 794 ਅਤੇ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੂੰ 28 ਹਜ਼ਾਰ 939 ਵੋਟਾਂ ਮਿਲੀਆਂ ਸਨ। ਰੂਬੀ ਦੀ ਜਿੱਤ ਨੂੰ ਉਸ ਸਮੇਂ ਬਠਿੰਡਾ ਦਿਹਾਤੀ ਹਲਕੇ ਦੀ ਵੱਡੀ ਸਿਆਸੀ ਤਬਦੀਲੀ ਵਜੋਂ ਦੇਖਿਆ ਗਿਆ ਸੀ।
ਵਿਧਾਇਕ ਬਣਨ ਤੋਂ ਬਾਅਦ ਰੂਬੀ ਨੇ ਆਮ ਆਦਮੀ ਪਾਰਟੀ ਵਿੱਚ ਕਾਫ਼ੀ ਸਰਗਰਮ ਭੂਮਿਕਾ ਨਿਭਾਈ, ਪਰ ਬਾਅਦ ਵਿਚ ਪਾਰਟੀ ਨਾਲ ਮਤਭੇਦਾਂ ਕਾਰਨ ਉਨ੍ਹਾਂ ਨੇ ਆਪਣਾ ਰਸਤਾ ਵੱਖ ਕਰ ਲਿਆ। 8 ਨਵੰਬਰ 2021 ਨੂੰ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ। ਉਸ ਵੇਲੇ ਕਾਂਗਰਸ ਨੇ ਇਸਨੂੰ ਮਾਲਵਾ ’ਚ ਇੱਕ ਵੱਡੀ ਸਿਆਸੀ ਸ਼ਮੂਲੀਅਤ ਵਜੋਂ ਪੇਸ਼ ਕੀਤਾ ਸੀ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਰੂਬੀ ਨੂੰ ਮਲੋਟ ਹਲਕੇ ਤੋਂ ਟਿਕਟ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਚੋਣ ਦੌਰਾਨ ਕਾਫ਼ੀ ਜ਼ੋਰ ਲਾਇਆ, ਪਰ ਉਹ ਜਿੱਤ ਹਾਸਲ ਨਹੀਂ ਕਰ ਸਕੇ। ਮਲੋਟ ਹਲਕੇ ਵਿਚ ਰੂਬੀ ਨੂੰ ਆਪ ਦੀ ਉਮੀਦਵਾਰ ਬਲਜੀਤ ਕੌਰ ਨੇ ਹਰਾ ਦਿੱਤਾ ਸੀ। ਚੋਣ ਹਾਰਨ ਤੋਂ ਬਾਅਦ ਵੀ ਰੂਬੀ ਲਗਾਤਾਰ ਸਿਆਸੀ ਤੌਰ ‘ਤੇ ਸਰਗਰਮ ਰਹੀ ਅਤੇ ਲੋਕਾਂ ਨਾਲ ਸੰਪਰਕ ਬਣਾਈ ਰੱਖਿਆ। ਹੁਣ ਇਕ ਵਾਰ ਫਿਰ ਉਹ ਆਪਣੇ ਪੁਰਾਣੇ ਬਠਿੰਡਾ ਦਿਹਾਤੀ ਹਲਕੇ ’ਚ ਸਰਗਰਮ ਹੋ ਗਈ ਹੈ। ਪਿਛਲੇ ਕੁਝ ਸਮੇਂ ਤੋਂ ਉਹ ਹਲਕੇ ਦੇ ਪਿੰਡਾਂ ਵਿੱਚ ਸਮਾਗਮਾਂ, ਧਾਰਮਿਕ ਪ੍ਰੋਗਰਾਮਾਂ ਅਤੇ ਸਮਾਜਿਕ ਇਕੱਠਾਂ ਵਿੱਚ ਸ਼ਿਰਕਤ ਕਰ ਰਹੀ ਹੈ। ਇਸ ਨਾਲ ਸਪੱਸ਼ਟ ਸੰਕੇਤ ਮਿਲ ਰਹੇ ਹਨ ਕਿ ਉਹ ਭਵਿੱਖੀ ਚੋਣਾਂ ’ਚ ਇਸੇ ਹਲਕੇ ਤੋਂ ਆਪਣੀ ਸਿਆਸੀ ਦਾਅਵੇਦਾਰੀ ਮਜ਼ਬੂਤ ਕਰ ਰਹੀ ਹੈ। ਸਿਆਸੀ ਮਾਹਿਰਾਂ ਅਨੁਸਾਰ ਬਠਿੰਡਾ ਦਿਹਾਤੀ ਹਲਕੇ ਵਿੱਚ ਰੂਬੀ ਦੀ ਪਹਿਲਾਂ ਤੋਂ ਵੱਡੀ ਪਛਾਣ ਅਤੇ ਪਕੜ ਹੈ, ਜਿਸਦਾ ਫਾਇਦਾ ਕਾਂਗਰਸ ਪਾਰਟੀ ਲੈਣਾ ਚਾਹੁੰਦੀ ਹੈ, ਇਸ ਲਈ ਕਾਂਗਰਸ ਸਾਲ 2027 ਵਿਚ ਉਸਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ। 2017 ਦੀ ਜਿੱਤ ਨੇ ਉਨ੍ਹਾਂ ਨੂੰ ਹਲਕੇ ’ਚ ਵੱਖਰੀ ਪਛਾਣ ਦਿੱਤੀ ਸੀ ਅਤੇ ਅੱਜ ਵੀ ਕਈ ਪਿੰਡਾਂ ਵਿੱਚ ਉਨ੍ਹਾਂ ਦਾ ਵਧੀਆ ਆਧਾਰ ਮੰਨਿਆ ਜਾਂਦਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵੀ ਮਾਲਵਾ ’ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਨਵੇਂ ਸਮੀਕਰਨ ਬਣਾਉਣ ਵਿੱਚ ਜੁਟੀ ਹੋਈ ਹੈ। ਅਜਿਹੇ ਵਿਚ ਰੂਬੀ ਦੀ ਬਠਿੰਡਾ ਦਿਹਾਤੀ ਵਿੱਚ ਵਧ ਰਹੀ ਸਰਗਰਮੀ ਨੇ ਸਥਾਨਕ ਕਾਂਗਰਸੀ ਆਗੂਆਂ ਅਤੇ ਹੋਰ ਸਿਆਸੀ ਧਿਰਾਂ ਵਿਚ ਚਰਚਾ ਛੇੜ ਦਿੱਤੀ ਹੈ। ਹਾਲ ਹੀ ਵਿਚ ਪ੍ਰੋ. ਰੂਬੀ ਨੂੰ ਪੰਜਾਬ ਕਾਂਗਰਸ ਦੇ ਐੱਸਸੀ ਡਿਪਾਰਟਮੈਂਟ ਦੀ ਸਟੇਟ ਐਡਵਾਈਜ਼ਰੀ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸਾਬਕਾ ਵਿਧਾਇਕ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਬਠਿੰਡਾ ਦਿਹਾਤੀ ਉਸਦਾ ਪੁਰਾਣਾ ਹਲਕਾ ਹੈ ਅਤੇ ਉਹ ਉਸ ਸਮੇਂ ਤੋਂ ਹੀ ਲੋਕਾਂ ਨਾਲ ਜੁੜੇ ਹੋਏ ਹਨ। ਲੋਕਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣਾ ਮੇਰਾ ਫਰਜ਼ ਹੈ। ਜਿੱਥੋਂ ਤਕ ਚੋਣ ਲੜਨ ਦੀ ਗੱਲ ਹੈ, ਇਹ ਫੈਸਲਾ ਕਾਂਗਰਸ ਪਾਰਟੀ ਨੇ ਕਰਨਾ ਹੈ ਤੇ ਹਾਂਈਕਮਾਂਡ ਜੋ ਹੁਕਮ ਕਰੇਗੀ ਉਸ ’ਤੇ ਫੁੱਲ ਚੜ੍ਹਾਏ ਜਾਣਗੇ।