ਪ੍ਰਸ਼ਾਸਨਿਕ ਨਾਕਾਮੀ: ਮਿੰਨੀ ਸਕੱਤਰੇਤ ਦੇ ਖੁੱਲ੍ਹੇ ਨਾਲੇ ਬਣੇ 'ਮੌਤ ਦੇ ਜਾਲ', ਚਾਰ ਸਾਲਾਂ ਤੋਂ ਸਿਰਫ਼ ਕਾਗਜ਼ੀ ਕਾਰਵਾਈ ਤਕ ਸੀਮਤ ਵਿਭਾਗ

-ਚਾਰ ਸਾਲ ਤੋਂ ਸਿਰਫ਼ ਕਾਗਜ਼ੀ ਕਾਰਵਾਈ ਤਕ ਸੀਮਤ ਵਿਭਾਗ, ਮਿੰਨੀ ਸਕੱਤਰੇਤ ’ਚੋਂ ਗਾਇਬ ਹੋਏ ਲੋਹੇ ਦੇ ਜਾਲ
15-16-17) ਮਿਨੀ ਸਕੱਤਰੇਤ ਬਠਿੰਡਾ ਵਿੱਚ ਖੁੱਲ੍ਹੇ ਪਏ ਨਾਲੇ ਜੋ ਕਿਸੇ ਵੀ ਸਮੇਂ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੇ ਹਨ।
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਜਿਸ ਇਮਾਰਤ ਤੋਂ ਪੂਰੇ ਜਿਲ੍ਹੇ ਦਾ ਪ੍ਰਸ਼ਾਸਨ ਚੱਲਦਾ ਹੈ, ਜਿੱਥੇ ਡੀਸੀ ਅਤੇ ਐਸਐਸਪੀ ਵਰਗੇ ਉੱਚ ਅਧਿਕਾਰੀ ਬੈਠਦੇ ਹਨ, ਉੱਥੇ ਹੀ ਆਮ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਬਠਿੰਡਾ ਦੇ ਮਿੰਨੀ ਸਕੱਤਰੇਤ ਕੰਪਲੈਕਸ ਵਿੱਚ ਨਾਲਿਆਂ ਉੱਪਰ ਲੱਗੇ ਲੋਹੇ ਦੇ ਭਾਰੀ ਜਾਲ ਪਿਛਲੇ ਕਈ ਸਾਲਾਂ ਤੋਂ ਗਾਇਬ ਹਨ, ਪਰ ਸਿਸਟਮ ਦੀ ਸੁਸਤੀ ਦਾ ਆਲਮ ਇਹ ਹੈ ਕਿ ਚਾਰ ਸਾਲਾਂ ਤੋਂ ਚੱਲ ਰਹੀ ਚਿੱਠੀ-ਪੱਤਰੀ ਦੇ ਬਾਵਜੂਦ ਅਜੇ ਤਕ ਇਹ ਨਾਲੇ ਢਕੇ ਨਹੀਂ ਗਏ। ਸਵਾਲ ਇਹ ਵੀ ਉਠਦਾ ਹੈ ਕਿ ਕੀ ਇਹ ਲੋਏ ਦੇ ਜਾਲ ਨਸ਼ੇੜੀਆਂ ਵੱਲੋਂ ਚੋਰੀ ਕਰ ਲਏ ਗਏ ਹਨ।
ਜਾਣਕਾਰੀ ਅਨੁਸਾਰ ਜਦੋਂ ਇਸ ਭਵਨ ਦਾ ਨਿਰਮਾਣ ਹੋਇਆ ਸੀ ਤਾਂ ਸੁਰੱਖਿਆ ਦੇ ਮੱਦੇਨਜ਼ਰ ਸੈਂਕੜੇ ਮਜ਼ਬੂਤ ਲੋਹੇ ਦੇ ਜਾਲ ਲਗਾਏ ਗਏ ਸਨ। ਪਰ ਪਿਛਲੇ 4-5 ਸਾਲਾਂ ਦੌਰਾਨ ਇਹ ਜਾਲ ਵੱਡੀ ਗਿਣਤੀ ਵਿੱਚ ਚੋਰੀ ਹੋ ਚੁੱਕੇ ਹਨ ਜਾਂ ਗਾਇਬ ਹਨ। ਅੱਜ ਸਥਿਤੀ ਇਹ ਹੈ ਕਿ ਸੁਵਿਧਾ ਕੇਂਦਰ, ਫਰਦ ਕੇਂਦਰ ਅਤੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਰਗੀਆਂ ਭੀੜ-ਭੜੱਕੇ ਵਾਲੀਆਂ ਥਾਵਾਂ ਦੇ ਨੇੜੇ ਦਰਜਨਾਂ ਨਾਲੇ ਨੰਗੇ ਪਏ ਹਨ। ਇਹ ਖੁੱਲ੍ਹੇ ਨਾਲੇ ਰੋਜ਼ਾਨਾ ਇੱਥੇ ਆਉਣ ਵਾਲੇ ਬਜ਼ੁਰਗਾਂ, ਬੱਚਿਆਂ ਤੇ ਮਹਿਲਾਵਾਂ ਲਈ ਕਿਸੇ ਵੀ ਵੇਲੇ ਘਾਤਕ ਸਾਬਤ ਹੋ ਸਕਦੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ’ਚ ਹੈ। ਆਰਟੀਆਈ ਰਾਹੀਂ ਮਿਲੇ ਦਸਤਾਵੇਜ਼ਾਂ ਮੁਤਾਬਕ ਮਾਰਚ 2022 ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਬੀਐਂਡਆਰ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਸੀ। ਇੰਨ੍ਹਾਂ ਹੀ ਨਹੀਂ, ਐਸਐਸਪੀ. ਨੂੰ ਵੀ ਜਾਲਾਂ ਦੀ ਚੋਰੀ ਰੋਕਣ ਲਈ ਚਿੱਠੀਆਂ ਭੇਜੀਆਂ ਗਈਆਂ ਸਨ। ਪਰ ਅਫ਼ਸੋਸ ਕਿ 2022 ਤੋਂ ਲੈ ਕੇ 2026 ਤਕ ਸਿਰਫ਼ ਅੰਦਾਜ਼ੇ ਹੀ ਬਣਾਏ ਜਾ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਵਿੱਚ ਕੋਈ ਬਦਲਾਅ ਨਹੀਂ ਆਇਆ।
ਸੁਰੱਖਿਆ ਦੇ ਦਾਅਵਿਆਂ ਵਾਲੇ ਇਸ ਕੰਪਲੈਕਸ ਵਿੱਚੋਂ ਭਾਰੀ ਲੋਹੇ ਦੇ ਜਾਲ ਕਿਵੇਂ ਗਾਇਬ ਹੋ ਗਏ, ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ। ਇਸ ਵੇਲੇ ਇਹ ਮਾਮਲਾ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਵਿਚਾਰ ਅਧੀਨ ਹੈ, ਜਿਸ ਦੀ ਅਗਲੀ ਸੁਣਵਾਈ 1 ਜੁਲਾਈ 2026 ਨੂੰ ਹੋਣੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਇਹ ਮੌਤ ਦੇ ਜਾਲ ਨਾ ਢਕੇ ਗਏ ਤਾਂ ਕਿਸੇ ਵੱਡੇ ਹਾਦਸੇ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਪ੍ਰਸ਼ਾਸਨ ਦੀ ਇਹ ਉਦਾਸੀਨਤਾ ਦੱਸਦੀ ਹੈ ਕਿ ਲੋਕ ਸੁਰੱਖਿਆ ਨਾਲੋਂ ਕਾਗਜ਼ੀ ਖਾਨਾਪੂਰਤੀ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ।