ਅਜੇ ਤਕ ਕਿਸੇ ਵੀ ਵਿੰਗ ਦਾ ਪ੍ਰਧਨ ਤਕ ਨਹੀਂ ਕੀਤਾ ਨਿਯੁਕਤ, ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚ ਨਿਰਾਸ਼ਾ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਸਿਆਸੀ ਪਾਰਟੀਆਂ ਨੇ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਸੱਤਾਧਾਰੀ ‘ਆਪ’ ਤੇ ਵਿਰੋਧੀ ਕਾਂਗਰਸ ਵੱਲੋਂ ਜਿੱਥੇ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਵਿੰਗਾਂ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਸ਼੍ਰੋਮਣੀ ਅਕਾਲੀ ਦਲ ਵੱਖ-ਵੱਖ ਵਿੰਗਾਂ ਦੀਆਂ ਨਿਯੁਕਤੀਆਂ ਕਰਨ ਦੇ ਮੁਕਾਬਲੇ ਆਪ ਤੇ ਕਾਂਗਰਸ ਤੋਂ ਪਿੱਛੇ ਰਹਿੰਦਾ ਨਜ਼ਰ ਆ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ‘ਆਪ’ ਨੇ ਪੰਜਾਬ ਦੀਆਂ 623 ਮਹਿਲਾਵਾਂ ਨੂੰ ਬਲਾਕ ਕੋਆਰਡੀਨੇਟਰ ਲਗਾਇਆ, ਜਦਕਿ ਸ਼੍ਰੋਮਣੀ ਅਕਾਲੀ ਦਲ ਹੇਠਲੇ ਪੱਧਰ ’ਤੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਲਗਾਉਣ ’ਚ ਪੱਛੜ ਚੁੱਕਾ ਹੈ। ਭਵਿੱਖ ਦੀਆਂ ਚੋਣਾਂ ਸਬੰਧੀ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਤਾ ਪ੍ਰਾਪਤੀ ਲਈ ਹਰ ਸਿਆਸੀ ਹੀਲਾ ਵਰਤ ਰਹੇ ਹਨ। ਇਨ੍ਹਾਂ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਲਈ ਭਾਜਪਾ, ਬਸਪਾ, ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵੀ ਸਿਆਸੀ ਗੋਟੀਆਂ ਫਿੱਟ ਕਰਕੇ ਸਿਆਸਤ ’ਚ ਵੱਡਾ ਸਿਆਸੀ ਕਰਿਸ਼ਮਾ ਕਰਨ ਦੀ ਤਾਕ ’ਚ ਹਨ।
ਉਕਤ ਸਿਆਸੀ ਪਾਰਟੀਆਂ ਨੇ ਵੀ ਆਪਣੇ ਵਰਕਰਾਂ ਨੂੰ ਸਰਗਰਮ ਕਰਨ ਅਹੁਦੇਦਾਰ ਵਜੋਂ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਤੇ ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਸ੍ਰੋਮਣੀ ਅਕਾਲੀ ਦਲ ਨੇ ਭਾਵੇਂ ਸੂਬਾ ਪੱਧਰ ‘ਤੇ ਕੁਝ ਅਹੁਦੇਦਾਰਾਂ ਦੀ ਨਿਯੁਕਤੀ ਕਰਕੇ ਆਪਣੀ ਮੌਜੂਦਗੀ ਦਰਸਾਉਣ ਦੀ ਕੋਸ਼ਿਸ਼ ਕੀਤੀ, ਪਰ ਵਰਕਰਾਂ ਦੀ ਪਿੰਡਾਂ ਵਿਚ ਵੱਡੀ ਫੌਜ ਹੋਣ ਦੇ ਬਾਵਜੂਦ ਜ਼ਿਲ੍ਹਾ, ਹਲਕਾ ਤੇ ਬੂਥ ਪੱਧਰ ‘ਤੇ ਸੰਗਠਨ ਹਾਲੇ ਵੀ ਕਮਜ਼ੋਰ ਹੈ। ਖ਼ਾਸ ਤੌਰ ’ਤੇ ਯੂਥ ਵਿੰਗ, ਮਹਿਲਾ ਵਿੰਗ, ਕਿਸਾਨ ਵਿੰਗ ਅਤੇ ਮਜ਼ਦੂਰ ਵਿੰਗਾਂ ਵਿਚ ਵੱਡੇ ਪੱਧਰ ’ਤੇ ਖਾਲੀਪਣ ਵੇਖਣ ਨੂੰ ਮਿਲ ਰਿਹਾ ਹੈ। ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨਾਲ ਜੁੜਨ ਲਈ ਐੱਨਆਰਆਈਜ਼ ਵਿੰਗ ਦੀਆਂ ਨਿਯੁਕਤੀਆਂ ਵੀ ਅਜੇ ਤਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਸਕੀਆਂ ਜਦਕਿ ਦੂਜੇ ਪਾਸੇ ‘ਆਪ’ ਵੱਲੋਂ ਲਗਾਤਾਰ ਵਰਕਰਾਂ ਨੂੰ ਅਹੁਦੇ ਦੇ ਕੇ ਵਰਕਰਾਂ ਵਿਚ ਜੋਸ਼ ਪੈਦਾ ਕੀਤਾ ਜਾ ਰਿਹਾ ਹੈ। ਕਾਂਗਰਸ ਵੀ ਇਸ ਮਾਮਲੇ ’ਚ ਪਿੱਛੇ ਨਹੀਂ ਹੈ ਤੇ ਵੱਖ-ਵੱਖ ਵਿੰਗਾਂ ਵਿਚ ਤਾਜ਼ਾ ਨਿਯੁਕਤੀਆਂ ਕਰਕੇ ਆਪਣੀ ਸੰਗਠਨਾਤਮਕ ਤਾਕਤ ਨੂੰ ਵਧਾ ਰਹੀ ਹੈ। ਇਹ ਦੋਵੇਂ ਪਾਰਟੀਆਂ ਜਿੱਥੇ ਚੋਣ ਮੈਦਾਨ ਵਿਚ ਮਜ਼ਬੂਤ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉੱਥੇ ਸ੍ਰੋਮਣੀ ਅਕਾਲੀ ਦਲ ਦੀ ਧੀਮੀ ਗਤੀ ਉਸਦੇ ਵਰਕਰਾਂ ਵਿਚ ਨਿਰਾਸ਼ਾ ਪੈਦਾ ਕਰ ਰਹੀ ਹੈ। ਪਾਰਟੀ ਦੇ ਅੰਦਰੂਨੀ ਹਲਕਿਆਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਕਈ ਸੀਨੀਅਰ ਤੇ ਨੌਜਵਾਨ ਆਗੂ ਲੰਮੇ ਸਮੇਂ ਤੋਂ ਜ਼ਿੰਮੇਵਾਰੀਆਂ ਦੀ ਉਡੀਕ ਕਰ ਰਹੇ ਹਨ। ਅਹੁਦਿਆਂ ਦੀ ਵੰਡ ਵਿਚ ਹੋ ਰਹੀ ਦੇਰੀ ਕਾਰਨ ਕੁਝ ਵਰਕਰ ਨਿਰਾਸ਼ ਹੋ ਰਹੇ ਹਨ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੋਣਾਂ ਤੋਂ ਪਹਿਲਾਂ ਜੇਕਰ ਪਾਰਟੀ ਆਪਣੇ ਸੰਗਠਨ ਨੂੰ ਹੇਠਲੇ ਪੱਧਰ ਤਕ ਮਜ਼ਬੂਤ ਨਹੀਂ ਕਰਦੀ ਤਾਂ ਇਸਦਾ ਨੁਕਸਾਨ ਸਿੱਧਾ ਵੋਟ ਬੈਂਕ ’ਤੇ ਪੈ ਸਕਦਾ ਹੈ। ਐੱਨਆਰਆਈ ਵਿੰਗ ਦੇ ਸੀਨੀਅਰ ਅਕਾਲੀ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਅਕਾਲੀ ਹਾਂ ਅਕਾਲੀ ਰਹਾਂਗੇ ਪਰ ਅਕਾਲੀ ਦਲ ਵੱਲੋਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ’ਚ ਦੇਰੀ ਅਕਾਲੀ ਦਲ ਲਈ ਸਿਆਸੀ ਖਤਰੇ ਦੇ ਸੰਕੇਤ ਹਨ। ‘ਆਪ’ ਵੱਲੋਂ ਇਕ ਬਲਾਕ ’ਚ ਇਕੋ ਵਿੰਗ ਦੇ 20-20 ਕੋਆਰਡੀਨੇਟਰ ਲਗਾਏ ਜਾਂਦੇ ਹਨ ਜਦਕਿ ਅਕਾਲੀ ਦਲ ਆਪਣੇ ਵਰਕਰਾਂ ਨੂੰ ਅਹੁਦੇ ਦੇਣ ਦੇ ਮਾਮਲੇ ਵਿਚ ਸੁਸਤ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਤੁਰੰਤ ਪ੍ਰਭਾਵ ਨਾਲ ਵੱਖ-ਵੱਖ ਵਿੰਗਾਂ ’ਚ ਹੇਠਲੇ ਪੱਧਰ ਤਕ ਨਿਯੁਕਤੀਆਂ ਕਰਕੇ ਵਰਕਰਾਂ ਨੂੰ ਸਰਗਰਮ ਕਰਨਾ ਚਾਹੀਦਾ ਹੈ। ਵਰਕਰ ਹੀ ਸਿਆਸੀ ਪਾਰਟੀ ਦੀ ਅਸਲੀ ਤਾਕਤ ਹੁੰਦੇ ਹਨ ਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਸਾਬਤ ਹੋ ਸਕਦਾ ਹੈ। ਜੇਕਰ ਸਮੇਂ ਸਿਰ ਖਾਮੀਆਂ ਦੂਰ ਕਰਕੇ ਵੱਖ-ਵੱਖ ਵਿੰਗਾਂ ਨੂੰ ਸਰਗਰਮ ਨਾ ਕੀਤਾ ਤਾਂ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਨੂੰ ਇਸਦਾ ਭਾਰੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।