ਬਿਜਲੀ ਕੱਟਾਂ ਤੋਂ ਪਰੇਸ਼ਾਨ ਖ਼ਪਤਕਾਰਾਂ ਨੇ ਐੱਸਡੀਓ ਨੂੰ ਦੱਸੀ ਸਮੱਸਿਆ
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਐਸਡੀਓ ਸੰਗਤ ਕੋਲ ਦੁਖੜੇ ਸੁਣਾਏ
Publish Date: Sun, 26 Apr 2026 05:53 PM (IST)
Updated Date: Mon, 27 Apr 2026 04:10 AM (IST)

-ਗਰਮੀ ਸ਼ੁਰੂ ਹੁੰਦੇ ਹੀ ਲੱਗਣ ਲੱਗੇ ਬਿਜਲੀ ਕੱਟਾਂ ਨਾਲ, 24 ਘੰਟੇ ਬਿਜਲੀ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੀ ਨਿਕਲੀ ਫੂਕ ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ ਪੰਜਾਬ ਅੰਦਰ ਲਗਾਤਾਰ ਵਧ ਰਹੇ ਤਾਪਮਾਨ ਨੇ ਬਿਜਲੀ ਵਿਭਾਗ ਨੂੰ ਮੁੜ੍ਹਕਾ ਲਿਆ ਕੇ ਰੱਖ ਦਿੱਤਾ ਹੈ। ਪਿੰਡਾਂ ਅਤੇ ਸ਼ਹਿਰਾਂ ’ਚ ਕਈ ਕਈ ਘੰਟੇ ਲੱਗਦੇ ਬਿਜਲੀ ਕੱਟਾਂ ਨੇ ਇਕ ਵਾਰ ਫਿਰ ਤੋਂ ਸੂਬੇ ’ਚ ਸਿਆਸਤ ਭਖਾ ਦਿੱਤੀ ਹੈ। ਇਸ ਸਮੇਂ ਗਰਮੀ ਕਾਰਨ ਬਿਜਲੀ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਵਾਸਤੇ ਵਿਭਾਗ ਵੀ ਬੇਬੱਸ ਹੋਇਆ ਨਜ਼ਰ ਆਉਂਦਾ ਲੱਗ ਰਿਹਾ ਹੈ। ਸੂਬੇ ਦੇ 90 ਫੀਸਦੀ ਲੋਕਾਂ ਨੂੰ ਮੁਫ਼ਤ ’ਚ 24 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਦੇ ਇਸ਼ਾਰੇ ’ਤੇ ਦਿਨ ਰਾਤ ਲਗਾਏ ਜਾ ਰਹੇ ਘੰਟਿਆਂ ਬੱਧੀ ਪਾਵਰ ਕੱਟਾਂ ਨੇ ਗਰਮੀ ਨਾਲ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਬਿਜਲੀ ਦੀ ਕਮੀਂ ਨੂੰ ਦੇਖਦਿਆਂ ਸਿਆਸੀ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸਰਕਾਰ ਵਿਰੁੱਧ ਆਪਣੇ ਤੰਜ਼ ਕਸਣੇ ਸ਼ੁਰੂ ਕਰ ਦਿੱਤੇ ਗਏ ਹਨ। ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਹਰਦੀਪ ਸਿੰਘ ਮੁਹਾਲਾਂ, ਭਾਰਤੀ ਜਨਤਾ ਪਾਰਟੀ ਬਠਿੰਡਾ ਦੇ ਉਪ ਪ੍ਰਧਾਨ ਮੁਨੀਸ਼ ਕੁਮਾਰ ਟਿੰਕੂ ਨੇ ਕਿਹਾ ਕਿ ਗਰਮੀ ਨਾਲ ਬੇਹਾਲ ਹੋਏ ਲੋਕਾਂ ਵੱਲੋਂ ਹਰ ਰੋਜ਼ ਬਿਜਲੀ ਗਰਿੱਡ ਘੇਰ ਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੋਈ ਹੈ, ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ। ਇਨ੍ਹਾਂ ਆਗੂਆਂ ਨੇ ਆਪ ਸਰਕਾਰ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਹੋਰਨਾਂ ਸੂਬਿਆਂ ਵਿਚ ਜਾਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਆਪ ਸਰਕਾਰ ਵੱਲੋਂ ਪੰਜਾਬ ਅੰਦਰ 90 ਫੀਸਦੀ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਸਹੂਲਤ ਦਿੱਤੀ ਜਾ ਰਹੀ ਹੈ। ਜਦੋਂ ਕਿ ਦੂਜੇ ਪਾਸੇ ਬਿਜਲੀ ਸਪਲਾਈ ਦੇ ਲੱਗਦੇ ਵੱਡੇ ਵੱਡੇ ਕੱਟਾ ਕਾਰਨ ਨਾਂ ਬਿਜਲੀ , ਨਾਂ ਬਿੱਲ, ਵਾਲੀ ਗੱਲ ਬਣ ਗਈ ਹੈ। ਜਿਸ ਨੂੰ ਲੈਕੇ ਲੋਕਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਇਸ ਸਮੱਸਿਆਂ ਨੂੰ ਹੱਲ ਨਾ ਕੀਤਾ ਤਾਂ ਲੋਕਾਂ ਵੱਲੋਂ ਸਰਕਾਰ ਵਿਰੁੱਧ ਵੱਡੀ ਲੋਕ ਲਹਿਰ ਖੜ੍ਹੀ ਕਰਕੇ ਸਖ਼ਤ ਵਿਰੋਧ ਕੀਤਾ ਜਾਵੇਗਾ। ਸੰਗਤ ਮੰਡੀ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਇਕੱਠੇ ਹੋਕੇ ਸਬੰਧਤ ਵਿਭਾਗ ਦੇ ਐਸਡੀਓ ਕੇਵਲ ਕ੍ਰਿਸ਼ਨ ਸੇਠੀ ਨੂੰ ਮਿਲਕੇ ਮੰਗ ਕੀਤੀ ਕਿ ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਗਰਮੀ ਤੋਂ ਰਾਹਤ ਦਿਵਾਉਣ ਲਈ ਅਣ ਐਲਾਨੇ ਪਾਵਰ ਕੱਟ ਬੰਦ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਦਿਨ ਅਤੇ ਰਾਤ ਦੇ ਸਮੇਂ ਬਿਜਲੀ ਦੇ ਪਾਵਰਕੱਟ ਲੱਗਣੇ ਬੰਦ ਨਾ ਕੀਤੇ ਗਏ ਤਾਂ ਉਹ ਕੋਈ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਬਾਰੇ ਪਾਵਰਕਾਮ ਦੇ ਐੱਸਡੀਓ ਕੇਵਲ ਕ੍ਰਿਸ਼ਨ ਸੇਠੀ ਨੇ ਦੱਸਿਆ ਕਣਕਾਂ ਦੀ ਵਾਢੀ ਕਾਰਨ ਅੱਗ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪਾਵਰ ਕੱਟ ਲਾਏ ਜਾ ਰਹੇ ਸਨ, ਜੋਂ ਹੁਣ ਨਹੀਂ ਲੱਗਣਗੇ ਪ੍ਰੰਤੂ ਰਾਤ ਸਮੇਂ ਉਪਰੋਂ ਲਗਦੇ ਕੱਟਾਂ ਬਾਰੇ ਉਹ ਉੱਚ ਅਧਿਕਾਰੀਆਂ ਨਾਲ ਤਾਲਮੇਲ ਬਣਾਕੇ ਰੋਕਣ ਲਈ ਅਪੀਲ ਕਰਨਗੇ।